- Updated: October 29, 2026 08:54 PM
ਪਰਵਿੰਦਰ ਸਿੰਘ ਝੋਟਾ ਹੱਤਿਆ ਮਾਮਲੇ ਨੂੰ ਲੈ ਕੇ ਚੱਲ ਰਹੇ ਭਖਵੇਂ ਸੰਘਰਸ਼ ਅਤੇ ਰੋਸ ਪ੍ਰਦਰਸ਼ਨਾਂ ਦਰਮਿਆਨ ਪੰਜਾਬ ਸਰਕਾਰ ਨੇ ਪ੍ਰਸ਼ਾਸਨਿਕ ਪੱਧਰ 'ਤੇ ਵੱਡਾ ਫੇਰਬਦਲ ਕਰਦਿਆਂ ਮਾਨਸਾ ਜ਼ਿਲ੍ਹੇ ਦੀਆਂ ਤਿੰਨੇ ਸਬ-ਡਿਵੀਜ਼ਨਾਂ ਦੇ ਡੀ.ਐੱਸ.ਪੀ. (DSP) ਬਦਲ ਦਿੱਤੇ ਹਨ।
ਜ਼ਿਕਰਯੋਗ ਹੈ ਕਿ ਮਾਨਸਾ ਦੇ ਡੀ.ਐੱਸ.ਪੀ. ਹਰਜਿੰਦਰ ਸਿੰਘ ਗਿੱਲ ਨੂੰ ਪਹਿਲਾਂ ਹੀ ਮੁਅੱਤਲ ਕੀਤਾ ਜਾ ਚੁੱਕਾ ਹੈ, ਜਿਨ੍ਹਾਂ ਦਾ ਵਾਧੂ ਚਾਰਜ ਡੀ.ਐੱਸ.ਪੀ. (ਡੀ) ਪੁਸ਼ਪਿੰਦਰ ਸਿੰਘ ਗਿੱਲ ਨੂੰ ਸੌਂਪਿਆ ਗਿਆ ਸੀ।
ਨਿਯੁਕਤ ਕੀਤੇ ਗਏ ਅਧਿਕਾਰੀਆਂ ਦੇ ਵੇਰਵੇ:
ਸਪੈਸ਼ਲ ਡੀ.ਜੀ.ਪੀ. (ਐੱਚ) ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ:
ਗੁਰਪ੍ਰਤਾਪ ਸਿੰਘ (ਜੋ ਕਿ ਫ਼ਤਹਿਗੜ੍ਹ ਸਾਹਿਬ ਵਿਖੇ ਡੀ.ਐੱਸ.ਪੀ. ਕਮਾਂਡ ਸੈਂਟਰ ਵਜੋਂ ਤਾਇਨਾਤ ਸਨ) ਨੂੰ ਡੀ.ਐੱਸ.ਪੀ. ਸਬ-ਡਿਵੀਜ਼ਨ ਮਾਨਸਾ ਨਿਯੁਕਤ ਕੀਤਾ ਗਿਆ ਹੈ। ਹਰਵਿੰਦਰ ਸਿੰਘ ਸਰਾਂ (ਡੀ.ਐੱਸ.ਪੀ. ਬਠਿੰਡਾ ਦਿਹਾਤੀ) ਨੂੰ ਡੀ.ਐੱਸ.ਪੀ. ਸਰਦੂਲਗੜ੍ਹ ਲਾਇਆ ਗਿਆ ਹੈ। ਸਰਬਜੀਤ ਸਿੰਘ ਬਰਾੜ (ਡੀ.ਐੱਸ.ਪੀ. ਸਪੈਸ਼ਲ ਬ੍ਰਾਂਚ, ਬਠਿੰਡਾ) ਨੂੰ ਡੀ.ਐੱਸ.ਪੀ. ਬੁਢਲਾਡਾ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਦੇ ਨਾਲ ਹੀ ਬੁਢਲਾਡਾ ਦੇ ਸਾਬਕਾ ਡੀ.ਐੱਸ.ਪੀ. ਸਿਕੰਦਰ ਸਿੰਘ ਦਾ ਤਬਾਦਲਾ ਕਰਕੇ ਉਨ੍ਹਾਂ ਨੂੰ ਲੱਡਾ ਕੋਠੀ (ਸੰਗਰੂਰ) ਭੇਜ ਦਿੱਤਾ ਗਿਆ ਹੈ।
ਐੱਸ.ਪੀ. ਪੱਧਰ ਦੇ ਅਧਿਕਾਰੀ ਵੀ ਤਾਇਨਾਤ
DSPs ਦੇ ਤਬਾਦਲਿਆਂ ਤੋਂ ਇਲਾਵਾ, ਸਥਿਤੀ ਨੂੰ ਕਾਬੂ ਹੇਠ ਰੱਖਣ ਅਤੇ ਪ੍ਰਸ਼ਾਸਨਿਕ ਕੰਮਕਾਜ ਨੂੰ ਸੁਚਾਰੂ ਬਣਾਉਣ ਲਈ ਐੱਸ.ਪੀ. (SP) ਪੱਧਰ ਦੇ ਤਿੰਨ ਸੀਨੀਅਰ ਅਧਿਕਾਰੀਆਂ ਨੂੰ ਵੀ ਆਰਜ਼ੀ ਤੌਰ ’ਤੇ ਮਾਨਸਾ ਜ਼ਿਲ੍ਹੇ ਵਿੱਚ ਤਾਇਨਾਤ ਕੀਤਾ ਗਿਆ ਹੈ। ਸੂਤਰਾਂ ਅਨੁਸਾਰ ਇਹ ਸਾਰੇ ਤਬਾਦਲੇ ਅਤੇ ਤਾਇਨਾਤੀਆਂ ਪਰਵਿੰਦਰ ਸਿੰਘ ਝੋਟਾ ਮਾਮਲੇ ਨੂੰ ਲੈ ਕੇ ਇਲਾਕੇ ਵਿੱਚ ਜਾਰੀ ਸੰਘਰਸ਼ ਅਤੇ ਗੰਭੀਰ ਹਾਲਾਤਾਂ ਦੇ ਮੱਦੇਨਜ਼ਰ ਅਹਿਮ ਕਦਮ ਵਜੋਂ ਵੇਖੀਆਂ ਜਾ ਰਹੀਆਂ ਹਨ।