ਮਹਾਤਮਾ ਗਾਂਧੀ ਦੀ ਮੂਰਤੀ ਅੱਗੇ ਲੋਕਤੰਤਰ ਨੂੰ ਬਚਾਉਣ ਲਈ ਸੁਸ਼ੀਲ ਰਿੰਕੂ ਨੇ ਸੰਸਦ ਭਵਨ ’ਚ ਕੀਤਾ ਪ੍ਰਦਰਸ਼ਨ

ਮਹਾਤਮਾ ਗਾਂਧੀ ਦੀ ਮੂਰਤੀ ਅੱਗੇ ਲੋਕਤੰਤਰ ਨੂੰ ਬਚਾਉਣ ਲਈ ਸੁਸ਼ੀਲ ਰਿੰਕੂ ਨੇ ਸੰਸਦ ਭਵਨ ’ਚ ਕੀਤਾ ਪ੍ਰਦਰਸ਼ਨ

ਆਮ ਆਦਮੀ ਪਾਰਟੀ ਦੇ ਮੁਅੱਤਲ ਕੀਤੇ ਗਏ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਦਾ ਸੰਸਦ ਭਵਨ ਕੰਪਲੈਕਸ ’ਚ ਧਰਨਾ ਬੁੱਧਵਾਰ ਵੀ ਜਾਰੀ ਰਿਹਾ। ਰਿੰਕੂ ਨੇ ਆਪਣੇ ਹੱਥਾਂ ’ਚ ਜੋ ਬੈਨਰ ਫੜੇ ਹੋਏ ਸਨ, ਉਨ੍ਹਾਂ ’ਤੇ ਲਿਖਿਆ ਸੀ ਕਿ ‘ਇੰਡੀਆ ਬੋਲਿਆ ਸਿੰਘਾਸਨ ਡੋਲਿਆ’। ਇਸ ਨਾਅਰੇ ਦਾ ਉਦੇਸ਼ ਕੇਂਦਰ ਸਰਕਾਰ ਨੂੰ ਦੱਸਣਾ ਸੀ ਕਿ ਸਾਰੀਆਂ ਵਿਰੋਧੀ ਪਾਰਟੀਆਂ ‘ਇੰਡੀਆ ਦੇ ਬੈਨਰ ਹੇਠ’ ਇਕ ਹੋ ਚੁੱਕੀਆਂ ਹਨ, ਜਿਸ ਨਾਲ ਕੇਂਦਰ ਸਰਕਾਰ ਦਾ ਸਿੰਘਾਸਨ ਡੋਲ ਰਿਹਾ ਹੈ ਅਤੇ ਕੇਂਦਰ ਸਰਕਾਰ ਨੇ ਵਿਰੋਧੀ ਸੰਸਦ ਮੈਂਬਰਾਂ ਖਿਲਾਫ ਤਾਨਾਸ਼ਾਹੀ ਰਵੱਈਆ ਸੰਸਦ ’ਚ ਅਪਨਾਇਆ ਹੋਇਆ ਹੈ। ‘ਆਪ’ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ, ਜਦੋਂ ਕੇਂਦਰ ਸਰਕਾਰ ਨੂੰ ਗੱਦੀ ਖੁਦ ਹੀ ਛੱਡ ਦੇਣੀ ਚਾਹੀਦੀ ਹੈ, ਨਹੀਂ ਤਾਂ ਦੇਸ਼ ਦੀ ਜਨਤਾ ਉਸ ਨੂੰ 2024 ’ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ’ਚ ਰੁਖਸਤ ਕਰ ਦੇਵੇਗੀ।

ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਬੁਖਲਾਹਟ ’ਚ ਆ ਚੁੱਕੀ ਹੈ ਅਤੇ ਹੁਣ ਉਹ ਸਭ ਤੋਂ ਵੱਧ ਤਿੱਖੇ ਵਾਰ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰਾਂ ’ਤੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਲੋਕਤੰਤਰ ਦਾ ਕਤਲੇਆਮ ਕਰ ਰਹੀ ਹੈ ਅਤੇ ਹੁਣ ਉਸ ਨੂੰ ਸੱਤਾ ’ਚ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਨੇ ਜੋ ਸੰਵਿਧਾਨ ਬਣਾਇਆ ਸੀ, ਉਸ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਅਤੇ ਦੇਸ਼ ’ਚ ਹੁਣ ਮੋਦੀ ਸਰਕਾਰ ਦੀ ਤਾਨਾਸ਼ਾਹੀ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਧਰਨਾ ਉਦੋਂ ਤੱਕ ਜਾਰੀ ਰਹੇਗਾ, ਜਦੋਂ ਤੱਕ ਉਹ ਸੰਸਦ ’ਚ ਦਿੱਲੀ ਬਿੱਲ ਅਤੇ ਮਣੀਪੁਰ ਦੇ ਮਸਲੇ ’ਤੇ ਬਹਿਸ ਕਰਵਾਉਣ ਲਈ ਤਿਆਰ ਨਹੀਂ ਹੁੰਦੀ ਹੈ।

ਉਨ੍ਹਾਂ ਕਿਹਾ ਕਿ ਸੰਸਦ ’ਚ ਸਮੁੱਚਾ ਵਿਰੋਧੀ ਦਲ ਮਣੀਪੁਰ ਦੇ ਮਸਲੇ ’ਤੇ ਪ੍ਰਧਾਨ ਮੰਤਰੀ ਨੂੰ ਜਵਾਬ ਦੇਣ ਲਈ ਕਹਿ ਰਿਹਾ ਹੈ ਪਰ ਉਹ ਇਸਦੇ ਲਈ ਅੱਗੇ ਨਹੀਂ ਆ ਰਹੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੇ ਨੌਜਵਾਨ ਵਰਗ ’ਚ ਵੀ ਮੋਦੀ ਸਰਕਾਰ ਪ੍ਰਤੀ ਭਾਰੀ ਨਿਰਾਸ਼ਾ ਅਤੇ ਨਾਰਾਜ਼ਗੀ ਪਾਈ ਜਾ ਰਹੀ ਹੈ ਕਿਉਂਕਿ ਉਸਨੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ, ਜਿਸ ’ਤੇ ਉਹ ਪੂਰੀ ਨਹੀਂ ਉੱਤਰ ਸਕੀ ਹੈ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ’ਚ ਨੌਜਵਾਨ ਵਰਗ ਵੀ ਇਸ ਦਾ ਜਵਾਬ ਦੇ ਦੇਵੇਗਾ। ਸਮੁੱਚਾ ਵਿਰੋਧੀ ਦਲ ਕੇਂਦਰ ਸਰਕਾਰ ਨਾਲ ਦੋ-ਦੋ ਹੱਥ ਕਰਨ ਲਈ ਤਿਆਰ ਬੈਠਾ ਹੈ।