ਰਾਜਸਥਾਨ ''ਚ ਡਾਕਟਰ ਨੇ ਕੁੱਤੇ ਨੂੰ ਕਾਰ ਨਾਲ ਬੰਨ੍ਹ ਕੇ ਬੇਰਹਿਮੀ ਨਾਲ ਸੜਕ ''ਤੇ ਭਜਾਇਆ। 

ਰਾਜਸਥਾਨ ''ਚ ਡਾਕਟਰ ਨੇ ਕੁੱਤੇ ਨੂੰ ਕਾਰ ਨਾਲ ਬੰਨ੍ਹ ਕੇ ਬੇਰਹਿਮੀ ਨਾਲ ਸੜਕ ''ਤੇ ਭਜਾਇਆ। 

ਡਾਕਟਰਾਂ ਨੂੰ ਧਰਤੀ ਦਾ ਰੱਬ ਦਾ ਰੂਪ ਮੰਨਿਆ ਜਾਂਦਾ ਹੈ। ਜੇਕਰ ਡਾਕਟਰ ਹੀ ਬੇਰਹਿਮੀ ਨਾਲ ਵਿਹਾਰ ਕਰਨ ਲੱਗ ਪੈਣ ਤਾਂ ਦੁਨੀਆਂ ਦਾ ਕਿ ਹੋਵੇਗਾ? ਅਜਿਹਾ ਹੀ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਰਾਜਸਥਾਨ ਦੇ ਜੋਧਪੁਰ ਸ਼ਹਿਰ ਵਿੱਚ ਸਾਹਮਣੇ ਆਇਆ ਹੈ। ਇੱਥੇ ਇੱਕ ਡਾਕਟਰ ਵੱਲੋਂ ਕੁੱਤੇ ਨਾਲ ਕੀਤੀ ਗਈ ਬੇਰਹਿਮੀ ਕਾਰਨ ਲੋਕਾਂ ਦਾ ਗੁੱਸਾ ਭੜਕ ਗਿਆ। ਮਿਲੀ ਜਾਣਕਾਰੀ ਮੁਤਾਬਕ ਇਸ ਡਾਕਟਰ ਨੇ ਕੁੱਤੇ ਨੂੰ ਰੱਸੀ ਨਾਲ ਆਪਣੀ ਕਾਰ ਨਾਲ ਬੰਨ੍ਹ ਕੇ ਜੋਧਪੁਰ ਦੀਆਂ ਸੜਕਾਂ 'ਤੇ ਭਜਾਇਆ। ਹੁਣ ਇਸ ਦੀ ਵੀਡੀਓ ਅਤੇ ਫੋਟੋ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਇਸ ਵੀਡੀਓ ਅਤੇ ਫੋਟੋ 'ਤੇ ਲੋਕ ਤਰ੍ਹਾਂ-ਤਰ੍ਹਾਂ ਦੇ ਕਮੈਂਟ ਕਰ ਰਹੇ ਹਨ। ਦੱਸ ਦਈਏ ਕਿ ਡਾਕਟਰ ਦੇ ਖਿਲਾਫ ਜਾਨਵਰਾਂ ਦੀ ਬੇਰਹਿਮੀ ਦਾ ਮਾਮਲਾ ਦਰਜ ਕੀਤਾ ਗਿਆ ਹੈ।

ਦਰਅਸਲ ਐਤਵਾਰ ਸਵੇਰੇ ਜੋਧਪੁਰ ਦੇ ਮਸ਼ਹੂਰ ਪਲਾਸਟਿਕ ਸਰਜਨ ਡਾਕਟਰ ਰਜਨੀਸ਼ ਗਾਲਵਾ ਨੇ ਕੁੱਤੇ ਦੇ ਗਲੇ 'ਚ ਰੱਸੀ ਬੰਨ੍ਹ ਕੇ ਉਸ ਨੂੰ ਕਾਰ ਨਾਲ ਬੰਨ੍ਹ ਦਿੱਤਾ ਅਤੇ ਖੁਦ ਕਾਰ ਚਲਾਉਣ ਲੱਗਾ। ਕੁੱਤਾ ਗੱਡੀ ਦੀ ਤੇਜ਼ ਰਫਤਾਰ ਨਾਲ ਦੌੜਦੀ ਕਾਰ ਦੇ ਨਾਲ ਆਪਣੀ ਜਾਨ ਬਚਾਉਣ ਲਈ ਭੱਜਦਾ ਰਿਹਾ। ਦੌੜਦੇ ਸਮੇਂ ਕੁੱਤਾ ਕਈ ਵਾਰ ਸੜਕ ਤੇ ਡਿੱਗਿਆ ,ਜ਼ਖਮੀ ਹੋ ਗਿਆ ਅਤੇ ਉਸ ਦੇ ਕਾਫ਼ੀ ਸੱਟਾਂ ਲੱਗ ਗਈਆਂ ਅਤੇ ਖੂਨ ਵਹਿ ਗਿਆ। ਅਜਿਹਾ ਹੋਣ ਦੇ ਬਾਅਦ ਵੀ ਡਾਕਟਰ ਨਾ ਰੁਕਿਆ ਅਤੇ ਕਾਰ ਚਲਾਉਂਦਾ ਰਿਹਾ।

