''ਸ਼ਿਆਮ ਰੰਗੀਲਾ ਨੇ ਪ੍ਰਧਾਨ ਮੰਤਰੀ ਮੋਦੀ ਖਿਲਾਫ਼ ਚੋਣ ਲੜਨ ਦਾ ਕੀਤਾ ਐਲਾਨ

''ਸ਼ਿਆਮ ਰੰਗੀਲਾ ਨੇ ਪ੍ਰਧਾਨ ਮੰਤਰੀ ਮੋਦੀ ਖਿਲਾਫ਼ ਚੋਣ ਲੜਨ ਦਾ ਕੀਤਾ ਐਲਾਨ

ਪ੍ਰਧਾਨ ਮੰਤਰੀ ਮੋਦੀ ਦੀ ਆਵਾਜ਼ ਦੀ ਹੂ-ਬ-ਹੂ ਨਕਲ ਕਰਨ ਵਾਲੇ ਸ਼ਿਆਮ ਰੰਗੀਲਾ ਨੇ ਵਾਰਾਣਸੀ ਲੋਕ ਸਭਾ ਹਲਕੇ ਤੋਂ ਹੀ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ। ਰੰਗੀਲਾ ਪੇਸ਼ੇ ਤੋਂ ਇੱਕ ਕਾਮੇਡੀਅਨ ਹਨ। ਇਸ ਐਲਾਨ ਪਿੱਛੋਂ ਸ਼ਿਆਮ ਰੰਗੀਲਾ ਅਚਾਨਕ ਚਰਚਾ ’ਚ ਆ ਗਏ ਹਨ। 
ਦੱਸ ਦੇਈਏ ਕਿ ਸ਼ਿਆਮ ਰੰਗੀਲਾ ਪ੍ਰਧਾਨ ਮੰਤਰੀ ਮੋਦੀ ਦੀ ਆਵਾਜ਼ ’ਚ ਬੋਲਣ ਲਈ ਕਾਫ਼ੀ ਮਸ਼ਹੂਰ ਹਨ ਅਤੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਜ਼ਬਰਦਸਤ ਫੈਨ ਫਾਲੋਇੰਗ ਹੈ।  ਉਨ੍ਹਾਂ ਦਾ ਜਨਮ 25 ਅਗਸਤ 1994 ਰਾਜਸਥਾਨ ਦੇ ਹਨੂੰਮਾਨਗੜ੍ਹ ਜ਼ਿਲ੍ਹੇ ਦੀ ਪੀਲੀਬੰਗਾ ਤਹਿਸੀਲ ਦੇ ਪਿੰਡ ਮਾਨਕਥੇਰੀ ਹੋਇਆ। ਉਨ੍ਹਾਂ ਦਾ ਅਸਲੀ ਨਾਂ ਸ਼ਿਆਮ ਸੁੰਦਰ ਹੈ। 

ਜ਼ਿਕਰਯੋਗ ਹੈ ਕਿ ਸ਼ਿਆਮ ਰੰਗੀਲਾ ਆਪਣੇ ਸਕੂਲ-ਕਾਲਜ ਦੇ ਦਿਨਾਂ ਤੋਂ ਹੀ ਕਾਮੇਡੀ ਕਰਦੇ ਸਨ ਅਤੇ ਲੋਕਾਂ ਦੀ ਨਕਲ ਕਰਨ ’ਚ ਉਨ੍ਹਾਂ ਨੂੰ ਮੁਹਾਰਤ ਹੈ। ਇਸ ਕਾਬਲੀਅਤ ਕਾਰਨ ਸ਼ਿਆਮ ਰੰਗੀਲਾ 'ਦ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ' ਟੀਵੀ ਸ਼ੋਅ ਤੱਕ ਪਹੁੰਚੇ ਅਤੇ ਇਸ ਸ਼ੋਅ ਰਾਹੀਂ ਉਹ ਦੇਸ਼ ਦੇ ਹਰ ਘਰ ’ਚ ਜਾਣੇ ਜਾਣ ਲੱਗੇ। ਟੀਵੀ ਤੋਂ ਬਾਅਦ ਸ਼ਿਆਮ ਰੰਗੀਲਾ ਨੇ ਸੋਸ਼ਲ ਮੀਡੀਆ ਰਾਹੀਂ ਕਾਮੇਡੀ ਅਤੇ ਮਿਮਿਕਰੀ ਜਾਰੀ ਰੱਖੀ।

