ਮਾਈਕ੍ਰੋਸਾਫਟ ’ਤੇ ਟਵਿਟਰ ਨੇ ਉਸ ਦੇ ਡਾਟਾ ਦੀ ਦੁਰਵਰਤੋਂ ਕਰਨ ਦਾ ਲਾਇਆ ਦੋਸ਼

ਮਾਈਕ੍ਰੋਸਾਫਟ ’ਤੇ ਟਵਿਟਰ ਨੇ ਉਸ ਦੇ ਡਾਟਾ ਦੀ ਦੁਰਵਰਤੋਂ ਕਰਨ ਦਾ ਲਾਇਆ ਦੋਸ਼

ਟਵਿਟਰ ਦੇ ਮਾਲਕ ਐਲਨ ਮਸਕ ਦੇ ਇਕ ਵਕੀਲ ਨੇ ਮਾਈਕ੍ਰੋਸਾਫਟ ’ਤੇ ਮਾਈਕ੍ਰੋਬਲਾਗਿੰਗ ਵੈੱਬਸਾਈਟ (ਟਵਿਟਰ) ਦੇ ਡਾਟਾ ਦੀ ਦੁਰਵਰਤੋਂ ਕਰਨ ਦਾ ਦੋਸ਼ ਲਾਇਆ ਹੈ। ਉਸ ਨੇ ਸੂਚਨਾ ਤਕਨਾਲੋਜੀ ਦੀ ਦੁਨੀਆ ਦੀ ਦਿੱਗਜ਼ ਕੰਪਨੀ ਮਾਈਕ੍ਰੋਸਾਫਟ ਨੂੰ ਇਕ ਚਿੱਠੀ ਲਿਖ ਕੇ ਮਾਮਲੇ ’ਚ ਆਡਿਟ ਕਰਾਉਣ ਦੀ ਮੰਗ ਵੀ ਕੀਤੀ ਹੈ। ਇਹ ਚਿੱਠੀ ਮੁੱਖ ਤੌਰ ’ਤੇ ਟਵਿਟਰ ਵਲੋਂ ਮਾਈਕ੍ਰੋਸਾਫਟ ’ਤੇ ਉਸ ਦੇ ਟਵੀਟ ਦੇ ਡਾਟਾਬੇਸ ਤੋਂ ਜਾਣਕਾਰੀ ਪ੍ਰਾਪਤ ਕਰਨ ’ਚ ਕਥਿਤ ਤੌਰ ’ਤੇ ਅਨਿਯਮਿਤਤਾਵਾਂ ਵਰਤਣ ਦੇ ਦੋਸ਼ਾਂ ’ਤੇ ਕੇਂਦਰਿਤ ਹੈ ਪਰ ਇਸ ਨਾਲ ਅੱਗੇ ਚੱਲ ਕੇ ਡਾਟਾ ਦੀ ਦੁਰਵਰਤੋਂ ਨੂੰ ਲੈ ਕੇ ਦੋਵੇਂ ਕੰਪਨੀਆਂ ਦਰਮਿਆਨ ਵਿਵਾਦ ਵਧਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ।

ਮਸਕ ਨੇ ਇਸ ਤੋਂ ਪਹਿਲਾਂ ਇਕ ਟਵੀਟ ’ਚ ਮਾਈਕ੍ਰੋਸਾਫਟ ਅਤੇ ਉਸ ਦੀ ਸਾਂਝੇਦਾਰ ਓਪਨ-ਏ-ਆਈ. ’ਤੇ ਚੈਟ-ਜੀ. ਪੀ. ਟੀ. ਵਰਗੀ ਆਰਟੀਫਿਸ਼ੀਅਲ ਇੰਟੈਲੀਜੈਂਸ (ਏ. ਆਈ.) ਆਧਾਰਿਤ ਉੱਨਤ ਤਕਨੀਕ ਵਿਕਸਿਤ ਕਰਨ ’ਚ ਟਵਿਟਰ ਦੇ ਡਾਟਾ ਦੀ ‘ਨਾਜਾਇਜ਼’ ਢੰਗ ਨਾਲ ਵਰਤੋਂ ਕਰਨ ਦਾ ਦੋਸ਼ ਲਾਇਆ ਸੀ। ਅਪ੍ਰੈਲ ’ਚ ਕੀਤੇ ਗਏ ਇਸ ਟਵੀਟ ’ਚ ਮਸਕ ਨੇ ਕਿਹਾ ਸੀ ਕਿ ਮੁਕੱਦਮੇ ਦਾ ਸਮਾਂ। ਮਸਕ ਦੇ ਵਕੀਲ ਅਲੈਕਸ ਸਿਪਰੋ ਦੇ ਦਸਤਖਤ ਵਾਲੀ ਚਿੱਠੀ ਵੀ ਇਸੇ ਦੋਸ਼ ਦੇ ਆਲੇ-ਦੁਆਲੇ ਕੇਂਦਰਿਤ ਹੈ। ਇਸ ’ਚ ਕਿਹਾ ਗਿਆ ਹੈ ਕਿ ਟਵਿਟਰ ਨਾਲ ਮਾਈਕ੍ਰੋਸਾਫਟ ਦਾ ਸਮਝੌਤਾ ਕੰਪਨੀ ਨੂੰ ਮਾਈਕ੍ਰੋਬਲਾਗਿੰਗ ਵੈੱਬਸਾਈਟ ਦੇ ਡਾਟਾ ਦੀ ‘ਮਨਜ਼ੂਰ ਮਾਤਰਾ ਤੋਂ ਵੱਧ ਜਾਂ ਅਣਉਚਿੱਤ ਵਰਤੋਂ ਕਰਨ ’ਤੇ’ ਪਾਬੰਦੀ ਲਗਾਉਂਦਾ ਹੈ। ਸਿਪਰੋ ਨੇ ਲਿਖਿਆ ਹੈ ਕਿ ਇਨ੍ਹਾਂ ਪਾਬੰਦੀਆਂ ਦੇ ਬਾਵਜੂਦ ਮਾਈਕ੍ਰੋਸਾਫਟ ਨੇ ਇਕੱਲੇ ਸਾਲ 2022 ਵਿਚ ਹੀ ਟਵਿਟਰ ਦੇ 26 ਅਰਬ ਤੋਂ ਵੱਧ ਟਵੀਟ ਨੂੰ ਹਾਸਲ ਕੀਤਾ ਸੀ। ਉਨ੍ਹਾਂ ਨੇ ਅੰਕੜਿਆਂ ਦੀ ਪੁਸ਼ਟੀ ਲਈ ਕੋਈ ਸੰਦਰਭ ਨਹੀਂ ਦਿੱਤਾ ਹੈ।

ਇਸ ਦਰਮਿਆਨ ਮਾਈਕ੍ਰੋਸਾਫਟ ਦੇ ਬੁਲਾਰੇ ਫ੍ਰੈਂਕ ਸ਼ਾਵ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਕੰਪਨੀ ਚਿੱਠੀ ’ਚ ਉਠਾਏ ਗਏ ਮੁੱਦਿਆਂ ਦੀ ਸਮੀਖਿਆ ਕਰੇਗੀ ਅਤੇ ਇਸ ਤੋਂ ਬਾਅਦ ਦੋਸ਼ਾਂ ’ਤੇ ‘ਉਚਿੱਤ ਪ੍ਰਤੀਕਿਰਿਆ’ ਦੇਵੇਗੀ। ਸ਼ਾਵ ਨੇ ਕਿਹਾ ਕਿ ਅਸੀਂ ਟਵਿਟਰ ਨਾਲ ਆਪਣੀ ਲੰਬੀ ਸਾਂਝੇਦਾਰੀ ਨੂੰ ਬਰਕਰਾਰ ਰੱਖਣ ਦੀ ਉਮੀਦ ਕਰਦੇ ਹਾਂ। ਉਨ੍ਹਾਂ ਨੇ ਬਿਆਨ ’ਚ ਚਿੱਠੀ ’ਚ ਲਾਏ ਗਏ ਦੋਸ਼ਾਂ ’ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ।