ਕੈਨੇਡਾ ਰਹਿੰਦੇ ਹਜ਼ਾਰਾਂ ਭਾਰਤੀ ,ਲੋਕ ਸਭਾ ਚੋਣਾਂ ’ਚ ਵੋਟ ਪਾਉਣਾ ਚਾਹੁੰਦੇ ਹਨ 

ਕੈਨੇਡਾ ਰਹਿੰਦੇ ਹਜ਼ਾਰਾਂ ਭਾਰਤੀ ,ਲੋਕ ਸਭਾ ਚੋਣਾਂ ’ਚ ਵੋਟ ਪਾਉਣਾ ਚਾਹੁੰਦੇ ਹਨ 

ਭਾਰਤ ਵਿਚ ਵੋਟਾਂ ਪੈਣ ਦਾ ਸਿਲਸਿਲਾ ਸ਼ੁਰੂ ਹੋ ਚੁੱਕਾ ਹੈ ਅਤੇ ਕੈਨੇਡਾ-ਅਮਰੀਕਾ ਸਣੇ ਦੁਨੀਆਂ ਦੇ ਵੱਖ-ਵੱਖ ਮੁਲਕਾਂ ਵਿਚ ਰਹਿੰਦੇ 13 ਲੱਖ 50 ਹਜ਼ਾਰ ਪ੍ਰਵਾਸੀਆਂ ਕੋਲ ਵੋਟ ਪਾਉਣ ਦਾ ਹੱਕ ਹੈ ਪਰ ਕੁਝ ਕਾਰਨਾਂ ਕਰ ਕੇ ਸਿਰਫ ਇਕ ਲੱਖ ਪ੍ਰਵਾਸੀਆਂ ਨੇ ਆਪਣਾ ਨਾਂ ਵੋਟਿੰਗ ਲਈ ਰਜਿਸਟਰਡ ਕਰਵਾਇਆ ਹੈ। ਕੈਨੇਡਾ ਰਹਿੰਦੇ ਪ੍ਰਮੋਦ ਛਾਬੜਾ ਇਨ੍ਹਾਂ ਵਿਚੋਂ ਇਕ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਹਜ਼ਾਰਾਂ ਡਾਲਰ ਕਿਰਾਇਆ ਖਰਚ ਕੇ ਕੋਈ ਨਹੀਂ ਜਾਣਾ ਚਾਹੁੰਦਾ।

