- Updated: July 09, 2022 03:09 PM
ਪਠਾਨਕੋਟ :
ਪਠਾਨਕੋਟ ਦੇ ਢਾਂਗੂ ਰੋਡ ਸਥਿਤ ਯੂਨੀਅਨ ਬੈਂਕ ’ਚ ਅੱਜ ਉਸ ਸਮੇਂ ਸਥਿਤੀ ਗੰਭੀਰ ਬਣ ਗਈ, ਜਦੋਂ ਇਕ ਵਿਅਕਤੀ ਨੇ ਆਪਣਾ ਅਕਾਊਂਟ ਖੁੱਲ੍ਹਵਾਉਣ ਲਈ ਗੈਂਗਸਟਰ ਦੇ ਨਾਂ ’ਤੇ ਨਕਲੀ ਦਸਤਾਵੇਜ਼ ਲਾਉਣ ਦੀ ਕੋਸ਼ਿਸ਼ ਕੀਤੀ। ਇਸ ਗੱਲ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਬੈਂਕ ਅਧਿਕਾਰੀ ਨੇ ਜਿਵੇਂ ਹੀ ਕੇ. ਵਾਈ. ਸੀ. ਕਰਨ ਲਈ ਜਾਣਕਾਰੀ ਇਕੱਠੀ ਕਰਨੀ ਸ਼ੁਰੂ ਕੀਤੀ ਤਾਂ ਉਹ ਆਪਣੀ ਪੋਲ ਖੁੱਲ੍ਹਦੀ ਦੇਖ ਕੇ ਬੈਂਕ ਤੋਂ ਦੌੜ ਗਿਆ। ਬੈਂਕ ਨੇ ਤੁਰੰਤ ਇਸਦੀ ਸੂਚਨਾ ਪੁਲਸ ਨੂੰ ਦਿੱਤੀ ਅਤੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਐੱਸ. ਐੱਸ. ਪੀ. ਅਰੁਣ ਸੈਣੀ ਖੁਦ ਬੈਂਕ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ।
ਐੱਸ. ਐੱਸ. ਪੀ. ਅਰੁਣ ਸੈਣੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਕ ਵਿਅਕਤੀ ਅਕਾਊਂਟ ਖੁਲ੍ਹਵਾਉਣ ਲਈ ਆਇਆ ਸੀ। ਉਸਨੇ ਪੈਨ ਕਾਰਡ ਮੰਗੇ ਰਾਮ ਨਿਵਾਸੀ ਜੋਧਪੁਰ ਦਾ ਦਿੱਤਾ ਪਰ ਜੋ ਉਸਨੇ ਆਧਾਰ ਕਾਰਡ ਦਿੱਤਾ ਉਸ ’ਤੇ ਫੋਟੋ ਗੂਗਲ ’ਤੇ ਪਈ ਹੋਈ ਗੈਂਗਸਟਰ ਗੋਲਡੀ ਬਰਾੜ ਦੀ ਸੀ ਕਿਉਂਕਿ ਬੈਂਕ ਕਰਮਚਾਰੀ ਚੌਕਸ ਸੀ ਅਤੇ ਵਿਅਕਤੀ ਨੂੰ ਪਤਾ ਲੱਗ ਗਿਆ ਤਾਂ ਉਹ ਤੁਰੰਤ ਉਥੋਂ ਦੌੜ ਗਿਆ। ਉਸ ਵਿਅਕਤੀ ਦਾ ਮੰਗੇ ਰਾਮ ਵਾਲਾ ਪੈਨ ਕਾਰਡ ਵੀ ਨਕਲੀ ਨਿਕਲਿਆ। ਪੁਲਸ ਨੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।