ਵਿਸ਼ਵ ਪੱਧਰ ''ਤੇ ਪਹਿਲਵਾਨਾਂ ਨੂੰ ਹਿਰਾਸਤ ''ਚ ਲਏ ਜਾਣ ਦੀ ਹੋ ਰਹੀ ਨਿੰਦਾ, UWW ਨੇ ਦਿੱਤੀ ਇਹ ਚਿਤਾਵਨੀ

ਵਿਸ਼ਵ ਪੱਧਰ ''ਤੇ ਪਹਿਲਵਾਨਾਂ ਨੂੰ ਹਿਰਾਸਤ ''ਚ ਲਏ ਜਾਣ ਦੀ ਹੋ ਰਹੀ ਨਿੰਦਾ, UWW ਨੇ ਦਿੱਤੀ ਇਹ ਚਿਤਾਵਨੀ

ਇਕ ਰੋਸ ਮਾਰਚ ਦੌਰਾਨ 28 ਮਈ ਨੂੰ ਪ੍ਰਮੁੱਖ ਭਾਰਤੀ ਪਹਿਲਵਾਨਾਂ ਨੂੰ ਹਿਰਾਸਤ ਵਿੱਚ ਲਏ ਜਾਣ ਦੀ ਨਿੰਦਾ ਕਰਦਿਆਂ ਵਿਸ਼ਵ ਕੁਸ਼ਤੀ ਸੰਚਾਲਨ ਸੰਸਥਾ ਯੂਨਾਈਟਿਡ ਵਰਲਡ ਰੈਸਲਿੰਗ (UWW) ਨੇ ਮੰਗਲਵਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਲੰਬਿਤ ਚੋਣਾਂ ਨਾ ਕਰਵਾਈਆਂ ਗਈਆਂ ਤਾਂ ਭਾਰਤੀ ਕੁਸ਼ਤੀ ਮਹਾਸੰਘ (WFI) ਨੂੰ ਮੁਅੱਤਲ ਕਰ ਸਕਦਾ ਹੈ। ਸਖ਼ਤ ਸ਼ਬਦਾਂ ਵਿੱਚ ਇਕ ਬਿਆਨ 'ਚ UWW ਨੇ ਕਿਹਾ ਕਿ ਉਹ WFI ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੁਆਰਾ ਤਾਕਤ ਦੀ ਦੁਰਵਰਤੋਂ ਅਤੇ ਜਿਨਸੀ ਸ਼ੋਸ਼ਣ ਨੂੰ ਲੈ ਕੇ ਪਹਿਲਵਾਨਾਂ ਦੇ ਵਿਰੋਧ ਨਾਲ ਸਬੰਧਤ ਸਥਿਤੀ ਨੂੰ "ਬਹੁਤ ਚਿੰਤਾ" ਨਾਲ ਦੇਖ ਰਿਹਾ ਹੈ।

                    Image

ਬਿਆਨ 'ਚ ਕਿਹਾ ਗਿਆ ਹੈ, “ਪਿਛਲੇ ਦਿਨਾਂ ਦੀਆਂ ਘਟਨਾਵਾਂ ਹੋਰ ਵੀ ਚਿੰਤਾਜਨਕ ਹਨ ਕਿ ਪਹਿਲਵਾਨਾਂ ਨੂੰ ਰੋਸ ਮਾਰਚ ਸ਼ੁਰੂ ਕਰਨ ਲਈ ਪੁਲਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਅਤੇ ਅਸਥਾਈ ਤੌਰ 'ਤੇ ਹਿਰਾਸਤ ਵਿੱਚ ਲਿਆ ਗਿਆ। UWW ਪਹਿਲਵਾਨਾਂ ਨਾਲ ਬਦਸਲੂਕੀ ਅਤੇ ਗ੍ਰਿਫ਼ਤਾਰੀ ਦੀ ਸਖ਼ਤ ਨਿੰਦਾ ਕਰਦਾ ਹੈ। ਉਹ ਹੁਣ ਤੱਕ ਦੀ ਜਾਂਚ ਦੇ ਨਤੀਜੇ ਨਾ ਆਉਣ 'ਤੇ ਨਿਰਾਸ਼ਾ ਜ਼ਾਹਿਰ ਕਰਦਾ ਹੈ। UWW ਨੇ ਸਬੰਧਤ ਅਧਿਕਾਰੀਆਂ ਨੂੰ ਦੋਸ਼ਾਂ ਦੀ ਪੂਰੀ ਅਤੇ ਨਿਰਪੱਖ ਜਾਂਚ ਕਰਨ ਦੀ ਅਪੀਲ ਕੀਤੀ ਹੈ। ਗਵਰਨਿੰਗ ਬਾਡੀ ਨੇ ਕਿਹਾ ਕਿ ਉਹ ਪਹਿਲਵਾਨਾਂ ਨਾਲ "ਉਨ੍ਹਾਂ ਦੀ ਸਥਿਤੀ ਅਤੇ ਸੁਰੱਖਿਆ ਬਾਰੇ ਪੁੱਛਗਿੱਛ ਕਰਨ ਤੇ ਉਨ੍ਹਾਂ ਦੀਆਂ ਚਿੰਤਾਵਾਂ ਦੇ ਨਿਰਪੱਖ ਅਤੇ ਨਿਆਂਪੂਰਨ ਹੱਲ ਲਈ ਸਾਡੇ ਸਮਰਥਨ ਦੀ ਪੁਸ਼ਟੀ ਕਰਨ ਲਈ" ਮੁਲਾਕਾਤ ਕਰੇਗੀ।

                   Image

ਜ਼ਿਕਰਯੋਗ ਹੈ ਕਿ ਇਸ ਵਿਵਾਦ ਕਾਰਨ UWW ਨੇ ਇਸ ਸਾਲ ਦੀ ਸ਼ੁਰੂਆਤ 'ਚ ਏਸ਼ੀਅਨ ਚੈਂਪੀਅਨਸ਼ਿਪ ਨੂੰ ਦਿੱਲੀ ਤੋਂ ਅਸਤਾਨਾ 'ਚ ਸ਼ਿਫਟ ਕਰ ਦਿੱਤਾ ਸੀ। ਗਵਰਨਿੰਗ ਬਾਡੀ ਨੇ ਕਿਹਾ ਕਿ ਉਹ ਭਾਰਤੀ ਓਲੰਪਿਕ ਸੰਘ (IOA) ਅਤੇ ਕੁਸ਼ਤੀ ਫੈਡਰੇਸ਼ਨ ਦੀ ਐਡ-ਹਾਕ ਕਮੇਟੀ ਤੋਂ WFI ਚੋਣਾਂ ਬਾਰੇ ਜਾਣਕਾਰੀ ਮੰਗੇਗੀ। ਬਿਆਨ 'ਚ ਕਿਹਾ ਗਿਆ ਹੈ, “ਇਸ ਚੋਣ ਮੀਟਿੰਗ ਦੇ ਆਯੋਜਨ ਲਈ ਸ਼ੁਰੂ ਵਿੱਚ ਨਿਰਧਾਰਤ 45 ਦਿਨਾਂ ਦੀ ਸਮਾਂ ਸੀਮਾ ਦਾ ਸਨਮਾਨ ਕੀਤਾ ਜਾਵੇਗਾ। ਅਜਿਹਾ ਕਰਨ ਵਿੱਚ ਅਸਫਲ ਰਹਿਣ ਦੇ ਨਤੀਜੇ ਵਜੋਂ UWW ਫੈਡਰੇਸ਼ਨ ਨੂੰ ਮੁਅੱਤਲ ਕਰ ਸਕਦਾ ਹੈ, ਐਥਲੀਟਾਂ ਨੂੰ ਇਕ ਨਿਰਪੱਖ ਝੰਡੇ ਹੇਠ (ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ) ਮੁਕਾਬਲਾ ਕਰਨ ਲਈ ਮਜਬੂਰ ਕਰ ਸਕਦਾ ਹੈ।"