ਗੱਲਬਾਤ ਕਰਦੇ ਹੋਏ ਸ਼ਿਆਮ ਰੰਗੀਲਾ ਨੇ ਕਿਹਾ ਕਿ ਜੋ ਸੂਰਤ ਅਤੇ ਇੰਦੌਰ ’ਚ ਹੋਇਆ ਉਹ ਵਾਰਾਣਸੀ ’ਚ ਨਹੀਂ ਹੋਣਾ ਚਾਹੀਦਾ, ਇਸ ਲਈ ਉਸ ਨੇ ਵਾਰਾਣਸੀ ਤੋਂ ਚੋਣ ਲੜਨ ਦਾ ਫੈਸਲਾ ਕੀਤਾ ਹੈ। ਜ਼ਿਕਰਯੋਗ ਹੈ ਕਿ ਸੂਰਤ ਲੋਕ ਸਭਾ ਸੀਟ ਲਈ ਕਾਂਗਰਸ ਸਮੇਤ ਕਈ ਹੋਰ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਹੋ ਗਈਆਂ ਸਨ। ਜਦਕਿ ਇੰਦੌਰ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਉਮੀਦਵਾਰਾਂ ਨੇ ਨਾਮਜ਼ਦਗੀ ਤੋਂ ਬਾਅਦ ਆਪਣੇ ਨਾਂ ਵਾਪਸ ਲੈ ਲਏ ਹਨ। ਇਸ ਤਰ੍ਹਾਂ ਭਾਜਪਾ ਉਮੀਦਵਾਰ ਲਈ ਦੋਵੇਂ ਸੀਟਾਂ ਜਿੱਤਣ ਦਾ ਰਸਤਾ ਸਾਫ਼ ਹੋ ਗਿਆ ਹੈ। ਸ਼ਿਆਮ ਰੰਗੀਲਾ ਦਾ ਕਹਿਣਾ ਹੈ ਕਿ ਵਾਰਾਣਸੀ ’ਚ ਅਜਿਹਾ ਨਹੀਂ ਹੋਣਾ ਚਾਹੀਦਾ।
 

ਦੱਸ ਦੇਈਏ ਕਿ ਸ਼ਿਆਮ ਰੰਗੀਲਾ ਖਾਸ ਕਰਕੇ ਪ੍ਰਧਾਨ ਮੰਤਰੀ ਮੋਦੀ ਦੀ ਨਕਲ ਕਰਕੇ ਬਹੁਤ ਮਸ਼ਹੂਰ ਹੋਏ। 2022 'ਚ ਸ਼ਿਆਮ ਰੰਗੀਲਾ ਆਮ ਆਦਮੀ ਪਾਰਟੀ (AAP) 'ਚ ਸ਼ਾਮਲ ਹੋਏ ਸਨ ਪਰ ਕੁਝ ਸਮੇਂ ਬਾਅਦ ਹੀ ਸ਼ਿਆਮ ਰੰਗੀਲਾ ਨੇ ਇਹ ਕਹਿ ਕੇ ਪਾਰਟੀ ਤੋਂ ਦੂਰੀ ਬਣਾ ਲਈ ਕਿ ਉਹ ਆਜ਼ਾਦ ਤੌਰ 'ਤੇ ਕੰਮ ਕਰਨਾ ਚਾਹੁੰਦੇ ਹਨ।

ਪ੍ਰਧਾਨ ਮੰਤਰੀ ਮੋਦੀ ਦੀ ਨਕਲ ਕਰਕੇ ਸ਼ਿਆਮ ਰੰਗੀਲਾ ਕਈ ਵਾਰ ਵਿਵਾਦਾਂ ’ਚ ਘਿਰ ਚੁੱਕੇ ਹਨ। ਸ਼ਿਆਮ ਰੰਗੀਲਾ ਨੇ ਸਾਲ 2021 ’ਚ ਇੱਕ ਪੈਟਰੋਲ ਪੰਪ 'ਤੇ ਪ੍ਰਧਾਨ ਮੰਤਰੀ ਮੋਦੀ ਦੀ ਨਕਲ ਕਰਨ ਅਤੇ ਜੈਪੁਰ ਦੇ ਝਲਾਨਾ ਦੇ ਜੰਗਲ ’ਚ ਪ੍ਰਧਾਨ ਦੀ ਮੋਦੀ ਦੀ ਨਕਲ ਦੀ ਵੀਡੀਓ ਬਣਾਈ ਸੀ।