ਸਲਮਾਨ ਖ਼ਾਨ ਨੂੰ ਧਮਕੀ ਮਿਲਣ ਮਗਰੋਂ ਘਰ ਪਹੁੰਚੀ ਪੁਲਸ। 

ਸਲਮਾਨ ਖ਼ਾਨ ਨੂੰ ਧਮਕੀ ਮਿਲਣ ਮਗਰੋਂ ਘਰ ਪਹੁੰਚੀ ਪੁਲਸ। 

ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਲਾਰੈਂਸ ਬਿਸ਼ਨੋਈ ਗੈਂਗ ਨੇ ਸਲਮਾਨ ਖ਼ਾਨ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਪਾਰਕ 'ਚ ਧਮਕੀ ਭਰਿਆ ਪੱਤਰ ਮਿਲਣ ਤੋਂ ਬਾਅਦ ਸਲਮਾਨ ਦੇ ਪਿਤਾ ਸਲੀਮ ਖ਼ਾਨ ਨੇ ਪੁਲਸ ਕੋਲ ਮਾਮਲਾ ਦਰਜ ਕਰਵਾਇਆ ਹੈ। ਉਦੋਂ ਤੋਂ ਸਲਮਾਨ ਦੇ ਗਲੈਕਸੀ ਅਪਾਰਟਮੈਂਟ ਦੀ ਸੁਰੱਖਿਆ ਵਧਾ ਦਿੱਤੀ ਗਈ ਸੀ ਅਤੇ ਹੁਣ ਮੁੰਬਈ ਪੁਲਸ ਇਸ ਮਾਮਲੇ 'ਚ ਸਲਮਾਨ ਤੋਂ ਪੁੱਛਗਿੱਛ ਕਰਨ ਲਈ ਉਨ੍ਹਾਂ ਕੋਲ ਪਹੁੰਚੀ। ਮੀਡੀਆ ਰਿਪੋਰਟਾਂ ਮੁਤਾਬਕ, ਸੋਮਵਾਰ ਨੂੰ ਪੁਲਸ ਸਲਮਾਨ ਖ਼ਾਨ ਤੋਂ ਪੁੱਛਗਿੱਛ ਕਰਨ ਲਈ ਉਨ੍ਹਾਂ ਦੇ ਗਲੈਕਸੀ ਅਪਾਰਟਮੈਂਟ ਪਹੁੰਚੀ। ਹਾਲਾਂਕਿ, ਮੁੰਬਈ ਪੁਲਸ ਨੇ ਇਸ ਨੂੰ ਇੱਕ ਰੁਟੀਨ ਪ੍ਰਤੀਕਰਮ ਦੱਸਿਆ ਅਤੇ ਅਦਾਕਾਰ ਦੀ ਸੁਰੱਖਿਆ ਦਾ ਮੁਲਾਂਕਣ ਕਰਨ ਤੋਂ ਬਾਅਦ, ਹੁਣ ਮੁੰਬਈ ਪੁਲਸ ਉਥੋਂ ਵਾਪਸ ਚਲੀ ਗਈ। ਕਈ ਮੀਡੀਆ ਰਿਪੋਰਟਾਂ, ਵਿਚ ਇਹ ਵੀ ਕਿਹਾ ਗਿਆ ਹੈ ਕਿ ਮੁੰਬਈ ਪੁਲਸ ਦੀ ਇੱਕ ਟੀਮ ਜਲਦੀ ਹੀ ਪੰਜਾਬ ਲਈ ਰਵਾਨਾ ਹੋਵੇਗੀ, ਜਿੱਥੇ ਉਹ ਇਸ ਮਾਮਲੇ ਵਿਚ ਪੁੱਛਗਿੱਛ ਕਰੇਗੀ।ਦਰਅਸਲ, ਸਲਮਾਨ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦਾ ਮਾਮਲਾ ਕੁਝ ਦਿਨ ਪਹਿਲਾਂ ਹੀ ਸੁਲਝ ਗਿਆ ਸੀ ਪਰ ਇਕ ਵਾਰ ਫਿਰ ਇਹ ਮਾਮਲਾ ਉਸ ਸਮੇਂ ਗਰਮਾ ਗਿਆ ਜਦੋਂ ਮੁੰਬਈ ਪੁਲਸ ਨੇ ਸਲਮਾਨ ਦੇ ਘਰ ਰੇਕੀ ਕਰਨ ਵਾਲੇ ਕਪਿਲ ਪੰਡਿਤ ਨੂੰ ਗ੍ਰਿਫ਼ਤਾਰ ਕਰ ਲਿਆ। ਪੰਜਾਬ ਪੁਲਸ ਦੇ ਡੀ. ਜੀ. ਪੀ. ਗੌਰਵ ਯਾਦਵ ਨੇ ਕਿਹਾ ਕਿ ਪੁਲਸ ਇਸ ਮਾਮਲੇ ਵਿਚ ਕਪਿਲ ਪੰਡਿਤ ਤੋਂ ਲਗਾਤਾਰ ਪੁੱਛਗਿੱਛ ਕਰ ਰਹੀ ਹੈ ਅਤੇ ਪੁਲਸ ਪੁੱਛਗਿੱਛ ਦੌਰਾਨ ਕਪਿਲ ਪੰਡਿਤ ਨੇ ਮੰਨਿਆ ਹੈ ਕਿ ਲਾਰੈਂਸ ਬਿਸ਼ਨੋਈ ਦੇ ਕਹਿਣ 'ਤੇ ਸਚਿਨ ਬਿਸ਼ਨੋਈ ਅਤੇ ਸੰਤੋਸ਼ ਯਾਦਵ ਨਾਲ ਮਿਲ ਕੇ ਉਸ ਨੇ ਸਲਮਾਨ ਦੇ ਘਰ ਦੀ ਰੇਕੀ ਕੀਤੀ ਸੀ | ਗੋਲਡੀ ਬਰਾੜ ਇਸ ਪੂਰੇ ਮਾਮਲੇ ਦਾ ਮਾਸਟਰ ਮਾਈਂਡ ਹੈ। ਸਲਮਾਨ ਦੇ ਆਉਣ ਵਾਲੇ ਪ੍ਰੋਜੈਕਟਸ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਫ਼ਿਲਮ 'ਟਾਈਗਰ 3' ਦੀ ਸ਼ੂਟਿੰਗ ਪੂਰੀ ਕਰ ਲਈ ਹੈ ਅਤੇ ਹਾਲ ਹੀ 'ਚ ਉਨ੍ਹਾਂ ਨੇ ਸਾਜਿਦ ਨਾਡਿਆਡਵਾਲਾ ਦੀ ਫ਼ਿਲਮ 'ਕਿਸ ਕਾ ਭਾਈ, ਕਿਸੀ ਕੀ ਜਾਨ' ਦਾ ਛੋਟਾ ਟੀਜ਼ਰ ਸ਼ੇਅਰ ਕੀਤਾ ਹੈ।