ਨੇਪਾਲ ਦੀ ਅੰਤਰਿਮ ਪ੍ਰਧਾਨ ਮੰਤਰੀ ਸੁਸ਼ੀਲਾ ਕਾਰਕੀ ਬਣੀ 

ਨੇਪਾਲ ਦੀ ਅੰਤਰਿਮ ਪ੍ਰਧਾਨ ਮੰਤਰੀ ਸੁਸ਼ੀਲਾ ਕਾਰਕੀ ਬਣੀ 

ਹਿੰਸਕ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਕੇ ਪੀ ਸ਼ਰਮਾ ਓਲੀ ਸਰਕਾਰ ਦੇ ਡਿੱਗਣ ਤੋਂ ਬਾਅਦ ਨੇਪਾਲ ਵਿੱਚ ਰਾਜਨੀਤਿਕ ਅਨਿਸ਼ਚਿਤਤਾ ਨੂੰ ਖਤਮ ਕਰਦੇ ਹੋਏ, ਰਾਸ਼ਟਰਪਤੀ ਰਾਮ ਚੰਦਰ ਪੌਡੇਲ ਨੇ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਦੀ ਸਾਬਕਾ ਚੀਫ਼ ਜਸਟਿਸ ਸੁਸ਼ੀਲਾ ਕਾਰਕੀ ਨੂੰ ਅੰਤਰਿਮ ਪ੍ਰਧਾਨ ਮੰਤਰੀ ਨਿਯੁਕਤ ਕੀਤਾ, ਜਿਸ ਨਾਲ ਉਹ ਦੇਸ਼ ਦੀ ਅਗਵਾਈ ਕਰਨ ਵਾਲੀ ਪਹਿਲੀ ਔਰਤ ਬਣ ਗਈ।

ਸਾਬਕਾ ਚੀਫ ਜਸਟਿਸ ਅਤੇ ਹੁਣ ਨੇਪਾਲ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਸੁਸ਼ੀਲਾ ਕਾਰਕੀ ਬਾਰੇ ਇਕ ਹੈਰਾਨੀਜਨਕ ਪ੍ਰਗਟਾਵਾ ਹੋਇਆ ਹੈ। ਨੇਪਾਲ ਦੇ ਸਿਆਸੀ ਇਤਿਹਾਸ ਵਿਚ ਸਭ ਤੋਂ ਹੈਰਾਨ ਕਰਨ ਵਾਲੇ ਪ੍ਰਗਟਾਵੇ ਦੇ ਰੂਪ ਵਿਚ ਸਾਹਮਣੇ ਆਇਆ ਹੈ ਕਿ ਕਾਰਕੀ ਦਾ ਪਤੀ ਦੁਰਗਾ ਪ੍ਰਸਾਦ ਸੁਬੈਦੀ ਉਨ੍ਹਾਂ ਤਿੰਨ ਵਿਅਕਤੀਆਂ ’ਚੋਂ ਇਕ ਸੀ ਜਿਨ੍ਹਾਂ ਨੇ 1973 ਵਿਚ ਦੇਸ਼ ਦਾ ਪਹਿਲਾ ਜਹਾਜ਼ ਅਗਵਾ ਕੀਤਾ ਸੀ।

ਦੱਸਣਯੋਗ ਹੈ ਕਿ 10 ਜੂਨ 1973 ਨੂੰ ਬਾਲੀਵੁੱਡ ਅਦਾਕਾਰਾ ਮਾਲਾ ਸਿਨਹਾ ਸਮੇਤ 19 ਲੋਕਾਂ ਨੂੰ ਲੈ ਕੇ ਰਾਇਲ ਨੇਪਾਲ ਏਅਰਲਾਈਨਜ਼ ਦੇ ਇਕ ਮੁਸਾਫ਼ਰ  ਜਹਾਜ਼ ਨੂੰ ਅਗਵਾ ਕਰ ਲਿਆ ਗਿਆ ਸੀ।

ਉਸ ਸਮੇਂ ਨੇਪਾਲੀ ਕਾਂਗਰਸ ਦੇ ਨੌਜੁਆਨ ਨੇਤਾ ਸੁਬੇਦੀ ਨੇ ਬਸੰਤ ਭੱਟਾਰਾਏ ਅਤੇ ਨਾਗੇਂਦਰ ਪ੍ਰਸਾਦ ਧੁੰਗਲ ਦੇ ਨਾਲ ਮਿਲ ਕੇ ਪਾਇਲਟ ਨੂੰ ਕਾਠਮੰਡੂ ਜਾਣ ਵਾਲੇ ਜਹਾਜ਼ ਨੂੰ ਭਾਰਤ ਦੇ ਬਿਹਾਰ ਦੇ ਫੋਰਬਸਗੰਜ ਵਲ  ਮੋੜਨ ਲਈ ਮਜਬੂਰ ਕੀਤਾ ਸੀ।