ਪ੍ਰਮੋਦ ਛਾਬੜਾ ਮੁਤਾਬਕ ਜੇ ਸਫਰ ਸਿਰਫ ਤਿੰਨ-ਚਾਰ ਘੰਟੇ ਦਾ ਹੁੰਦਾ ਤਾਂ ਹਜ਼ਾਰਾਂ ਲੋਕ ਵੋਟ ਪਾਉਣ ਜਾ ਸਕਦੇ ਸਨ। ਅਜਿਹੇ ਵਿਚ ਭਾਰਤ ਸਰਕਾਰ ਨੂੰ ਫਿਲੀਪੀਨਜ਼ ਦੀ ਤਰਜ਼ ’ਤੇ ਵਿਦੇਸ਼ਾਂ ਵਿਚ ਹੀ ਵੋਟਿੰਗ ਲਈ ਪ੍ਰਬੰਧ ਕਰਨੇ ਚਾਹੀਦੇ ਹਨ। ਸੀ.ਟੀ.ਵੀ ਦੀ ਰਿਪੋਰਟ ਮੁਤਾਬਕ ਓਟਾਵਾ ਦੇ ਇਕ ਕਮਿਊਨਿਟੀ ਗਰੁੱਪ ਦੇ ਪ੍ਰਧਾਨ ਪ੍ਰਮੋਦ ਛਾਬੜਾ ਨੇ ਕਿਹਾ ਕਿ ਭਾਰਤੀ ਸਿਆਸਤ ਵਿਚ ਉਨ੍ਹਾਂ ਨੂੰ ਕਾਫੀ ਦਿਲਚਸਪੀ ਹੈ ਪਰ ਆਉਣ ਜਾਣ ਵਿਚ ਲੱਗਣ ਵਾਲਾ ਸਮਾਂ ਅਤੇ ਪੈਸਾ ਵੱਡੇ ਅੜਿੱਕੇ ਬਣ ਜਾਂਦੇ ਹਨ। ਦੂਜੇ ਪਾਸੇ ਫਿਲੀਪੀਨਜ਼ ਵੱਲੋਂ ਵਿਦੇਸ਼ਾਂ ਵਿਚ ਰਹਿੰਦੇ ਆਪਣੇ ਨਾਗਰਿਕਾਂ ਲਈ ਖਾਸ ਪ੍ਰਬੰਧ ਕੀਤਾ ਗਿਆ ਹੈ। ਕੈਨੇਡਾ ਜਾਂ ਦੁਨੀਆਂ ਦੇ ਕਿਸੇ ਵੀ ਮੁਲਕ ਵਿਚ ਰਹਿੰਦੇ ਫਿਲੀਪੀਨਜ਼ ਦੇ ਲੋਕ ਅੰਬੈਸੀਆਂ ਜਾਂ ਕੌਂਸਲੇਟਸ ਵਿਚ ਜਾ ਕੇ ਵੋਟ ਪਾ ਸਕਦੇ ਹਨ। ਇਸ ਤੋਂ ਇਲਾਵਾ ਡਾਕ ਰਾਹੀਂ ਵੋਟ ਪਾਉਣ ਦੀ ਸਹੂਲਤ ਵੀ ਦਿਤੀ ਗਈ ਹੈ।

ਯੂਨੀਵਰਸਿਟੀ ਆਫ ਵਿਕਟੋਰੀਆ ਵਿਚ ਰਾਜਨੀਤੀ ਵਿਗਿਆਨ ਦੀ ਪ੍ਰੋਫੈਸਰ ਰਹਿ ਚੁੱਕੀ ਰੀਟਾ ਸੀ. ਟ੍ਰੈਂਬਲੇਅ ਦਾ ਕਹਿਣਾ ਸੀ ਕਿ ਆਮ ਤੌਰ ’ਤੇ ਇਹੋ ਦਲੀਲ ਦਿਤੀ ਜਾਂਦੀ ਹੈ ਕਿ ਵਿਦੇਸ਼ਾਂ ਵਿਚ ਵਸਦੇ ਭਾਰਤੀ ਨਾਗਰਿਕਾਂ ਨੂੰ ਘਰੇਲੂ ਮੁੱਦਿਆਂ ਬਾਰੇ ਘੱਟ ਜਾਣਕਾਰੀ ਹੁੰਦੀ ਹੈ ਜਿਸ ਦੇ ਮੱਦੇਨਜ਼ਰ ਉਨ੍ਹਾਂ ਦੀਆਂ ਵੋਟਾਂ ਚੋਣ ਨਤੀਜਿਆਂ ’ਤੇ ਵੱਖਰਾ ਅਸਰ ਪਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੂੰ ਓਵਰਸੀਜ਼ ਵੋਟਰਜ਼ ਦੀ ਸ਼ਮੂਲੀਅਤ ਯਕੀਨੀ ਬਣਾਉਣ ਲਈ ਕਦਮ ਉਠਾਉਣੇ ਚਾਹੀਦੇ ਹਨ। ਇਸੇ ਦੌਰਾਨ ਇੰਡੀਆ ਕੈਨੇਡਾ ਆਰਗੇਨਾਈਜ਼ੇਸ਼ਨ ਦੇ ਚੇਅਰਮੈਨ ਨਸੀਰ ਮਹਿਦੀ ਖਾਨ ਨੇ ਦੱਸਿਆ ਕਿ ਸਿਰਫ ਟੈਕ ਸੈਕਟਰ ਵਿਚ 25 ਹਜ਼ਾਰ ਭਾਰਤੀ ਵਰਕ ਪਰਮਿਟ ’ਤੇ ਕੰਮ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ ਕਈ ਵੋਟ ਪਾਉਣ ਦੇ ਇੱਛਕ ਹਨ। ਉਨ੍ਹਾਂ ਵੱਲੋਂ ਇਹ ਇੱਛਾ ਭਾਰਤ ਦੇ ਹਾਈ ਕਮਿਸ਼ਨਰ ਤੱਕ ਪਹੁੰਚਾਉਣ ਦੀ ਗੁਜ਼ਾਰਿਸ਼ ਵੀ ਕੀਤੀ ਗਈ ਹੈ।

