- Updated: October 30, 2024 03:40 PM
ਅੰਮ੍ਰਿਤਸਰ ਦੇ ਪਿੰਡ ਭਿੰਡਰ ਵਿਖੇ ਦੇਰ ਰਾਤ ਦੋ ਅਣਪਛਾਤੇ ਬਾਈਕ ਸਵਾਰਾਂ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਯੂਥ ਆਗੂ ਸ਼ੁੱਭ ਉੱਤੇ ਫਾਇਰਿੰਗ ਕੀਤੀ ਗਈ। ਫਾਇਰਿੰਗ ਦੀ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਸ਼ੁਭ ਨੇ ਦੱਸਿਆ ਕਿ ਬੀਤੀ ਦੇਰ ਰਾਤ ਉਹ ਦਵਾਈ ਲੈਣ ਗਏ ਸੀ ਅਤੇ ਕਰੀਬ 11.40 ਤੇ ਘਰ ਪੁੱਜਣ ਤੋਂ ਬਾਅਦ 12.10 ਦੇ ਕਰੀਬ ਦੋ ਅਣਪਛਾਤੇ ਬਾਈਕ ਸਵਾਰ ਨੌਜਵਾਨ ਉਸ ਦੇ ਘਰ ਦੇ ਸਾਹਮਣੇ ਆਏ ਅਤੇ ਇਥੇ ਲਲਕਾਰੇ ਮਾਰ ਕੇ ਉਸ ਨੂੰ ਬਾਹਰ ਨਿਕਲਣ ਨੂੰ ਕਿਹਾ।ਉਨ੍ਹਾਂ ਦਾ ਕਹਿਣਾ ਹੈ ਜਿਸ ਦੌਰਾਨ ਮੁਲਜ਼ਮਾਂ ਨੇ ਗੇਟ ਦੇ ਉੱਤੇ ਗੋਲੀਆਂ ਚਲਾਈਆਂ, ਇਹ ਘਟਨਾ ਸੀਸੀਟੀਵੀ ਵਿੱਚ ਸਪੱਸ਼ਟ ਦੇਖੀ ਜਾ ਸਕਦੀ ਹੈ।
ਉਹਨਾਂ ਦੱਸਿਆ ਕਿ ਸਵੇਰ ਸਮੇਂ ਥਾਣਾ ਖਲਚੀਆਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਹੈ ਅਤੇ ਉਹਨਾਂ ਵੱਲੋਂ ਮੌਕੇ ਉੱਤੇ ਪੁੱਜ ਕੇ ਕਾਰਵਾਈ ਦਾ ਭਰੋਸਾ ਦਿੱਤਾ ਗਿਆ। ਉਹਨਾਂ ਦੱਸਿਆ ਕਿ ਬੀਤੇ ਦਿਨ ਲੰਘੀਆਂ ਪੰਚਾਇਤੀ ਚੋਣਾਂ ਦੌਰਾਨ ਉਸ ਦੀ ਪਤਨੀ ਬਤੌਰ ਸਰਪੰਚ ਉਮੀਦਵਾਰ ਚੋਣਾਂ ਵਿੱਚ ਖੜੀ ਹੋਈ ਸੀ ਅਤੇ ਇਸ ਦੇ ਨਾਲ ਹੀ ਉਹ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਹੈ ਹੁਣ ਕਿਸੇ ਦੀ ਕੀ ਰੰਜਿਸ਼ ਹੈ ਇਹ ਪੁਲਿਸ ਵੱਲੋਂ ਜਾਂਚ ਪੜਤਾਲ ਕਰਕੇ ਸਾਰਾ ਕੁਝ ਸਾਫ ਕਰਨ ਦਾ ਭਰੋਸਾ ਦਿੱਤਾ ਗਿਆ ਹੈ।
ਜਾਂਚ ਅਧਿਕਾਰੀ ਸਿਕੰਦਰ ਨੇ ਦੱਸਿਆ ਕਿ ਪੁਲਿਸ ਵੱਲੋਂ ਮੌਕੇ ਉੱਤੇ ਪੁੱਜ ਕੇ ਗੋਲੀਆਂ ਦੇ ਪੰਜ ਖੋਲ ਬਰਾਮਦ ਕੀਤੇ ਗਏ ਹਨ ਅਤੇ ਅਣਪਛਾਤੇ ਦੋ ਨੌਜਵਾਨਾਂ ਦੇ ਖਿਲਾਫ਼ ਮਾਮਲਾ ਦਰਜ ਕਰਕੇ ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਦੇ ਆਧਾਰ ਉੱਤੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ । ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਮੁਲਜ਼ਮ ਕਾਬੂ ਕੀਤੇ ਜਾਣਗੇ।