ਮੂਸੇਵਾਲਾ ਕਤਲ ਕਾਂਡ ਨਾਲ ਜੁੜਿਆ ਇਕ ਹੋਰ ਰਾਜ਼ :9 ਸ਼ੂਟਰ ਤਿਆਰ ਕੀਤੇ ਸਨ ਗੈਂਗਸਟਰ ਗੋਲਡੀ ਬਰਾੜ ਨੇ

ਮੂਸੇਵਾਲਾ ਕਤਲ ਕਾਂਡ ਨਾਲ ਜੁੜਿਆ ਇਕ ਹੋਰ ਰਾਜ਼ :9 ਸ਼ੂਟਰ ਤਿਆਰ ਕੀਤੇ ਸਨ ਗੈਂਗਸਟਰ ਗੋਲਡੀ ਬਰਾੜ ਨੇ

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ’ਚ ਸ਼ਾਮਲ ਛੇਵੇਂ ਸ਼ੂਟਰ ਦੀਪਕ ਮੁੰਡੀ ਦੀ ਗ੍ਰਿਫ਼ਤਾਰੀ ਲਈ ਭਾਵੇਂ ਮਾਨਸਾ ਪੁਲੀਸ ਨੇ ਕਈ ਦਿਨਾਂ ਤੋਂ ਚੁੱਪ ਧਾਰੀ ਹੋਈ ਹੈ ਪਰ ਇਸ ਕਾਂਡ ’ਚ 6 ਦੀ ਥਾਂ ’ਤੇ 9 ਸ਼ੂਟਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਨ੍ਹਾਂ ਵਿੱਚ ਮਨਦੀਪ ਸਿੰਘ ਉਰਫ਼ ਤੂਫਾਨ ਬਟਾਲਾ, ਮਨਪ੍ਰੀਤ ਸਿੰਘ ਉਰਫ਼ ਮਨੀ ਰਈਆ ਅਤੇ ਇੱਕ ਹੋਰ ਸ਼ੂਟਰ ਵੀ ਸ਼ਾਮਲ ਦੱਸੇ ਜਾਂਦੇ ਹਨ। ਇਹ ਤਿੰਨੋਂ ਮੂਸੇਵਾਲਾ ਦੀ ਰੇਕੀ ਵਿੱਚ ਵੀ ਸ਼ਾਮਲ ਸਨ। ਮੂਸੇਵਾਲਾ ਦੀ 29 ਮਈ ਨੂੰ ਹੱਤਿਆ ਤੋਂ ਪਹਿਲਾਂ ਉਹ ਕਤਲ ਦੇ ਕੋਰੋਲਾ ਮਾਡਿਊਲ ਵਿੱਚ ਵੀ ਸ਼ਾਮਲ ਸਨ ਪਰ ਕਤਲ ਤੋਂ ਇੱਕ ਦਿਨ ਪਹਿਲਾਂ ਗੈਂਗਸਟਰ ਗੋਲਡੀ ਬਰਾੜ ਨੇ ਉਨ੍ਹਾਂ ਨੂੰ ਇੱਕ ਵੱਖਰੀ ਕਾਰ ਵਿੱਚ ਉੱਥੋਂ ਜਾਣ ਲਈ ਆਖ ਦਿੱਤਾ ਸੀ।

ਵੇਰਵਿਆਂ ਮੁਤਾਬਕ ਗੋਲਡੀ ਬਰਾੜ ਨੇ ਅਚਾਨਕ ਇਹ ਫ਼ੈਸਲਾ ਇਸ ਲਈ ਲਿਆ ਕਿਉਂਕਿ ਮੰਨਿਆ ਜਾ ਰਿਹਾ ਹੈ ਕਿ ਮੂਸੇਵਾਲਾ ਦੀ ਸਕਿਉਰਿਟੀ ਨਾ ਹੋਣ ਕਾਰਨ ਜ਼ਿਆਦਾ ਸ਼ੂਟਰਾਂ ਦੀ ਲੋੜ ਨਹੀਂ ਸੀ। ਜਾਣਕਾਰੀ ਮੁਤਾਬਕ ਦਿੱਲੀ ਪੁਲੀਸ ਦੀ ਜਾਂਚ ਵਿੱਚ ਇਹ ਮਾਮਲਾ ਸਾਹਮਣੇ ਆਇਆ ਸੀ, ਜਿਸ ਬਾਰੇ ਪੰਜਾਬ ਪੁਲੀਸ ਨੂੰ ਵੀ ਜਾਣਕਾਰੀ ਦੇ ਦਿੱਤੀ ਗਈ ਸੀ।
ਪੁਲੀਸ ਹੁਣ ਤਿੰਨਾਂ ਦੀ ਗ੍ਰਿਫ਼ਤਾਰੀ ਲਈ ਵੀ ਛਾਪੇ ਮਾਰ ਰਹੀ ਹੈ, ਪਰ ਉਹ ਬੇਖੌਫ਼ ਹੋ ਕੇ ਫੇਸਬੁੱਕ ਚਲਾ ਰਹੇ ਹਨ। ਉਨ੍ਹਾਂ ਸੋਸ਼ਲ ਮੀਡੀਆ ਉਤੇ ਪੁਲੀਸ ਨੂੰ ਚੁਣੌਤੀ ਦਿੱਤੀ ਹੈ, ਜਿਸ ਵਿੱਚ ਲਿਖਿਆ ਹੈ ਕਿ ਜ਼ਰੂਰੀ ਨਹੀਂ ਕਿ ਜੰਗ ਸਿਰਫ਼ ਜਿੱਤਣ ਲਈ ਲੜੀ ਜਾਂਦੀ ਹੈ ਅਤੇ ਕਈ ਵਾਰ ਇਹ ਦੱਸਣਾ ਵੀ ਜ਼ਰੂਰੀ ਹੋ ਜਾਂਦਾ ਹੈ ਕਿ ਉਹ ਅਜੇ ਜਿਊਂਦੇ ਹਨ।

ਇਸੇ ਦੌਰਾਨ ਮਾਨਸਾ ਦੇ ਐੱਸਐੱਸਪੀ ਗੌਰਵ ਤੂਰਾ ਨੇ ਦੱਸਿਆ ਕਿ ਪੁਲੀਸ ਦੀਪਕ ਮੁੰਡੀ ਸਮੇਤ ਇਸ ਮਾਮਲੇ ਨਾਲ ਜੁੜੇ ਹੋਰ ਮੁਲਜ਼ਮਾਂ ਖਿਲਾਫ਼ ਸਖ਼ਤ ਕਦਮ ਉਠਾ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਭਾਵੇਂ ਪੁਲੀਸ ਨੂੰ ਕਿਸੇ ਵੀ ਤਰ੍ਹਾਂ ਆਪਣੇ ਬਚਾਅ ਲਈ ਸੋਸ਼ਲ ਮੀਡੀਆ ਰਾਹੀਂ ਉਲਝਾਉਣ ਦਾ ਯਤਨ ਕਰ ਰਹੇ ਹਨ, ਪਰ ਪੁਲੀਸ ਉਨ੍ਹਾਂ ਤੱਕ ਪੁੱਜਣ ਵਿੱਚ ਕਾਮਯਾਬ ਹੋ ਰਹੀ ਹੈ।

                                                                   Image

ਮੂਸੇਵਾਲਾ ਕਤਲ ਕਾਂਡ ਦੇ ਮੁੱਖ ਸਾਜ਼ਿਸ਼ਘਾੜੇ ਲਾਰੈਂਸ ਬਿਸ਼ਨੋਈ ਨੂੰ ਮੋਗਾ ਪੁਲੀਸ ਵੱਲੋਂ ਡਿਪਟੀ ਮੇਅਰ ਦੇ ਭਰਾ ’ਤੇ ਹਮਲਾ ਕਰਨ ਦੇ ਸਬੰਧ ਵਿੱਚ ਅੱਜ ਅਦਾਲਤ ’ਚ ਪੇਸ਼ ਕੀਤਾ ਗਿਆ, ਜਿੱਥੋਂ ਬਿਸ਼ਨੋਈ ਨੂੰ ਦਸ ਦਿਨਾਂ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਮੋਗਾ ਦੇ ਡਿਪਟੀ ਮੇਅਰ ਅਸ਼ੋਕ ਧਮੀਜਾ ਦੇ ਭਰਾ ’ਤੇ ਦੋ ਨੌਜਵਾਨਾਂ ਨੇ ਗੋਲੀਆਂ ਚਲਾ ਦਿੱਤੀਆਂ ਸਨ। ਪਿਤਾ ਨੂੰ ਬਚਾਉਣ ਲਈ ਆਏ ਉਸ ਦੇ ਪੁੱਤਰ ਦੇ ਪੈਰ ਵਿੱਚ ਗੋਲੀ ਲੱਗੀ ਸੀ, ਪਰ ਉਸ ਨੇ ਇੱਕ ਹਮਲਾਵਰ ਮੋਨੂੰ ਡਾਗਰ ਨੂੰ ਕਾਬੂ ਕਰ ਲਿਆ ਸੀ ਜਦਕਿ ਉਸ ਦਾ ਸਾਥੀ ਫ਼ਰਾਰ ਹੋਣ ’ਚ ਸਫ਼ਲ ਰਿਹਾ ਸੀ। ਮੋਨੂੰ ਡਾਗਰ ਨੂੰ ਲਾਰੈਂਸ ਬਿਸ਼ਨੋਈ ਦੇ ਗੈਂਗ ਦਾ ਮੈਂਬਰ ਦੱਸਦਿਆਂ ਇਸ ਸਬੰਧ ਵਿੱਚ ਟਰਾਂਜ਼ਿਟ ਰਿਮਾਂਡ ’ਤੇ ਲਿਆਂਦੇ ਗੲੇ ਲਾਰੈਂਸ ਬਿਸ਼ਨੋਈ ਨੂੰ ਅੱਜ ਸੀਆਈਏ ਮੋਗਾ ਦੀ ਟੀਮ ਨੇ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ। ਸੀਆਈਏ ਨੇ ਅਦਾਲਤ ਕੋਲੋਂ ਉਸ ਦੇ ਦਸ ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਜੋ ਕਿ ਅਦਾਲਤ ਵੱਲੋਂ ਸਵੀਕਾਰ ਕਰ ਲਈ ਗਈ।