ਇਸ ਤੋਂ ਬਾਅਦ ਜਦੋਂ ਕੁਝ ਨੌਜਵਾਨਾਂ ਨੇ ਇਹ ਦੇਖਿਆ ਤਾਂ ਉਨ੍ਹਾਂ ਨੇ ਕਾਰ ਅੱਗੇ ਬਾਈਕ ਲਗਾ ਕੇ ਡਾਕਟਰ ਦੀ ਗੱਡੀ ਨੂੰ ਰੋਕ ਲਿਆ ਅਤੇ ਕੁੱਤੇ ਨੂੰ ਛੁਡਵਾਇਆ। ਡਾਕਟਰ ਨੇ ਸਫਾਈ ਦਿੰਦੇ ਦੱਸਿਆ ਕਿ ਇਹ ਕੁੱਤਾ ਉਨ੍ਹਾਂ ਦੇ ਘਰ ਅੱਗੇ ਭੌਂਕਦਾ ਹੈ। ਉਹ ਉਸ ਨੂੰ ਨਿਗਮ ਦੇ ਘੇਰੇ ਵਿੱਚ ਛੱਡਣ ਜਾ ਰਹੇ ਹਨ। ਡਾਕਟਰ ਦਾ ਕੁੱਤੇ ਨੂੰ ਚੁੱਕਣ ਦਾ ਤਰੀਕਾ ਇੰਨਾ ਬੇਰਹਿਮ ਸੀ ਕਿ ਹਰ ਕੋਈ ਉਸ ਨੂੰ ਦੇਖ ਕੇ ਹੈਰਾਨ ਰਹਿ ਗਿਆ।

