ਟਰੈਵਲ ਏਜੰਟ ਨੇ ਕੈਨੇਡਾ ਭੇਜਣ ਦੇ ਨਾਂ ''ਤੇ ਮਾਰੀ ਠੱਗੀ, ਲੱਖਾਂ ਰੁਪਏ ਲੈ ਕੇ ਨਹੀਂ ਦਿਤਾ ਵੀਜ਼ਾ

ਟਰੈਵਲ ਏਜੰਟ ਨੇ ਕੈਨੇਡਾ ਭੇਜਣ ਦੇ ਨਾਂ ''ਤੇ ਮਾਰੀ ਠੱਗੀ, ਲੱਖਾਂ ਰੁਪਏ ਲੈ ਕੇ ਨਹੀਂ ਦਿਤਾ ਵੀਜ਼ਾ

ਖੰਨਾ ਦੇ ਮਲੌਦ ਥਾਣਾ ਪੁਲਿਸ ਨੇ 3 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਟਰੈਵਲ ਏਜੰਟ ਜਸਵੀਰ ਸਿੰਘ ਵਾਸੀ ਵਜੀਦਕੇ ਖੁਰਦ (ਬਰਨਾਲਾ) ਨੂੰ ਗ੍ਰਿਫਤਾਰ ਕੀਤਾ ਹੈ। ਉਸ ਨੂੰ ਬੁੱਧਵਾਰ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮ ਨੂੰ 14 ਦਿਨਾਂ ਲਈ ਨਿਆਇਕ ਹਿਰਾਸਤ ਵਿੱਚ ਲੁਧਿਆਣਾ ਜੇਲ ਭੇਜ ਦਿਤਾ। ਥਾਣਾ ਸਹਾਰਨਮਾਜਰਾ ਦੀ ਰਹਿਣ ਵਾਲੀ ਇੰਦਰਜੀਤ ਕੌਰ ਦੀ ਸ਼ਿਕਾਇਤ ’ਤੇ ਮੁਲਜ਼ਮ ਖ਼ਿਲਾਫ਼ ਆਈਪੀਸੀ ਦੀ ਧਾਰਾ 406, 420 ਅਤੇ ਇਮੀਗ੍ਰੇਸ਼ਨ ਐਕਟ ਦੀ ਧਾਰਾ 24 ਤਹਿਤ ਥਾਣਾ ਮਲੌਦ ਵਿਚ ਕੇਸ ਦਰਜ ਕੀਤਾ ਗਿਆ ਸੀ। ਸ਼ਿਕਾਇਤਕਰਤਾ ਅਨੁਸਾਰ ਉਸ ਨੇ ਟਰੈਵਲ ਏਜੰਟ ਜਸਵੀਰ ਸਿੰਘ ਨਾਲ ਗੱਲ ਕੀਤੀ। ਜਸਵੀਰ ਨੇ ਕੈਨੇਡਾ ਭੇਜਣ ਦੇ ਬਦਲੇ 10 ਲੱਖ ਰੁਪਏ ਮੰਗੇ।

ਪਹਿਲਾਂ ਜਸਵੀਰ ਦੇ ਖਾਤੇ ਵਿਚ 1 ਲੱਖ ਰੁਪਏ ਟਰਾਂਸਫਰ ਕੀਤੇ ਗਏ। ਬਾਅਦ ਵਿੱਚ ਪਾਸਪੋਰਟ ਸਮੇਤ 2 ਲੱਖ ਰੁਪਏ ਦਿਤੇ ਗਏ। ਵੀਜ਼ਾ ਆਉਣ ਤੋਂ ਬਾਅਦ 7 ਲੱਖ ਰੁਪਏ ਦੇਣ ਦੀ ਗੱਲ ਹੋਈ ਪਰ, ਦੋਸ਼ੀ ਨੇ ਨਾ ਤਾਂ ਉਸ ਦਾ ਵੀਜ਼ਾ ਮਨਜ਼ੂਰ ਕਰਵਾਇਆ ਅਤੇ ਨਾ ਹੀ ਉਸਦੇ ਪੈਸੇ ਵਾਪਸ ਕੀਤੇ। ਇਸ ਕਾਰਨ ਇੰਦਰਜੀਤ ਕੌਰ ਨੇ 6 ਜੁਲਾਈ 2023 ਨੂੰ ਪੁਲਿਸ ਕੋਲ ਸ਼ਿਕਾਇਤ ਕੀਤੀ। ਐਸਐਚਓ ਮਨਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।