ਕੈਨੇਡਾ ’ਚ ਗੋਲੀਬਾਰੀ ਦੀਆਂ 12 ਘਟਨਾਵਾਂ ਪਿੱਛੇ ਈਰਾਨ ਦਾ ਹੱਥ ਹੋਣ ਦਾ ਸ਼ੱਕ

ਕੈਨੇਡਾ ’ਚ ਗੋਲੀਬਾਰੀ ਦੀਆਂ 12 ਘਟਨਾਵਾਂ ਪਿੱਛੇ ਈਰਾਨ ਦਾ ਹੱਥ ਹੋਣ ਦਾ ਸ਼ੱਕ

ਕੈਨੇਡਾ ਦੇ ਟੋਰਾਂਟੋ ਸ਼ਹਿਰ ’ਚ ਸਿਆਸੀ ਮਕਸਦ ਨਾਲ ਕੀਤੀ ਗਈ ਗੋਲੀਬਾਰੀ ਦੀਆਂ ਕਰੀਬ 12 ਘਟਨਾਵਾਂ ਦੇ ਪਿੱਛੇ ਈਰਾਨੀ ਸਰਕਾਰ ਦੀ ਫੰਡਿੰਗ ਹੋਣ ਦਾ ਖਦਸ਼ਾ ਪ੍ਰਗਟਾਇਆ ਗਿਆ ਹੈ। ਸੀ. ਬੀ. ਸੀ. ਨਿਊਜ਼ ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਸ਼ਹਿਰ ਵਿਚ ਸੁਪਾਰੀ ਦੇ ਕੇ ਗੋਲੀਬਾਰੀ ਕਰਵਾਉਣ ਦਾ ਇਕ ਅਜਿਹਾ ਨੈੱਟਵਰਕ ਸਰਗਰਮ ਹੋ ਸਕਦਾ ਹੈ, ਜਿਸ ਵਿਚ ਹਮਲਿਆਂ ਨੂੰ ਅੰਜਾਮ ਦੇਣ ਵਾਲੇ ਅਪਰਾਧੀਆਂ ਅਤੇ ਉਨ੍ਹਾਂ ਨੂੰ ਪੈਸੇ ਦੇਣ ਵਾਲਿਆਂ ਵਿਚਕਾਰ ਕਈ ਪੱਧਰਾਂ ’ਤੇ ਸੰਪਰਕ ਲੁਕਾਇਆ ਜਾਂਦਾ ਹੈ। ਟੋਰਾਂਟੋ ਪੁਲਸ, ਰਾਇਲ ਕੈਨੇਡੀਅਨ ਮਾਊਂਟਿਡ ਪੁਲਸ (ਆਰ. ਸੀ. ਐੱਮ. ਪੀ.) ਅਤੇ ਕੈਨੇਡਾ ਦੀ ਖੁਫੀਆ ਏਜੰਸੀ ਸੀ.ਐੱਸ.ਆਈ.ਐੱਸ. ਇਨ੍ਹਾਂ ਘਟਨਾਵਾਂ ਵਿਚ ਕਿਸੇ ਵਿਦੇਸ਼ੀ ਤਾਕਤ ਦੀ ਭੂਮਿਕਾ ਦੀ ਜਾਂਚ ਕਰ ਰਹੀਆਂ ਹਨ। ਹਾਲਾਂਕਿ, ਈਰਾਨੀ ਸਰਕਾਰ ਦੀ ਸ਼ਮੂਲੀਅਤ ਅਜੇ ਜਾਂਚ ਦਾ ਵਿਸ਼ਾ ਹੈ ਅਤੇ ਇਸ ਦੀ ਸੁਤੰਤਰ ਤੌਰ ’ਤੇ ਪੁਸ਼ਟੀ ਨਹੀਂ ਹੋਈ ਹੈ।

ਯਹੂਦੀ ਸੰਸਥਾਵਾਂ ਅਤੇ ਕਾਰੋਬਾਰਾਂ ਨੂੰ ਬਣਾਇਆ ਗਿਆ ਨਿਸ਼ਾਨਾ