ਨਿਸ਼ਾਨਾ ਮੁਸਾਫ਼ਰ ਨਹੀਂ ਬਲਕਿ ਨੇਪਾਲ ਰਾਸ਼ਟਰ ਬੈਂਕ ਵਲੋਂ ਜਹਾਜ਼ ਅੰਦਰ ਲੈ ਕੇ ਜਾੲੈ ਜਾ ਰਹੇ 30 ਲੱਖ ਰੁਪਏ ਦੀ ਨਕਦੀ ਸੀ। ਇਹ ਪੈਸਾ ਰਾਜਾ ਮਹਿੰਦਰ ਦੀ ਅਗਵਾਈ ਵਾਲੀ ਤਾਨਾਸ਼ਾਹੀ ਪੰਚਾਇਤ ਪ੍ਰਣਾਲੀ ਨੂੰ ਉਲਟਾਉਣ ਅਤੇ ਬਹੁ-ਪਾਰਟੀ ਲੋਕਤੰਤਰ ਨੂੰ ਬਹਾਲ ਕਰਨ ਲਈ ਨੇਪਾਲੀ ਕਾਂਗਰਸ ਦੀ ਭੂਮੀਗਤ ਮੁਹਿੰਮ ਲਈ ਫੰਡ ਦੇਣ ਲਈ ਜ਼ਬਤ ਕੀਤਾ ਗਿਆ ਸੀ।

ਭਵਿੱਖ ਦੇ ਪ੍ਰਧਾਨ ਮੰਤਰੀ ਗਿਰੀਜਾ ਪ੍ਰਸਾਦ ਕੋਇਰਾਲਾ ਅਤੇ ਸੁਸ਼ੀਲ ਕੋਇਰਾਲਾ ਸਮੇਤ ਨੇਪਾਲ ਦੇ ਹੋਰ ਕਾਂਗਰਸੀ ਨੇਤਾਵਾਂ ਦੀ ਮਦਦ ਨਾਲ ਲੁੱਟ ਨੂੰ ਗੁਪਤ ਰੂਪ ਵਿਚ ਦਾਰਜੀਲਿੰਗ ਲਿਜਾਣ ਤੋਂ ਬਾਅਦ, ਅਗਵਾਕਾਰ ਲੁਕ ਗਏ। ਇਕ  ਸਾਲ ਦੇ ਅੰਦਰ, ਬਹੁਤਿਆਂ ਨੂੰ ਭਾਰਤ ਵਿਚ ਗ੍ਰਿਫਤਾਰ ਕਰ ਲਿਆ ਗਿਆ, ਹਾਲਾਂਕਿ ਬਾਅਦ ਵਿਚ 1975 ਵਿਚ ਭਾਰਤ ਵਿਚ ਐਮਰਜੰਸੀ ਦੀ ਮਿਆਦ ਹਟਾਉਣ ਤੋਂ ਬਾਅਦ ਉਨ੍ਹਾਂ ਨੂੰ ਰਿਹਾਅ ਕਰ ਦਿਤਾ ਗਿਆ ਸੀ।

ਇਸ ਘਟਨਾ ਨੂੰ ਨੇਪਾਲ ਦੇ ਲੋਕਤੰਤਰ ਪੱਖੀ ਅੰਦੋਲਨ ਵਿਚ ਇਕ  ਮਹੱਤਵਪੂਰਨ ਮੋੜ ਵਜੋਂ ਦਰਸਾਇਆ ਗਿਆ ਹੈ। ਇਸ ਵਿਚ ਸ਼ਾਮਲ ਜਹਾਜ਼ 2014 ਦੇ ਹਾਦਸੇ ਵਿਚ ਤਬਾਹ ਹੋਣ ਤੋਂ ਪਹਿਲਾਂ ਚਾਰ ਹੋਰ ਦਹਾਕਿਆਂ ਤਕ  ਉਡਾਣ ਭਰਦਾ ਰਿਹਾ। ਇਸ ਦੇ ਅਵਸ਼ੇਸ਼ ਹੁਣ ਕਾਠਮੰਡੂ ਦੇ ਇਕ  ਅਜਾਇਬ ਘਰ ਵਿਚ ਪ੍ਰਦਰਸ਼ਿਤ ਕੀਤੇ ਗਏ ਹਨ।