- Updated: July 11, 2025 12:39 PM
ਮੁੱਖ ਮੰਤਰੀ ਭਗਵੰਤ ਮਾਨ ਨੇ ਸਦਨ ਵਿਚ ਸੰਬੋਧਨ ਕਰਦੇ ਹੋਏ ਕਿਹਾ ਕਿ ਕਾਂਗਰਸੀ ਬਾਹਰ ਜਾਣ ਦਾ ਬਹਾਨਾ ਭਾਲ ਰਹੇ ਹਨ ਪਰ ਮੈਂ ਸਪੀਕਰ ਸਾਹਿਬ ਤੁਹਾਨੂੰ ਜਿੰਦਾ ਕੁੰਜੀ ਦਿਤੇ ਹੋਏ ਹਨ, ਇਨ੍ਹਾਂ ਨੂੰ ਬਾਹਰ ਨਾ ਜਾਣ ਦਿਉ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਬੀ.ਬੀ.ਐਮ.ਬੀ. ਬਾਰੇ ਬਹਿਸ ਚੱਲ ਰਹੀ ਹੈ। ਹਾਲ ਹੀ ਵਿਚ ਇਕ ਸਰਬ ਪਾਰਟੀ ਮੀਟਿੰਗ ਹੋਈ ਸੀ। ਸਾਰੇ ਆਗੂਆਂ ਨੇ ਸਹਿਮਤੀ ਪ੍ਰਗਟਾਈ ਗਈ ਸੀ ਕਿ ਉਹ ਇਸ ਮੁੱਦੇ ’ਤੇ ਤੁਹਾਡੇ ਨਾਲ ਹਨ। ਬੀਤੀ ਦਿਨੀਂ ਮੈਂ ਐਸ.ਵਾਈ.ਐਲ. ਮੀਟਿੰਗ ਵਿਚ ਸ਼ਾਮਲ ਹੋਣ ਲਈ ਦਿੱਲੀ ਗਿਆ ਸੀ।
ਉੱਥੇ, ਚਰਚਾ ਦੋ ਤੋਂ ਤਿੰਨ ਘੰਟੇ ਚੱਲੀ। ਜਦੋਂ ਅਧਿਕਾਰੀ ਪੇਸ਼ਕਾਰੀ ਦਿੰਦੇ ਹਨ, ਤਾਂ ਉਹ 1955 ਤੋਂ ਦੇਣਾ ਸ਼ੁਰੂ ਕਰ ਦਿੰਦੇ ਹਨ। ਉਸ ਤੋਂ ਬਾਅਦ, ਹਰ ਕੋਈ ਸਾਲਾਂ ਦੀ ਗਿਣਤੀ ਕਰਦਾ ਹੈ। ਤੁਹਾਡਾ ਜਨਮ ਉਸ ਸਮੇਂ ਹੋਇਆ ਸੀ। ਅਸੀਂ 1975 ਦੇ ਮਾਡਲ ਹਾਂ। ਰਿਪੇਰੀਅਨ ਕਾਨੂੰਨ ਦੇ ਅਨੁਸਾਰ, ਸਮਝੌਤਿਆਂ ਦੀ 25 ਸਾਲਾਂ ਬਾਅਦ ਸਮੀਖਿਆ ਕੀਤੀ ਜਾਣੀ ਚਾਹੀਦੀ ਹੈ।
ਸਦਨ ਵਿਚ ਦਿਲਜੀਤ ਦੋਸਾਂਝ ਦੇ ਹੱਕ ਵਿਚ ਬੋਲਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪਹਿਲਗਾਮ ਦੀ ਦੁਖਦਾਈ ਘਟਨਾ ਤੋਂ ਬਹੁਤ ਪਹਿਲਾਂ ਉਨ੍ਹਾਂ ਦੀ ਫ਼ਿਲਮ ਬਣੀ ਸੀ, ਜਿਸ ’ਚ ਪਾਕਿਸਤਾਨੀ ਕਲਾਕਾਰ ਸੀ ਪਰ ਸਾਨੂੰ ਗੱਦਾਰ ਕਿਹਾ ਜਾ ਰਿਹਾ ਹੈ, ਕੀ ਹੁਣ ਤੁਸੀਂ ਸਾਨੂੰ ਦੇਸ਼ ਭਗਤੀ ਦੇ ਸਰਟੀਫ਼ਿਕੇਟ ਵੰਡੋਗੇ। ਇਸ ਦੌਰਾਨ ਮੁੱਖ ਮੰਤਰੀ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਮੁੜ ਆਹਮੋ-ਸਾਹਮਣੇ ਹੋ ਗਏ।
