- Updated: October 28, 2026 11:47 PM
ਪਤਾ ਨਹੀਂ ਕਿਓ ਇਟਲੀ ਦੀਆਂ ਸੜਕਾਂ ਕਿਰਤੀਆਂ ਲਈ ਖੂਨੀ ਸੜਕਾਂ ਸਾਬਤ ਹੋ ਰਹੀਆਂ ਹਨ ਜਿਸ ਕਾਰਨ ਹਰ ਰੋਜ ਕੋਈ ਨਾ ਕੋਈ ਕਿਰਤੀ ਅਣਹੋਂਣੀ ਦਾ ਸ਼ਿਕਾਰ ਹੋ ਰਿਹਾ ਹੈ। ਕੁਝ ਅਜਿਹਾ ਹੀ ਵਾਪਰਿਆ ਇੱਕ ਪੰਜਾਬੀ ਭਾਰਤੀ ਨਾਲ ਜਿਹੜਾ ਇੱਕ ਸੜਕ ਹਾਦਸੇ ਵਿੱਚ ਦੁਨੀਆਂ ਤੋਂ ਚਲਾ ਗਿਆ।
ਮਿਲੀ ਜਾਣਕਾਰੀ ਅਨੁਸਾਰ ਪੋਵੀਲਿਓ ਵਿੱਚ ਬੀਤੇ ਦਿਨ ਸ਼ਾਮ ਨੂੰ 31 ਸਾਲਾ ਨੌਜਵਾਨ ਨਵਜੋਤ ਸਿੰਘ ਦੀ ਇੱਕ ਤੇਜ਼ ਰਫ਼ਤਾਰ ਕਾਰ ਨਾਲ ਟੱਕਰ ਹੋ ਗਈ ਜਦੋਂ ਕਿ ਨਵਜੋਤ ਸਿੰਘ ਇਲੈਕਟ੍ਰਿਕ ਸਾਇਕਲ ਉਪੱਰ ਘਰ ਨੂੰ ਜਾ ਰਿਹਾ ਸੀ। ਹਾਦਸੇ ਨਾਲ ਪੰਜਾਬੀ ਨਵਜੋਤ ਸਿੰਘ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਪਰਮਾ ਦੇ ਹਸਪਤਾਲ ਲਿਜਾਇਆ ਗਿਆ, ਪਰ ਕੁਝ ਘੰਟਿਆਂ ਬਾਅਦ ਉਸ ਦੀ ਮੌਤ ਹੋ ਗਈ। ਉਹ ਗਾਤਾਤੀਕੋ ਦੀ ਇੱਕ ਪੈਕਿੰਗ ਕੰਪਨੀ ਵਿੱਚ ਕੰਮ ਕਰਦਾ ਸੀ। ਮ੍ਰਿਤਕ ਆਪਣੇ ਪਿੱਛੇ ਵਿਧਵਾ ਨੂੰ ਰੋਂਦਿਆਂ ਛੱਡ ਗਿਆ ਹੈ। ਘਟਨਾ ਨਾਲ ਭਾਈਚਾਰੇ ਸੋਗ ਛਾਅ ਗਿਆ ਹੈ।
ਉਸ ਦੇ ਇੱਕ ਰਿਸ਼ਤੇਦਾਰ ਨੇ ਪ੍ਰੈੱਸ ਨੂੰ ਦੱਸਿਆ ਕਿ ਹਾਲੇ ਇਹ ਫ਼ੈਸਲਾ ਨਹੀਂ ਹੋਇਆ ਕਿ ਨਵਜੋਤ ਸਿੰਘ ਦਾ ਅੰਤਿਮ ਸੰਸਕਾਰ ਕਿੱਥੇ ਕੀਤਾ ਜਾਵੇਗਾ। ਪਰਿਵਾਰ ਵੱਲੋਂ ਭਾਰਤ ਵਿੱਚ ਰਹਿੰਦੀ ਉਸ ਦੀ ਮਾਤਾ ਨਾਲ ਇਸ ਬਾਰੇ ਸਲਾਹ ਕੀਤੀ ਜਾ ਰਹੀ ਹੈ। ਇਸ ਲਈ ਹਾਲੇ ਇਹ ਸਪੱਸ਼ਟ ਨਹੀਂ ਹੈ ਕਿ ਅੰਤਿਮ ਸੰਸਕਾਰ ਇਟਲੀ ਵਿੱਚ ਹੋਵੇਗਾ ਜਾਂ ਉਸ ਦੇ ਜੱਦੀ ਦੇਸ਼ ਭਾਰਤ ਵਿੱਚ। ਮਰਹੂਮ ਨਵਜੋਤ ਸਿੰਘ ਜਲੰਧਰ ਜ਼ਿਲ੍ਹੇ ਨਾਲ ਸਬੰਧਿਤ ਸੀ।