ਮਿਆਂਮਾਰ ਦੇ ਮਯਾਵਾਡੀ ਇਲਾਕੇ ਵਿੱਚੋਂ 32 ਭਾਰਤੀਆਂ ਨੂੰ ਬਚਾਇਆ ਨਾਲ ਹੀ ਵਿਦੇਸ਼ ਮੰਤਰਾਲੇ ਨੇ ਥਾਈਲੈਂਡ ਵਿੱਚ ਲੁਭਾਉਣੀਆਂ ਆਈਟੀ ਨੌਕਰੀਆਂ ਦੀ ਪੇਸ਼ਕਸ਼ ਤੋਂ ਸੁਚੇਤ ਰਹਿਣ ਦੀ ਸਲਾਹ ਦਿੱਤੀ। 

ਮਿਆਂਮਾਰ ਦੇ ਮਯਾਵਾਡੀ ਇਲਾਕੇ ਵਿੱਚੋਂ 32 ਭਾਰਤੀਆਂ ਨੂੰ ਬਚਾਇਆ ਨਾਲ ਹੀ ਵਿਦੇਸ਼ ਮੰਤਰਾਲੇ ਨੇ ਥਾਈਲੈਂਡ ਵਿੱਚ ਲੁਭਾਉਣੀਆਂ ਆਈਟੀ ਨੌਕਰੀਆਂ ਦੀ ਪੇਸ਼ਕਸ਼ ਤੋਂ ਸੁਚੇਤ ਰਹਿਣ ਦੀ ਸਲਾਹ ਦਿੱਤੀ। 

ਥਾਈਲੈਂਡ ਵਿੱਚ ਨੌਕਰੀਆਂ ਦਿਵਾਉਣ ਦੇ ਕੌਮਾਂਤਰੀ ਰੈਕਟ ਦਾ ਸ਼ਿਕਾਰ ