- Updated: November 28, 2026 03:58 PM
ਹੁਸ਼ਿਆਰਪੁਰ ਦਸੂਹਾ ਰੋਡ ’ਤੇ ਪੈਂਦੇ ਪਿੰਡ ਬਾਗਪੁਰ ਅਤੇ ਬਸੀ ਨੌਂ ਦੇ ਲਾਗੇ ਪੈਂਦੇ ਇਕ ਪੁਲ ਹੇਠਾਂ ਕੂੜੇ ਦੇ ਢੇਰ 'ਚੋਂ ਇਕ ਵਿਅਕਤੀ ਦੀ ਲਾਸ਼ ਮਿਲਣ ਨਾਲ ਇਲਾਕੇ 'ਚ ਸਨਸਨੀ ਫੈਲ ਗਈ। ਸਵੇਰੇ ਸੂਚਨਾ ਮਿਲਣ 'ਤੇ ਥਾਣਾ ਹਰਿਆਣਾ ਦੀ ਪੁਲਸ ਮੌਕੇ ’ਤੇ ਪਹੁੰਚੀ ਅਤੇ ਸਥਿਤੀ ਦਾ ਜਾਇਜ਼ਾ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ। ਪੁਲ ਦੇ ਹੇਠਾਂ ਕਾਫ਼ੀ ਮਾਤਰਾ 'ਚ ਕੂੜਾ-ਕਰਕਟ ਅਤੇ ਲਿਫ਼ਾਫ਼ੇ ਪਏ ਸਨ, ਜਿੱਥੋਂ ਲਾਸ਼ ਬਰਾਮਦ ਹੋਈ। ਮੁੱਢਲੀ ਜਾਣਕਾਰੀ ਮੁਤਾਬਕ ਲਾਸ਼ ਕਾਫ਼ੀ ਖ਼ਰਾਬ ਅਤੇ ਗਲੀ-ਸੜੀ ਹਾਲਤ 'ਚ ਸੀ।
ਪੁਲਸ ਵੱਲੋਂ ਸਥਾਨਕ ਪਿੰਡ ਬਸੀ ਨੌਂ ਦੇ ਸਰਪੰਚ ਅਤੇ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਲਾਸ਼ ਦੀ ਪਛਾਣ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਖ਼ਬਰ ਲਿਖੇ ਜਾਣ ਤੱਕ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਸੀ। ਲਾਸ਼ ਦੀ ਪਛਾਣ ਲਈ ਇਸ ਨੂੰ 72 ਘੰਟਿਆਂ ਵਾਸਤੇ ਸਿਵਲ ਹਸਪਤਾਲ ਹੁਸ਼ਿਆਰਪੁਰ ਦੇ ਡੈੱਡ ਬਾਡੀ ਹਾਊਸ 'ਚ ਰੱਖਿਆ ਗਿਆ ਹੈ। ਪੁਲਸ ਵੱਲੋਂ ਮ੍ਰਿਤਕ ਦੀਆਂ ਤਸਵੀਰਾਂ ਵੱਖ-ਵੱਖ ਥਾਣਿਆਂ 'ਚ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਕਿਸੇ ਲਾਪਤਾ ਵਿਅਕਤੀ ਬਾਰੇ ਸੂਚਨਾ ਮਿਲ ਸਕੇ।
ਮਾਮਲੇ ਸਬੰਧੀ ਜਾਣਕਾਰੀ ਦਿੰਦੇ ਥਾਣਾ ਹਰਿਆਣਾ ਦੇ ਐੱਸ. ਐੱਚ. ਓ. ਜਗਦੀਸ਼ ਕੁਮਾਰ ਨੇ ਦੱਸਿਆ ਕਿ ਮੌਕੇ ਦੇ ਹਾਲਾਤ ਅਤੇ ਆਸ-ਪਾਸ ਪਏ ਕੂੜੇ-ਲਿਫ਼ਾਫ਼ਿਆਂ ਨੂੰ ਵੇਖਦੇ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਮ੍ਰਿਤਕ ਕੂੜਾ ਜਾਂ ਲਿਫ਼ਾਫ਼ੇ ਚੁਗਣ ਦਾ ਕੰਮ ਕਰਨ ਵਾਲਾ ਵਿਅਕਤੀ ਹੋ ਸਕਦਾ ਹੈ, ਜੋ ਦਿਨ ਜਾਂ ਰਾਤ ਸਮੇਂ ਉੱਥੇ ਆਉਂਦਾ ਹੋਵੇਗਾ। ਉਨ੍ਹਾਂ ਕਿਹਾ ਕਿ ਪਛਾਣ ਹੋਣ ਤੋਂ ਬਾਅਦ ਹੀ ਅਗਲੀ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਦੂਜੇ ਪਾਸੇ ਪਿੰਡ ਵਾਸੀਆਂ ਅਤੇ ਪੰਚਾਇਤ ਮੈਂਬਰਾਂ ਨੇ ਦੱਸਿਆ ਕਿ ਸਵੇਰੇ ਛਾਣਬੀਣ ਦੌਰਾਨ ਮਾਮਲਾ ਧਿਆਨ 'ਚ ਆਉਣ ’ਤੇ ਤੁਰੰਤ ਥਾਣਾ ਹਰਿਆਣਾ ਪੁਲਸ ਨੂੰ ਸੂਚਿਤ ਕੀਤਾ ਗਿਆ, ਜਿਸ ਤੋਂ ਬਾਅਦ ਪੁਲਸ ਟੀਮ ਮੌਕੇ ’ਤੇ ਪਹੁੰਚੀ ਅਤੇ ਲਾਸ਼ ਨੂੰ ਸਿਵਲ ਹਸਪਤਾਲ ਭੇਜਣ ਦੀ ਕਾਰਵਾਈ ਕੀਤੀ ਗਈ।