ਪੁਕਾਰ ਐਨੀਮਲ ਕੇਅਰ ਸੋਸਾਇਟੀ ਦੀ ਮੀਤ ਪ੍ਰਧਾਨ ਅਪਰਨਾ ਬਿਸਾ ਨੇ ਦੱਸਿਆ ਕਿ ਜਦੋਂ ਡਾਕਟਰ ਨੂੰ ਇਸ ਹਰਕਤ ਲਈ ਰੋਕਿਆ ਗਿਆ ਅਤੇ ਟੋਕਿਆ ਗਿਆ ਤਾਂ ਡਾਕਟਰ ਟੋਕਣ ਵਾਲੇ ਨੌਜਵਾਨਾਂ ਨਾਲ ਝਗੜਾ ਕਰਨ ਲੱਗ ਗਿਆ। ਇਸ ਤੋਂ ਬਾਅਦ ਜਦੋਂ ਪਸ਼ੂਆਂ ਲਈ ਕੰਮ ਕਰ ਰਹੀ ਐਨਜੀਓ ਦੀ ਐਂਬੂਲੈਂਸ ਮੌਕੇ ’ਤੇ ਪਹੁੰਚੀ ਤਾਂ ਡਾਕਟਰ ਨੇ ਉਨ੍ਹਾਂ ਨਾਲ ਵੀ ਝਗੜਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਸਥਾਨਕ ਪੁਲਿਸ ਸਟੇਸ਼ਨ ਨੂੰ ਸੂਚਨਾ ਦਿੱਤੀ ਗਈ। ਮੌਕੇ 'ਤੇ ਪਹੁੰਚੀ ਪੁਲਿਸ ਨੇ ਨੌਜਵਾਨਾਂ ਅਤੇ NGO ਵਰਕਰਾਂ ਦੀ ਮਦਦ ਨਾਲ ਕੁੱਤੇ ਨੂੰ ਡਾਕਟਰ ਦੇ ਚੁੰਗਲ 'ਚੋਂ ਛੁਡਵਾਇਆ। ਦੱਸ ਦਈਏ ਕਿ ਡਾਕਟਰ ਮਹਾਤਮਾ ਗਾਂਧੀ ਹਸਪਤਾਲ, ਜੋਧਪੁਰ ਵਿੱਚ ਕੰਮ ਕਰਦਾ ਹੈ।
ਇਸ ਦੌਰਾਨ ਮੌਕੇ 'ਤੇ ਪਹੁੰਚੀ ਅਰਪਨਾ ਨੇ ਪਸ਼ੂ ਅਧਿਕਾਰ ਕਾਰਕੁਨ ਮੇਨਕਾ ਗਾਂਧੀ ਨੂੰ ਇਸ ਮਾਮਲੇ ਦੀ ਪੂਰੀ ਜਾਣਕਾਰੀ ਦਿੱਤੀ। ਮੇਨਕਾ ਗਾਂਧੀ ਨੇ ਮੌਕੇ 'ਤੇ ਪਹੁੰਚੇ ਪੁਲਿਸ ਮੁਲਾਜ਼ਮਾਂ ਨਾਲ ਗੱਲਬਾਤ ਕੀਤੀ ਜਿਸ ਤੋਂ ਬਾਅਦ ਵਿੱਚ ਕੁੱਤੇ ਨੂੰ ਇਲਾਜ ਲਈ ਭੇਜਿਆ ਗਿਆ। ਦੱਸ ਦਈਏ ਕਿ ਡਾ: ਰਜਨੀਸ਼ ਗਾਲਵਾ ਦਾ ਸ਼ਹਿਰ ਦੀ ਸਭ ਤੋਂ ਪੌਸ਼ ਕਲੋਨੀ ਸ਼ਾਸਤਰੀ ਨਗਰ ਵਿੱਚ ਮਕਾਨ ਹੈ। ਉਹ ਮਹਾਤਮਾ ਗਾਂਧੀ ਹਸਪਤਾਲ ਵਿੱਚ ਪਲਾਸਟਿਕ ਸਰਜਨ ਹੈ। ਡਾਕਟਰ ਖ਼ਿਲਾਫ਼ ਕੇਸ ਦਰਜ ਕਰਨ ਵਾਲੀ ਅਪਰਨਾ ਬਿਸਾ ਨੇ ਕਿਹਾ ਕਿ ਡਾਕਟਰੀ ਇੱਕ ਅਜਿਹਾ ਪੇਸ਼ਾ ਹੈ ਜਿਸ ਵਿੱਚ ਪੀੜਤ ਨੂੰ ਰਾਹਤ ਅਤੇ ਜ਼ਿੰਦਗੀ ਦਿੱਤੀ ਜਾਂਦੀ ਹੈ। ਪਰ ਜੇਕਰ ਧਰਤੀ ਦਾ ਰੱਬ ਕਹਾਉਣ ਵਾਲਾ ਡਾਕਟਰ ਕਿਸੇ ਜੀਵ-ਜੰਤੂ ਨਾਲ ਇਸ ਤਰ੍ਹਾਂ ਦਾ ਜ਼ੁਲਮ ਕਰੇ ਤਾਂ ਅਸੀਂ ਇੱਕ ਆਮ ਆਦਮੀ ਤੋਂ ਕੀ ਉਮੀਦ ਕਰ ਸਕਦੇ ਹਾਂ।
ਫਿਲਹਾਲ ਪੁਲਿਸ ਨੇ ਦੋਸ਼ੀ ਡਾਕਟਰ ਰਜਨੀਸ਼ ਖਿਲਾਫ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਅਪਰਨਾ ਬਿਸਾ ਨੇ ਕਿਹਾ ਕਿ ਆਈਪੀਸੀ ਦੀ ਧਾਰਾ 428, 429 ਅਤੇ ਪੀਸੀਏ ਐਕਟ ਦੀ ਧਾਰਾ 11 ਦੇ ਤਹਿਤ ਗਲੀ ਦੇ ਕੁੱਤੇ ਨੂੰ ਤੰਗ ਕਰਨਾ ਅਤੇ ਕੁੱਟਣਾ ਸਜ਼ਾਯੋਗ ਅਪਰਾਧ ਹੈ। ਸਰਕਾਰ ਦੀ ਪਾਲਿਸੀ ਅਤੇ ਐਨੀਮਲ ਬਰਥ ਕੰਟਰੋਲ-2011 ਤਹਿਤ ਜਿਸ ਇਲਾਕੇ ਵਿੱਚ ਗਲੀ ਦੇ ਕੁੱਤਿਆਂ ਦਾ ਆਤੰਕ ਹੈ, ਉੱਥੇ ਉਨ੍ਹਾਂ ਦੀ ਨਸਬੰਦੀ ਤਾਂ ਕੀਤੀ ਜਾ ਸਕਦੀ ਹੈ ਪਰ ਮਾਰਿਆ ਨਹੀਂ ਜਾ ਸਕਦਾ। ਜੇਕਰ ਕੋਈ ਇਨ੍ਹਾਂ ਅਵਾਰਾ ਕੁੱਤਿਆਂ ਜਾਂ ਪਸ਼ੂਆਂ ਨੂੰ ਤੰਗ ਕਰਦਾ ਹੈ ਜਾਂ ਮਾਰਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਉਸ ਵਿਰੁੱਧ ਜਾਨਵਰਾਂ 'ਤੇ ਜ਼ੁਲਮ ਦਾ ਮਾਮਲਾ ਦਰਜ ਕੀਤਾ ਜਾ ਸਕਦਾ ਹੈ।