- Updated: July 05, 2024 12:32 PM
ਮਾਝੇ ਦੇ ਜਰਨੈਲ ਸੁਖਜਿੰਦਰ ਸਿੰਘ ਰੰਧਾਵਾ ਮੈਂਬਰ ਪਾਰਲੀਮੈਂਟ ਲੋਕ ਸਭਾ ਹਲਕਾ ਗੁਰਦਾਸਪੁਰ ਨੇ ਵੋਟਰਾਂ ਨਾਲ ਕੀਤੇ ਵਾਅਦਿਆਂ ਅਨੁਸਾਰ ਆਪਣੇ ਲੋਕ ਸਭਾ ਹਲਕੇ ਦੇ ਕੰਮਾਂ ਦੀ ਪੈਰਵਾਈ ਚਾਲੂ ਕਰ ਦਿੱਤੀ ਹੈ। ਇਸ ਸਬੰਧੀ ਸੁਖਜਿੰਦਰ ਸਿੰਘ ਰੰਧਾਵਾ ਨੇ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨਾਲ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਦੋ ਅਹਿਮ ਮੁੱਦਿਆਂ ’ਤੇ ਮੁਲਾਕਾਤ ਕਰ ਕੇ ਬਟਾਲਾ ਸ਼ੂਗਰ ਮਿੱਲ ਵਾਲੇ ਹਾਈਵੇ ਤੇ ਫਲਾਈਓਵਰ ਬਣਾਉਣ ਅਤੇ ਹਲਕਾ ਡੇਰਾ ਬਾਬਾ ਨਾਨਕ ਵਿਖੇ ਸ਼ੱਕੀ ਨਾਲੇ ’ਤੇ ਬਣੇ ਪੁਲ ਦੇ ਸਪੈਨ ਵਿਚ ਵਾਧਾ ਕਰਨ ਦੀ ਮੰਗ ਕੀਤੀ ਤਾਂ ਕਿ ਬਰਸਾਤੀ ਮੌਸਮ ਦੌਰਾਨ ਪਾਣੀ ਨਿਰਵਿਘਨ ਲੰਘ ਸਕੇ ਤੇ ਸ਼ੱਕੀ ਨਾਲੇ ਦੇ ਨਾਲ ਲੱਗਦੇ ਪਿੰਡਾਂ ’ਚ ਪਾਣੀ ਭਰਨ ਤੋਂ ਬਚਾਇਆ ਜਾ ਸੱਕੇ।
ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਰੱਖੀਆਂ ਦੋ ਅਹਿਮ ਮੰਗਾਂ ’ਤੇ ਜਲਦ ਹੀ ਇਨ੍ਹਾਂ ਕਾਰਜਾਂ ਨੂੰ ਸ਼ੁਰੂ ਅਤੇ ਮੁਕੰਮਲ ਕਰਵਾਉਣ ਲਈ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ ਗਿਆ। ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਉਨ੍ਹਾਂ ਨੇ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਵਾਸੀਆਂ ਨਾਲ ਜੋ ਵੀ ਵਾਅਦੇ ਕੀਤੇ ਹਨ, ਉਨ੍ਹਾਂ ਨੂੰ ਇਕ-ਇਕ ਕਰ ਕੇ ਪੂਰਾ ਕੀਤਾ ਜਾਵੇਗਾ। ਇਸ ਮੌਕੇ ਕਿਸ਼ਨ ਚੰਦਰ ਮਹਾਜਨ ਵੀ ਮੌਜੂਦ ਸਨ।