ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਚ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਕਤਲ

ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਚ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਕਤਲ

ਕੈਨੇਡਾ ਵਿੱਚ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਤਾਜ਼ਾ ਸਨਸਨੀਖੇਜ਼ ਵਾਰਦਾਤ ਬ੍ਰਿਟਿਸ਼ ਕੋਲੰਬੀਆ ਦੇ ਬਰਨਬੀ ਇਲਾਕੇ ਵਿੱਚ ਵਾਪਰੀ ਹੈ, ਜਿੱਥੇ ਇਕ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਬਰਨਬੀ ਪੁਲਸ ਨੇ ਮ੍ਰਿਤਕ ਦੀ ਪਛਾਣ 28 ਸਾਲਾ ਦਿਲਰਾਜ ਸਿੰਘ ਗਿੱਲ ਵਜੋਂ ਕੀਤੀ ਹੈ, ਜੋ ਕਿ ਵੈਨਕੂਵਰ ਦਾ ਰਹਿਣ ਵਾਲਾ ਸੀ। ਪੁਲਸ ਮੁਤਾਬਕ ਇਹ ਵਾਰਦਾਤ ਕੋਈ ਹਾਦਸਾ ਨਹੀਂ, ਸਗੋਂ ਸੋਚੀ-ਸਮਝੀ ਸਾਜ਼ਿਸ਼ (Targeted Killing) ਹੈ।

ਬੀਸੀ ਗੈਂਗਵਾਰ ਨਾਲ ਸਬੰਧਤ ਹੈ ਮਾਮਲਾ
'ਇੰਟੀਗ੍ਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ' (IHIT) ਦੀ ਜਾਂਚ ਅਧਿਕਾਰੀ ਸਾਰਜੈਂਟ ਫਰੀਡਾ ਫੋਂਗ ਨੇ ਪੁਸ਼ਟੀ ਕੀਤੀ ਹੈ ਕਿ ਦਿਲਰਾਜ ਸਿੰਘ ਗਿੱਲ ਪੁਲਸ ਦੇ ਰਿਕਾਰਡ ਵਿੱਚ ਸੀ ਅਤੇ ਉਹ ਪਹਿਲਾਂ ਹੀ ਪੁਲਸ ਲਈ ਜਾਣਿਆ-ਪਛਾਣਿਆ ਚਿਹਰਾ ਸੀ। ਸ਼ੁਰੂਆਤੀ ਜਾਂਚ ਤੋਂ ਸੰਕੇਤ ਮਿਲੇ ਹਨ ਕਿ ਇਸ ਗੋਲੀਬਾਰੀ ਦਾ ਸਬੰਧ ਬ੍ਰਿਟਿਸ਼ ਕੋਲੰਬੀਆ (BC) ਵਿੱਚ ਚੱਲ ਰਹੇ ਭਿਆਨਕ ਗੈਂਗ ਸੰਘਰਸ਼ ਨਾਲ ਹੈ।

ਕਾਤਲਾਂ ਦੀ ਗੱਡੀ ਹੋਈ ਬਰਾਮਦ
ਪੁਲਸ ਨੇ ਇਸ ਗੱਲ ਦੀ ਵੀ ਪੁਸ਼ਟੀ ਕੀਤੀ ਹੈ ਕਿ ਵਾਰਦਾਤ ਤੋਂ ਕੁਝ ਦੇਰ ਬਾਅਦ 'ਬਕਸਟਨ ਸਟ੍ਰੀਟ' ਦੇ 5000 ਬਲਾਕ ਵਿੱਚ ਜੋ ਸੜੀ ਹੋਈ ਗੱਡੀ ਮਿਲੀ ਸੀ, ਉਸ ਦੀ ਵਰਤੋਂ ਇਸੇ ਕਤਲਕਾਂਡ ਵਿੱਚ ਕੀਤੀ ਗਈ ਸੀ। ਫੋਰੈਂਸਿਕ ਟੀਮਾਂ ਹੁਣ ਉਸ ਗੱਡੀ ਵਿੱਚੋਂ ਅਹਿਮ ਸਬੂਤ ਜੁਟਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ।

ਜਨਤਕ ਥਾਂ 'ਤੇ ਗੋਲੀਬਾਰੀ ਨਾਲ ਦਹਿਸ਼ਤ
ਸਾਰਜੈਂਟ ਫਰੀਡਾ ਫੋਂਗ ਨੇ ਕਿਹਾ, "ਜਨਤਕ ਥਾਂ 'ਤੇ ਇਸ ਤਰ੍ਹਾਂ ਦੀ ਗੋਲੀਬਾਰੀ ਹੋਣਾ ਬਹੁਤ ਹੀ ਚਿੰਤਾਜਨਕ ਹੈ। ਇਹ ਨਾ ਸਿਰਫ ਪੁਲਸ ਲਈ ਸਗੋਂ ਪੂਰੇ ਭਾਈਚਾਰੇ ਲਈ ਖ਼ਤਰਨਾਕ ਹੈ।" ਉਨ੍ਹਾਂ ਦੱਸਿਆ ਕਿ IHIT ਇਸ ਵੇਲੇ ਬਰਨਬੀ RCMP, ਫੋਰੈਂਸਿਕ ਵਿਭਾਗ ਅਤੇ ਕੋਰੋਨਰ ਸਰਵਿਸ ਨਾਲ ਮਿਲ ਕੇ ਕੰਮ ਕਰ ਰਹੀ ਹੈ ਤਾਂ ਜੋ ਕਾਤਲਾਂ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾ ਸਕੇ।