ਪੁਲਿਸ ਨੇ ਚੱਲਦੇ ਵਿਆਹ ਸਮਾਗਮ ''ਚ ਚੁੱਕਿਆ ਕੁੜੀ ਦਾ ਧਰਮੀ ਪਿਓ:

ਪੁਲਿਸ ਨੇ ਚੱਲਦੇ ਵਿਆਹ ਸਮਾਗਮ ''ਚ ਚੁੱਕਿਆ ਕੁੜੀ ਦਾ ਧਰਮੀ ਪਿਓ:

ਫਰੀਦਕੋਟ ਦੇ ਪਿੰਡ ਸੰਧਵਾਂ ਵਿੱਚ ਉਸ ਵੇਲੇ ਹਾਈ ਵੋਲਟੇਜ਼ ਡਰਾਮਾ ਦੇਖਣ ਨੂੰ ਮਿਲਿਆ ਜਦੋਂ ਇੱਕ ਵਿਆਹ ਸਮਾਗਮ ਦੇ ਰੰਗ ਵਿੱਚ ਭੰਗ ਪੈ ਗਿਆ। ਪੁਲਿਸ ਵੱਲੋਂ ਆਨੰਦ ਕਾਰਜਾਂ ਦੇ ਦੌਰਾਨ ਲੜਕੀ ਦੇ ਧਰਮੀ ਪਿਤਾ ਨੂੰ ਜਬਰੀ ਚੁੱਕ ਕੇ ਆਪਣੀ ਗੱਡੀ ਵਿੱਚ ਲਿਜਾਇਆ ਗਿਆ। ਹਾਲਾਂਕਿ ਇਸ ਗ੍ਰਿਫ਼ਤਾਰੀ ਨਾਲ ਮੌਕੇ 'ਤੇ ਕਾਫੀ ਹੰਗਾਮਾ ਵੀ ਹੋਇਆ। ਪਰਿਵਾਰਕ ਮੈਬਰਾਂ ਅਤੇ ਪੁਲਿਸ 'ਚ ਧੱਕਾ ਮੁੱਕੀ ਵੀ ਹੋਈ ਅਤੇ ਗ੍ਰਿਫ਼ਤਾਰੀ ਦੇ ਵਿਰੋਧ 'ਚ ਇੱਕ ਵਿਅਕਤੀ ਪੁਲਿਸ ਦੀ ਗੱਡੀ ਅੱਗੇ ਲੇਟ ਗਿਆ ਜਿਸ ਨੂੰ ਜਬਰੀ ਘੜੀਸ ਕੇ ਪਾਸੇ ਕੀਤਾ ਗਿਆ ਤੇ ਪੁਲਿਸ ਆਰੋਪੀ ਨੂੰ ਲੈ ਕੇ ਨਿਕਲ ਗਈ। ਹੱਥੋਪਾਈ ਦੌਰਾਨ ਪੁਲਿਸ ਮੁਲਾਜ਼ਮ ਪਿਸਟਲ ਵੀ ਲਹਿਰਾਉਂਦਾ ਨਜ਼ਰ ਆਇਆ।

ਇਸ ਮੌਕੇ ਲੜਕੀ ਦੇ ਭਰਾ ਨੇ ਦੱਸਿਆ ਕਿ ਉਨ੍ਹਾਂ ਦੀ ਭੈਣ ਦਾ ਵਿਆਹ ਸੀ ਕਿ ਸਿਵਲ ਕੱਪੜਿਆਂ ਵਿਚ ਆਏ ਪੁਲਿਸ ਮੁਲਾਜ਼ਮਾਂ ਨੇ ਜਬਰੀ ਉਨ੍ਹਾਂ ਦੇ ਪਿਤਾ ਨੂੰ ਟ੍ਰਾਂਸਫਾਰਮਰ ਅਤੇ ਮੋਟਰਾਂ ਚੋਰੀ ਦੇ ਮਾਮਲੇ 'ਚ ਲੋੜੀਂਦਾ ਦੱਸ ਕੇ ਯੂਪੀ ਨੰਬਰ ਦੀ ਗੱਡੀ 'ਚ ਬਿਠਾ ਲਿਆ ਤੇ ਨਾਲ ਲੈ ਗਏ। ਉਨ੍ਹਾਂ ਕਿਹਾ ਕਿ ਭਾਵੇਂ ਕੇ ਪਹਿਲਾ ਉਨ੍ਹਾਂ ਦੇ ਪਿਤਾ ਦਾ ਨਾਮ ਚੋਰੀ ਮਾਮਲੇ 'ਚ ਆਇਆ ਸੀ ਪਰ ਹੁਣ ਉਨ੍ਹਾਂ ਨੇ ਸਾਰੇ ਮਾੜੇ ਕੰਮ ਛੱਡ ਦਿੱਤੇ ਸਨ ਪਰ ਪੁਲਿਸ ਧੱਕੇ ਨਾਲ ਉਨ੍ਹਾਂ ਨੂੰ ਹੋਰ ਮਾਮਲੇ 'ਚ ਫਸਾ ਰਹੀ ਹੈ।

ਇਸ ਮਾਮਲੇ 'ਚ ਥਾਣਾ ਗਿੱਦੜਬਾਹਾ ਦੇ ਥਾਣਾ ਮੁਖੀ ਪਰਵਿੰਦਰ ਸਿੰਘ ਨੇ ਕਿਹਾ ਕਿ ਗਰੀਬ ਸਿੰਘ ਉਰਫ ਰਾਜੂ ਨਾਮਕ ਵਿਅਕਤੀ ਦੇ ਖਿਲਾਫ ਥਾਣਾ ਗਿੱਦੜਬਾਹਾ 'ਚ ਟ੍ਰਾਂਸਫਾਰਮਰ ਅਤੇ ਮੋਟਰਾਂ ਚੋਰੀ ਦੇ ਮਾਮਲੇ 'ਚ  ਐਫਆਈਆਰ ਦਰਜ ਹੈ। ਇਨ੍ਹਾਂ ਦਾ ਇਕ ਗਿਰੋਹ ਹੈ। ਇਸ ਗਿਰੋਹ ਦੇ ਪੰਜ ਵਿਅਕਤੀ ਪਹਿਲਾ ਕਾਬੂ ਕਰ ਚੁੱਕੇ ਹਾਂ ਅਤੇ ਹੁਣ ਸੂਚਨਾ ਮਿਲੀ ਸੀ ਕੇ ਉਕਤ ਵਿਅਕਤੀ ਪਿੰਡ ਸੰਧਵਾਂ 'ਚ ਇੱਕ ਵਿਆਹ ਸਮਾਗਮ 'ਚ ਸ਼ਾਮਲ ਹੋਣ ਆਇਆ ਸੀ ਜਿੱਥੇ ਸਾਡੀ ਟੀਮ ਜਿਸ 'ਚ ਕੁਝ ਸਿਵਲ ਵਰਦੀ 'ਚ ਸਨ ਅਤੇ ਕੁਝ ਵਰਦੀ 'ਚ ਮੁਲਾਜ਼ਮ ਸਨ ਉਨ੍ਹਾਂ ਵੱਲੋਂ ਲੋੜੀਂਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਇਹ ਲੜਕੀ ਦਾ ਅਸਲ ਪਿਤਾ ਨਹੀਂ ਬਲਕਿ ਰਿਸ਼ਤੇਦਾਰ ਸੀ। ਉਨ੍ਹਾਂ ਕੁੱਟਮਾਰ ਦੇ ਇਲਜ਼ਾਮਾਂ ਨੂੰ ਨਕਾਰਦੇ ਕਿਹਾ ਕਿ ਸਾਡੇ ਵੱਲੋ ਕੋਈ ਕੁੱਟਮਾਰ ਨਹੀਂ ਕੀਤੀ ਗਈ ਸਗੋਂ ਉਸ ਦੇ ਪਰਿਵਾਰਕ ਮੈਬਰਾਂ ਵੱਲੋਂ ਹੱਥੋਪਾਈ ਕੀਤੀ ਗਈ। ਉਨ੍ਹਾਂ ਕਿਹਾ ਕਿ ਫਿਲਹਾਲ ਉਸ ਦੇ ਗ੍ਰਿਫਤਾਰੀ ਕੋਟਕਪੂਰਾ ਥਾਣਾ 'ਚ ਪਾਈ ਜਾ ਚੁੱਕੀ ਹੈ।