ਸਦਨ ’ਚ ਮੁੱਖ ਮੰਤਰੀ ਦੇ ਸੰਬੋਧਨ ਦੌਰਾਨ ਪ੍ਰਤਾਪ ਸਿੰਘ ਬਾਜਵਾ ਤੇ ਮੁੱਖ ਮੰਤਰੀ ਮੁੜ ਆਹਮੋ ਸਾਹਮਣੇ ਹੋ ਗਏ। ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਤੁਹਾਡੀਆਂ ਮਾੜੀਆਂ ਕਾਰਗੁਜ਼ਾਰੀਆਂ ਕਰ ਕੇ ਸਿਆਸਤ ਵਿਚ ਆਏ ਹਾਂ। ਇਸ ਦਾ ਜਵਾਬ ਦਿੰਦੇ ਹੋਏ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਇਸ ਤਰ੍ਹਾਂ ਡਰਾਮੇਬਾਜ਼ੀਆਂ ਨਾਲ ਕੰਮ ਨਹੀਂ ਚੱਲਣਾ। ਸਦਨ ’ਚ ਮੁੱਖ ਮੰਤਰੀ ਦੀ ਉਸ ਟਿੱਪਣੀ ਮਗਰੋਂ ਵੱਡਾ ਰੌਲਾ ਰੱਪਾ ਪੈ ਗਿਆ ਜਦੋਂ ਮੁੱਖ ਮੰਤਰੀ ਨੇ ਕਿਹਾ ਕਿ ਬਾਜਵਾ ਸਾਹਿਬ ਅਜੇ 12 ਵਜੇ ਹਨ ਤੁਹਾਨੂੰ ਬੋਲਣ ਦਾ ਟਾਈਮ ਦਿਤਾ ਜਾਵੇਗਾ, ਜਿਸ ਦੇ ਜਵਾਬ ’ਚ ਬਾਜਵਾ ਨੇ ਇਤਰਾਜ਼ ਕੀਤਾ ਅਤੇ ਇਸ ਮਗਰੋਂ ਸਦਨ ’ਚ ਭਾਰੀ ਰੌਲਾ ਰੱਪਾ ਪੈ ਰਿਹਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਾਨੂੰ ਆਪਸ ਵਿਚ ਲੜਾ ਕੇ ਸਾਡੇ ਹੱਕ ਮਾਰ ਰਹੀ ਹੈ, ਸਾਡੀਆਂ ਤਾਂ ਹਰਿਆਣੇ ਨਾਲ ਰਿਸ਼ਤੇਦਾਰੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ। ਈ.ਡੀ. ਉਨ੍ਹਾਂ ਸੂਬਿਆਂ ਵਿਚ ਕਿਉਂ ਆਉਂਦੀ ਹੈ, ਜਿੱਥੇ ਭਾਜਪਾ ਦੀ ਸਰਕਾਰ ਨਹੀਂ। ਉਨ੍ਹਾਂ ਅੱਗੇ ਕਿਹਾ ਕਿ ਆਪਾਂ ਗੱਲ ਉਹ ਕਰੀਏ, ਜਿਸ ਨਾਲ ਪੰਜਾਬ ਦਾ ਫਾਇਦਾ ਹੋਵੇ ਨਾ ਕਿਸੇ ਦਾ ਨਿੱਜੀ ਫਾਇਦਾ। ਉਨ੍ਹਾਂ ਅੱਗੇ ਕਿਹਾ ਕਿ ਜਿਨ੍ਹਾਂ ਦੇ ਖੇਤਾਂ ਵਿਚ ਨਹਿਰਾਂ ਖ਼ਤਮ ਹੁੰਦੀਆਂ ਹਨ, ਜਿਨ੍ਹਾਂ ਦੀਆਂ ਟੂਟੀਆਂ ਸੋਨੇ ਦੀਆਂ ਬਣੀਆਂ ਹੋਣ, ਉਨ੍ਹਾਂ ਨੂੰ ਪਾਣੀ ਦੀ ਮਹੱਤਤਾ ਬਾਰੇ ਕੀ ਪਤਾ।