ਗੈਂਗਸਟਰ ਗੋਲਡੀ ਬਰਾੜ ਦਾ ਕਬੂਲਨਾਮਾ - "ਉਸ ਨੇ ਹੀ ਕਰਵਾਈ ਸੀ ਸਿੱਧੂ ਮੂਸੇਵਾਲਾ ਦੀ ਹੱਤਿਆ ,‘ਸਲਮਾਨ ਖ਼ਾਨ ਹੈ ਉਸ ਦਾ ਅਗਲਾ ਟਾਰਗੇਟ’ .

ਗੈਂਗਸਟਰ ਗੋਲਡੀ ਬਰਾੜ ਦਾ ਕਬੂਲਨਾਮਾ -

ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਮਲੇ ’ਚ ਵੱਡੀ ਖ਼ਬਰ ਸਾਹਮਣੇ ਆਈ ਹੈ। ਬਦਨਾਮ ਗੈਂਗਸਟਰ ਗੋਲਡੀ ਬਰਾੜ ਨੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ ਕਿ ਉਸ ਨੇ ਹੀ ਸਿੱਧੂ ਮੂਸੇਵਾਲਾ ਦੀ ਹੱਤਿਆ ਕਰਵਾਈ ਸੀ। ਇੰਨਾ ਹੀ ਨਹੀਂ, ਉਸ ਨੇ ਇਹ ਵੀ ਕਿਹਾ ਹੈ ਕਿ ਬਾਲੀਵੁੱਡ ਦੇ ਭਾਈਜਾਨ ਸਲਮਾਨ ਖ਼ਾਨ ਵੀ ਉਸ ਦੇ ਨਿਸ਼ਾਨੇ ’ਤੇ ਹੈ। ਮੌਕਾ ਮਿਲਿਆ ਤਾਂ ਜ਼ਰੂਰ ਮਾਰਾਂਗੇ। ਉਸ ਨੇ ਇਹ ਪ੍ਰਗਟਾਵਾ ਇਕ ਨਿਊਜ਼ ਚੈਨਲ ਨਾਲ ਗੱਲਬਾਤ ਦੌਰਾਨ ਕੀਤਾ। ਗੋਲਡੀ ਬਰਾੜ ਭਾਰਤ ਦਾ ਮੋਸਟ ਵਾਂਟੇਡ ਹੈ ਅਤੇ ਇੰਟਰਪੋਲ ਨੇ ਉਸ ਖ਼ਿਲਾਫ਼ ਨੋਟਿਸ ਵੀ ਜਾਰੀ ਕੀਤਾ ਹੈ। ਗੋਲਡੀ ਬਰਾੜ ਨੇ ਇੰਟਰਵਿਊ 'ਚ ਦੱਸਿਆ ਕਿ ਉਸ ਨੇ ਮੂਸੇਵਾਲਾ ਦਾ ਕਤਲ ਕਿਉਂ ਕਰਵਾਇਆ? ਬਰਾੜ ਨੇ ਕਿਹਾ ਕਿ ਮੂਸੇਵਾਲਾ ਵਿਗੜਿਆਂ ਹੋਇਆ ਸੀ। ਉਸ ਕੋਲ ਬਹੁਤ ਜ਼ਿਆਦਾ ਪੈਸਾ ਸੀ, ਇਸ ਲਈ ਉਸ ਨੂੰ ਹੰਕਾਰ ਹੋ ਗਿਆ ਸੀ। ਮੂਸੇਵਾਲਾ ਕੋਲ ਪੈਸੇ ਦੀ ਪਾਵਰ ਦੇ ਨਾਲ-ਨਾਲ ਸਿਆਸੀ ਪਾਵਰ ਵੀ ਬਹੁਤ ਸੀ। ਉਸ ਨੇ ਇਨ੍ਹਾਂ ਸਭ ਦੀ ਦੁਰਵਰਤੋਂ ਸ਼ੁਰੂ ਕਰ ਦਿੱਤੀ ਸੀ। ਇਹ ਬਹੁਤ ਸਾਰੇ ਕਾਰਨ ਸਨ ਮੂਸੇਵਾਲਾ ਨੂੰ ਮਾਰਨ ਦੇ। ਉਸ ਨੇ ਸਾਡਾ ਕੁਝ ਨਿੱਜੀ ਨੁਕਸਾਨ ਵੀ ਕੀਤਾ ਸੀ। ਕੁਝ ਅਜਿਹੀਆਂ ਗ਼ਲਤੀਆਂ ਕੀਤੀਆਂ ਸਨ, ਜੋ ਮੁਆਫ਼ ਕਰਨ ਯੋਗ ਨਹੀਂ ਸਨ। ਇਸੇ ਲਈ ਅਸੀਂ ਉਸ ਨੂੰ ਸਜ਼ਾ ਦਿੱਤੀ। ਗੋਲਡੀ ਬਰਾੜ ਨੇ ਅੱਗੇ ਕਿਹਾ ਕਿ ਸਰਕਾਰ ਇਨਸਾਫ ਨਹੀਂ ਕਰਦੀ। ਇੱਕ ਅਮੀਰ ਆਦਮੀ, ਜੋ ਹਰ ਮਹੀਨੇ ਕਰੋੜਾਂ ਰੁਪਏ ਕਮਾਉਂਦਾ ਹੋਵੇ, ਜਿਸ ਨਾਲ ਐੱਸ. ਐੱਸ. ਪੀ., ਡੀ. ਜੀ. ਪੀ. ਦਾ ਉਠਣਾ- ਬੈਠਣਾ ਹੋਵੇ, ਉਸ ਵਿਰੁੱਧ ਅਦਾਲਤਾਂ ਤੋਂ ਸਾਨੂੰ ਭਲਾ ਕੀ ਇਨਸਾਫ਼ ਮਿਲ ਸਕਦਾ ਸੀ? ਇਸ ਲਈ ਅਸੀਂ ਆਪ ਹੀ ਸਜ਼ਾ ਦੇ ਦਿੱਤੀ।

