- Updated: March 15, 2025 09:03 AM
ਬੀਤੇ ਦਿਨੀਂ ਮੋਗਾ ਵਿਚ ਸ਼ਿਵ ਸੈਨਾ ਆਗੂ ਮੰਗਤ ਰਾਏ ਮੰਗਾ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਪੰਜਾਬ ਪੁਲਸ ਨੇ 24 ਘੰਟਿਆਂ ਦੇ ਅੰਦਰ ਹੀ ਮੰਗਤ ਰਾਏ ਦੇ ਕਾਤਲਾਂ ਦਾ ਐਨਕਾਊਂਟਰ ਕਰ ਦਿੱਤਾ ਹੈ। ਇਸ ਦੌਰਾਨ 3 ਮੁਲਜ਼ਮ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।

ਜਾਣਕਾਰੀ ਮੁਤਾਬਕ ਮੋਗਾ ਪੁਲਸ ਅਤੇ ਮਲੋਟ ਪੁਲਸ ਨੇ ਬੀਤੀ ਰਾਤ ਜੁਆਇੰਟ ਆਪਰੇਸ਼ਨ ਤਹਿਤ ਸ਼ਿਵ ਸੈਨਾ ਆਗੂ ਮੰਗਤ ਰਾਏ ਮੰਗਾ ਦਾ ਕਤਲ ਕਰਨ ਵਾਲੇ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰੀ ਦੇ ਲਈ ਘੇਰਾ ਪਾਇਆ ਸੀ। ਇਸ ਦੌਰਾਨ ਉਨ੍ਹਾਂ ਨੇ ਪੁਲਸ ਟੀਮ ਉੱਪਰ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਨ੍ਹਾਂ ਨੇ ਕੁੱਲ 5 ਫ਼ਾਇਰ ਕੀਤੇ, ਜਿਸ ਮਗਰੋਂ ਪੁਲਸ ਨੇ ਵੀ ਜਵਾਬੀ ਫ਼ਾਇਰਿੰਗ ਕੀਤੀ। ਇਸ ਦੌਰਾਨ 2 ਮੁਲਜ਼ਮਾਂ ਦੀ ਲੱਤ ਵਿਚ ਗੋਲ਼ੀ ਲੱਗੀ ਜਦਕਿ ਤੀਜਾ ਮੁਲਜ਼ਮ ਭੱਜਣ ਦੀ ਕੋਸ਼ਿਸ਼ ਵਿਚ ਜ਼ਖ਼ਮੀ ਹੋ ਗਿਆ। ਪੁਲਸ ਨੇ ਤਿੰਨਾ ਨੂੰ ਕਾਬੂ ਕਰ ਕੇ ਇਲਾਜ ਲਈ ਸਿਵਲ ਹਸਪਤਾਲ ਮਲੋਟ ਵਿਚ ਦਾਖ਼ਲ ਕਰਵਾ ਦਿੱਤਾ ਹੈ।
ਕਾਬੂ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਅਰੁਣ ਉਰਫ਼ ਦੀਪੂ ਪੁੱਤਰ ਗੁਰਪ੍ਰੀਤ ਸਿੰਘ, ਅਰੁਣ ਉਰਫ਼ ਸਿੰਘਾ ਪੁੱਤਰ ਬੱਬੂ ਸਿੰਘ ਅਤੇ ਰਾਜਵੀਰ ਪੁੱਤਰ ਅਸ਼ੋਕ ਕੁਮਾਰ ਵਜੋਂ ਹੋਈ ਹੈ। ਇਹ ਤਿੰਨੋ ਹੀ ਮੋਗਾ ਦੇ ਰਹਿਣ ਵਾਲੇ ਹਨ। ਦੱਸ ਦਈਏ ਕਿ ਇਨ੍ਹਾਂ ਵੱਲੋਂ ਸ਼ਿਵ ਸੈਨਾ ਆਗੂ ਦੇ ਕਤਲ ਤੋਂ ਪਹਿਲਾਂ ਇਕ ਸੈਲੂਨ ਮਾਲਕ ਦੇ ਵੀ ਗੋਲ਼ੀਆਂ ਮਾਰੀਆਂ ਗਈਆਂ ਸਨ। ਇਸ ਦੇ ਨਾਲ ਹੀ ਮੰਗਤ ਰਾਏ 'ਤੇ ਗੋਲ਼ੀਆਂ ਚਲਾਉਣ ਵੇਲੇ ਉਨ੍ਹਾਂ ਕੋਲੋਂ ਇਕ 11-12 ਸਾਲਾਂ ਦੇ ਮਾਸੂਮ ਬੱਚੇ ਦੀ ਵੀ ਗੋਲ਼ੀ ਲੱਗ ਗਈ ਸੀ, ਜਿਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਸੀ।