ਕਿਡਨੀ ਦਾਨ ਕਰ ਕੇ ਦਿੱਲੀ ਵਿਖੇ 2 ਔਰਤਾਂ ਨੇ ਇਕ-ਦੂਜੇ ਦੇ ਪਤੀ ਦੀ ਬਚਾਈ ਜਾਨ। 

ਕਿਡਨੀ ਦਾਨ ਕਰ ਕੇ ਦਿੱਲੀ ਵਿਖੇ 2 ਔਰਤਾਂ ਨੇ ਇਕ-ਦੂਜੇ ਦੇ ਪਤੀ ਦੀ ਬਚਾਈ ਜਾਨ। 

ਗੰਭੀਰ ਬੀਮਾਰੀ ਨਾਲ ਜੂਝ ਰਹੇ 2 ਲੋਕਾਂ ਨੂੰ ਆਪਣਿਆਂ ਦੇ ਨਹੀਂ, ਦੂਜਿਆਂ ਦੇ ਗੁਰਦਿਆਂ ਤੋਂ ਨਵੀਂ ਜ਼ਿੰਦਗੀ ਮਿਲੀ ਜਦੋਂ ਉਨ੍ਹਾਂ ਨੂੰ ਇਕ-ਦੂਜੇ ਦੀਆਂ ਪਤਨੀਆਂ ਦੇ ਅੰਗ ਟਰਾਂਸਪਲਾਂਟ ਕੀਤੇ ਗਏ। ਇਕ ਹਸਪਤਾਲ ਨੇ ਕਿਹਾ ਕਿ ਦੋਹਾਂ ਪਰਿਵਾਰਾਂ ’ਚੋਂ ਇਕ-ਇਕ ਪੁਰਸ਼ ਮੈਂਬਰ ਗੁਰਦੇ ਦੀ ਗੰਭੀਰ ਬੀਮਾਰੀ ਨਾਲ ਪੀੜਤ ਸੀ ਅਤੇ ਉਸ ਕੋਲ ਟਰਾਂਸਪਲਾਂਟ ਤੋਂ ਇਲਾਵਾ ਇਲਾਜ ਦਾ ਕੋਈ ਬਦਲ ਨਹੀਂ ਸੀ। ਉਨ੍ਹਾਂ ਦੱਸਿਆ ਕਿ ਸਮੱਸਿਆ ਇਹ ਸੀ ਕਿ ਦੋਹਾਂ ਮਰੀਜ਼ਾਂ ਦੀਆਂ ਪਤਨੀਆਂ ਵੱਖ-ਵੱਖ ਬਲੱਡ ਗਰੁੱਪ ਹੋਣ ਕਾਰਨ ਆਪਣੇ ਪਤੀਆਂ ਨੂੰ ਗੁਰਦੇ ਨਹੀਂ ਦੇ ਸਕਦੀਆਂ ਸਨ ਪਰ ਹਸਪਤਾਲ ’ਚ ਇਲਾਜ ਦੌਰਾਨ ਦੋਹਾਂ ਔਰਤਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦਾ ਬਲੱਡ ਗਰੁੱਪ ਉਨ੍ਹਾਂ ਦੇ ਪਤੀਆਂ ਨਾਲ ਮੇਲ ਨਹੀਂ ਖਾਂਦਾ ਪਰ ਉਹ ਇਕ-ਦੂਜੇ ਦੇ ਪਤੀਆਂ ਨੂੰ ਕਿਡਨੀ ਦਾਨ ਕਰ ਸਕਦੀਆਂ ਹਨ। ਡਾਕਟਰਾਂ ਤੋਂ ਇਹ ਜਾਣਕਾਰੀ ਮਿਲਣ ਤੋਂ ਬਾਅਦ ਦੋਹਾਂ ਔਰਤਾਂ ਨੇ ਇਕ-ਦੂਜੇ ਦੇ ਪਤੀਆਂ ਨੂੰ ਕਿਡਨੀ ਦਾਨ ਕਰਨ ਦਾ ਫ਼ੈਸਲਾ ਕੀਤਾ ਤਾਂ ਜੋ ਦੋਹਾਂ ਦੀ ਜਾਨ ਬਚਾਈ ਜਾ ਸਕੇ। ਦੱਖਣੀ-ਪੱਛਮੀ ਦਿੱਲੀ ਦੇ ਦਵਾਰਕਾ ’ਚ ਸਥਿਤ ਆਕਾਸ਼ ਹੈਲਥਕੇਅਰ ਸੁਪਰ ਸਪੈਸ਼ਲਿਟੀ ਹਸਪਤਾਲ ’ਚ ਦੋਵਾਂ ਦੀ ਸਰਜਰੀ ਹੋਈ। ਹਸਪਤਾਲ ਦੇ ਯੂਰੋਲੋਜੀ, ਯੂਰੋਓਂਕੋਲੋਜੀ ਅਤੇ ਕਿਡਨੀ ਟ੍ਰਾਂਸਪਲਾਂਟ ਵਿਭਾਗ ਦੇ ਡਾਇਰੈਕਟਰ ਅਤੇ ਮੁਖੀ ਡਾ. ਵਿਕਾਸ ਅਗਰਵਾਲ ਨੇ ਕਿਹਾ, ‘‘ਪੂਰੀ ਪ੍ਰਕਿਰਿਆ ’ਚ ਲਗਭਗ ਸੱਤ ਘੰਟੇ ਲੱਗੇ।’’ ਕਿਡਨੀ ਦੇਣ ਵਾਲੀਆਂ ਦੋਵੇਂ ਔਰਤਾਂ ਦੀ ਸਰਜਰੀ ਲਈ ਐਡੀਸ਼ਨਲ ਮਨੁੱਖੀ ਸਰੋਤ ਅਤੇ ਬੁਨਿਆਦੀ ਢਾਂਚੇ ਦੀ ਲੋੜ ਪਈ।'' ਉਨ੍ਹਾਂ ਕਿਹਾ,''ਪਰ ਸਭ ਕੁਝ ਸਹੀ ਰਿਹਾ ਅਤੇ ਚਾਰੋਂ (ਕਿਡਨੀ ਦੇਣ ਵਾਲੇ ਅਤੇ ਲੈਣ ਵਾਲੇ) ਸਰਜਰੀ ਦੌਰਾਨ ਠੀਕ ਰਹੇ। ਹਸਪਤਾਲ ਤੋਂ ਉਨ੍ਹਾਂ ਨੂੰ ਚੰਗੀ ਹਾਲਤ 'ਚ ਛੁੱਟੀ ਦੇ ਦਿੱਤੀ ਗਈ ਹੈ।''