ਗੋਲਡੀ ਬਰਾੜ ਨੇ ਖਾਲਿਸਤਾਨ ਅਤੇ ਆਈ. ਐੱਸ. ਆਈ. ਬਾਰੇ ਵੀ ਗੱਲ ਕੀਤੀ। ਦਾਊਦ ਇਬਰਾਹਿਮ ਬਾਰੇ ਉਸ ਨੇ ਕਿਹਾ ਕਿ ਜੋ ਸਾਡੇ ਦੇਸ਼ ’ਚ ਬੰਬ ਧਮਾਕੇ ਕਰਦਾ ਹੈ, ਉਸ ਨਾਲ ਸਾਡੀ ਕੋਈ ਦੋਸਤੀ ਨਹੀਂ। ਬਰਾੜ ਨੇ ਦੱਸਿਆ ਕਿ ਪਾਕਿਸਤਾਨ 'ਚ ਰਹਿੰਦੇ ਅੱਤਵਾਦੀ ਹਰਵਿੰਦ ਸਿੰਘ ਰਿੰਦਾ ਨਾਲ ਉਸ ਦੀ ਗੱਲ ਹੁੰਦੀ ਰਹਿੰਦੀ ਸੀ। ਰਿੰਦਾ ਨੇ ਹੀ ਸਿੱਧੂ ਮੂਸੇਵਾਲਾ ਨਾਲ ਉਸ ਦਾ ਸਮਝੌਤਾ ਕਰਵਾਇਆ ਸੀ। ਗੋਲਡੀ ਨੇ ਇਹ ਵੀ ਕਿਹਾ ਕਿ ਉਹ ਨਸ਼ਿਆਂ ਦਾ ਕਾਰੋਬਾਰ ਨਹੀਂ ਕਰਦਾ। ਹਾਲਾਂਕਿ, ਉਸ ਨੇ ਪਾਕਿਸਤਾਨ ਤੋਂ ਹਥਿਆਰਾਂ ਦੀ ਸਮੱਗਲਿੰਗ ਤੋਂ ਇਨਕਾਰ ਨਹੀਂ ਕੀਤਾ।