ਜਾਂਚ ਵਿਚ ਗੋਲੀਬਾਰੀ ਦੀਆਂ ਘਟਨਾਵਾਂ ਵਿਚਾਲੇ ਇਕੋ ਜਿਹਾ ਪੈਟਰਨ ਸਾਹਮਣੇ ਆਇਆ ਹੈ। ਕਈ ਹਮਲੇ ਸ਼ਹਿਰ ਦੇ ਉਨ੍ਹਾਂ ਹੀ ਇਲਾਕਿਆਂ ਵਿਚ ਅਤੇ ਇਕੋ ਰਾਤ ਦੇ ਦੌਰਾਨ ਹੋਏ। ਇਨ੍ਹਾਂ ਵਿਚ ਸਿਆਸੀ ਟਿਕਾਣਿਆਂ ਦੇ ਨਾਲ-ਨਾਲ ਹੋਰ ਕਾਰੋਬਾਰ ਅਤੇ ਰਿਹਾਇਸ਼ੀ ਪਤੇ ਵੀ ਨਿਸ਼ਾਨੇ ’ਤੇ ਰਹੇ। ਕੁਝ ਘਟਨਾਵਾਂ ਵਿਚ ਯਹੂਦੀ ਪ੍ਰਾਰਥਨਾ ਸਥਾਨਾਂ ਅਤੇ ਯਹੂਦੀ ਕਾਰੋਬਾਰੀਆਂ ਦੇ ਅਦਾਰਿਆਂ ’ਤੇ ਹਮਲੇ, ਕੂੜਾ ਪ੍ਰਬੰਧਨ ਕੰਪਨੀ ਗ੍ਰੀਨ ਫਾਰ ਲਾਈਫ (ਜੀ.ਐੱਫ.ਐੱਲ.) ਨਾਲ ਜੁੜੇ ਨਜ਼ਦੀਕੀ ਟਿਕਾਣਿਆਂ ’ਤੇ ਗੋਲੀਬਾਰੀ ਦੇ ਆਲੇ-ਦੁਆਲੇ ਹੋਏ। ਟੋਰਾਂਟੋ ਪੁਲਸ ਅਨੁਸਾਰ, ਬੈਲਿਸਟਿਕ ਜਾਂਚ ਵਿਚ ਕੁਝ ਘਟਨਾਵਾਂ ’ਚ ਵਰਤੇ ਗਏ ਹਥਿਆਰਾਂ ਵਿਚਕਾਰ ਸਬੰਧ ਦੀ ਪੁਸ਼ਟੀ ਹੋਈ ਹੈ। ਪੁਲਸ ਅਧਿਕਾਰੀ ਜੋਅ ਮੈਥਿਊਜ਼ ਨੇ ਕਿਹਾ ਕਿ ਕੁਝ ਹਥਿਆਰਾਂ ਦੀ ਵਰਤੋਂ ਭੂ-ਸਿਆਸੀ ਨਿਸ਼ਾਨਿਆਂ ਅਤੇ ਜੀ.ਐੱਫ.ਐੱਲ. ਨਾਲ ਜੁੜੇ ਟਿਕਾਣਿਆਂ ’ਤੇ ਹੋਏ ਹਮਲਿਆਂ, ਦੋਵਾਂ ਵਿਚ ਕੀਤੀ ਗਈ।

ਐਨਕ੍ਰਿਪਟਡ ਐਪ ਰਾਹੀਂ ਨੌਜਵਾਨਾਂ ਦੀ ਭਰਤੀ
ਜਾਂਚ ਵਿਚ ਕਈ ਦੋਸ਼ੀਆਂ ਦੀ ਉਮਰ 15 ਸਾਲ ਤੋਂ ਲੈ ਕੇ 20 ਸਾਲ ਦੇ ਸ਼ੁਰੂਆਤੀ ਪੜਾਅ ਤੱਕ ਪਾਈ ਗਈ ਹੈ। ਇਨ੍ਹਾਂ ’ਚੋਂ ਕੁਝ ’ਤੇ ਕਈ ਹਮਲਿਆਂ ਵਿਚ ਸ਼ਾਮਲ ਹੋਣ ਦੇ ਦੋਸ਼ ਹਨ। ਅਧਿਕਾਰੀਆਂ ਮੁਤਾਬਕ, ਅਪਰਾਧੀ ਐਨਕ੍ਰਿਪਟਡ ਮੈਸੇਜਿੰਗ ਐਪ ਅਤੇ ਵਿਚੋਲਿਆਂ ਰਾਹੀਂ ਸ਼ੂਟਰਾਂ ਦੀ ਭਰਤੀ ਕਰ ਸਕਦੇ ਹਨ। ਇਸ ਨਾਲ ਹਮਲੇ ਦਾ ਹੁਕਮ ਦੇਣ ਵਾਲੇ ਵਿਅਕਤੀ ਅਤੇ ਗੋਲੀ ਚਲਾਉਣ ਵਾਲੇ ਅਪਰਾਧੀ ਵਿਚਕਾਰ ਸਿੱਧਾ ਸੰਪਰਕ ਸਾਬਤ ਕਰਨਾ ਮੁਸ਼ਕਲ ਹੋ ਜਾਂਦਾ ਹੈ। ਸੁਰੱਖਿਆ ਮਾਹਰ ਕੀਰ ਜਾਇਲਸ ਅਨੁਸਾਰ, ਇੰਟਰਨੈੱਟ ਅਤੇ ਐਨਕ੍ਰਿਪਟਡ ਸੰਚਾਰ ਮਾਧਿਅਮਾਂ ਨੇ ਅਜਿਹੇ ਨੈੱਟਵਰਕ ਦਾ ਵਿਸਥਾਰ ਕਰਨਾ ਆਸਾਨ ਬਣਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਰੂਸ ਵੀ ਯੂਕ੍ਰੇਨ ’ਤੇ ਹਮਲੇ ਤੋਂ ਬਾਅਦ ਯੂਰਪ ਵਿਚ ਅਸਥਿਰਤਾ ਫੈਲਾਉਣ ਲਈ ਇਸ ਤਰ੍ਹਾਂ ਦੇ ਤਰੀਕਿਆਂ ਦੀ ਵਰਤੋਂ ਕਰਦਾ ਰਿਹਾ ਹੈ।

ਕਈ ਦੇਸ਼ਾਂ ’ਚ ਈਰਾਨ ’ਤੇ ਲੱਗੇ ਹਨ ਦੋਸ਼
ਜੂਨ ਵਿਚ ਕੈਨੇਡਾ ਸਮੇਤ 21 ਦੇਸ਼ਾਂ ਨੇ ਸਾਂਝਾ ਬਿਆਨ ਜਾਰੀ ਕਰ ਕੇ ਯੂਰਪ, ਉੱਤਰੀ ਅਮਰੀਕਾ ਅਤੇ ਆਸਟ੍ਰੇਲੀਆ ਵਿਚ ਈਰਾਨ ਦੀਆਂ ਕਥਿਤ ਹਿੰਸਕ ਸਾਜ਼ਿਸ਼ਾਂ ਦੀ ਨਿੰਦਾ ਕੀਤੀ ਸੀ। ਈਰਾਨੀ ਵਿਦੇਸ਼ ਮੰਤਰਾਲੇ ਤੋਂ ਟੋਰਾਂਟੋ ਦੀਆਂ ਘਟਨਾਵਾਂ ਵਿਚ ਤਹਿਰਾਨ ਦੀ ਕਥਿਤ ਭੂਮਿਕਾ ’ਤੇ ਪ੍ਰਤੀਕਿਰਿਆ ਮੰਗੀ ਗਈ, ਪਰ ਕੋਈ ਜਵਾਬ ਨਹੀਂ ਮਿਲਿਆ। ਈਰਾਨ ਪਹਿਲਾਂ ਵੀ ਦੁਨੀਆ ਭਰ ਵਿਚ ਹਿੰਸਾ ਨੂੰ ਸਪਾਂਸਰ ਕਰਨ ਦੇ ਦੋਸ਼ਾਂ ਨੂੰ ਖਾਰਜ ਕਰਦਾ ਰਿਹਾ ਹੈ। ਟੋਰਾਂਟੋ ਦੇ ਇਕ ਯਹੂਦੀ ਧਾਰਮਿਕ ਆਗੂ ਡੈਨੀਅਲ ਕੋਰੋਬਕਿਨ ਨੇ ਕਿਹਾ ਕਿ ਗੋਲੀਬਾਰੀ ਨਾਲ ਭਾਈਚਾਰੇ ਵਿਚ ਗੁੱਸਾ ਅਤੇ ਨਿਰਾਸ਼ਾ ਹੈ ਪਰ ਲੋਕ ਡਰ ਕੇ ਧਾਰਮਿਕ ਗਤੀਵਿਧੀਆਂ ਬੰਦ ਨਹੀਂ ਕਰਨਗੇ।

ਅਮਰੀਕੀ ਕੌਂਸਲੇਟ ’ਤੇ ਗੋਲੀਬਾਰੀ ਵੀ ਜਾਂਚ ਦੇ ਘੇਰੇ ’ਚ
ਸੀ.ਬੀ.ਸੀ. ਨਿਊਜ਼ ਨੇ ਟੋਰਾਂਟੋ ਸਥਿਤ ਅਮਰੀਕੀ ਕੌਂਸਲੇਟ ਦੇ ਬਾਹਰ ਹੋਈ ਗੋਲੀਬਾਰੀ ਦੀ ਨਵੀਂ ਵੀਡੀਓ ਹਾਸਲ ਕੀਤੀ ਹੈ। ਮਾਰਚ 2026 ਵਿਚ ਹੋਈ ਇਸ ਘਟਨਾ ਨੂੰ ਲੈ ਕੇ ਅਮਰੀਕੀ ਜਾਂਚ ਏਜੰਸੀਆਂ ਨੇ ਵੀ ਕਾਰਵਾਈ ਕੀਤੀ ਹੈ। ਅਮਰੀਕਾ ਵਿਚ ਪਿਛਲੇ ਮਈ ਵਿਚ ਮੁਹੰਮਦ ਬਾਕਿਰ ਅਲ-ਸਾਦੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ’ਤੇ ਦੋਸ਼ ਹੈ ਕਿ ਉਹ ਹਰਕਤ ਅਸਹਾਬ ਅਲ-ਯਮੀਨ ਅਲ-ਇਸਲਾਮੀਆ (ਐੱਚ. ਏ. ਵਾਈ. ਆਈ.) ਨਾਮਕ ਮਲੀਸ਼ੀਆ ਸੰਗਠਨ ਦਾ ਸੀਨੀਅਰ ਮੈਂਬਰ ਹੈ, ਜਿਸ ਨੂੰ ਈਰਾਨ ਦੇ ਰੈਵੋਲਿਊਸ਼ਨਰੀ ਗਾਰਡ ਦਾ ਕੰਟਰੋਲ ਪ੍ਰਾਪਤ ਦੱਸਿਆ ਜਾਂਦਾ ਹੈ। ਨਿਊਯਾਰਕ ਵਿਚ ਦਾਇਰ ਦੋਸ਼ ਪੱਤਰ ਅਨੁਸਾਰ, ਉਹ ਯੂਰਪ ਵਿਚ ਘੱਟੋ-ਘੱਟ 18 ਹਮਲਿਆਂ ਅਤੇ ਕੈਨੇਡਾ ਵਿਚ 2 ਹਮਲਿਆਂ ਦੀ ਯੋਜਨਾ ਬਣਾਉਣ ਅਤੇ ਤਾਲਮੇਲ ਵਿਚ ਸ਼ਾਮਲ ਸੀ। ਇਨ੍ਹਾਂ ਵਿਚ ਟੋਰਾਂਟੋ ਸਥਿਤ ਅਮਰੀਕੀ ਕੌਂਸਲੇਟ ’ਤੇ ਗੋਲੀਬਾਰੀ ਅਤੇ ਇਕ ਯਹੂਦੀ ਧਰਮ ਸਥਾਨ ’ਤੇ ਹਮਲਾ ਸ਼ਾਮਲ ਦੱਸਿਆ ਗਿਆ ਹੈ।