ਉਧਰ ਰੀਟਾ ਟ੍ਰੈਂਬਲੇਅ ਦਾ ਕਹਿਣਾ ਹੈ ਕਿ ਪ੍ਰਵਾਸੀ ਭਾਰਤੀਆਂ ਨੇ 2023 ਵਿਚ ਆਪਣੇ ਜੱਦੀ ਮੁਲਕ 125 ਅਰਬ ਡਾਲਰ ਦੀ ਰਕਮ ਭੇਜੀ। ਭਾਰਤ ਦੀਆਂ ਸਿਆਸੀ ਪਾਰਟੀਆਂ ਵੱਲੋਂ ਪ੍ਰਵਾਸੀਆਂ ਤੋਂ ਚੰਦਾ ਲੈਂਦੀਆਂ ਹਨ ਤਾਂ ਉਨ੍ਹਾਂ ਨੂੰ ਵੋਟ ਦੇ ਹੱਕ ਵਰਤੋਂ ਲਈ ਮੌਕਾ ਵੀ ਮੁਹੱਈਆ ਕਰਵਾਉਣਾ ਚਾਹੀਦਾ ਹੈ। ਪ੍ਰਮੋਦ ਛਾਬੜਾ ਨੇ ਇਨ੍ਹਾਂ ਵਿਚਾਰਾਂ ਨਾਲ ਸਹਿਮਤੀ ਜ਼ਾਹਰ ਕੀਤੀ। ਪ੍ਰਮੋਦ ਛਾਬੜਾ ਦੇ ਕਈ ਪਰਵਾਰਕ ਮੈਂਬਰ ਭਾਰਤ ਰਹਿੰਦੇ ਹਨ ਅਤੇ ਉਨ੍ਹਾਂ ਦੀ ਜਾਇਦਾਦ ਵੀ ਉਥੇ ਮੌਜੂਦ ਹੈ।

ਇੱਥੇ ਦੱਸਣਾ ਬਣਦਾ ਹੈ ਕਿ 2019 ਦੀਆਂ ਚੋਣਾਂ ਦੌਰਾਨ 60 ਕਰੋੜ ਤੋਂ ਵੱਧ ਭਾਰਤੀਆਂ ਨੇ ਵੋਟ ਪਾਈ ਜਦਕਿ ਓਵਰਸੀਜ਼ ਵੋਟਰਜ਼ ਦੀ ਗਿਣਤੀ ਸਿਸਰਫ 25,606 ਦਰਜ ਕੀਤੀ ਗਈ। ਇਸ ਦੇ ਉਲਟ ਫਿਲੀਪੀਨਜ਼ ਵਿਚ ਰਾਸ਼ਟਰਪਤੀ ਦੀ ਚੋਣ ਦੌਰਾਨ 2016 ਵਿਚ 4 ਲੱਖ 32 ਹਜ਼ਾਰ ਲੋਕਾਂ ਨੇ ਵਿਦੇਸ਼ਾਂ ਵਿਚ ਬੈਠੇ ਬੈਠੇ ਵੋਟ ਪਾਈ।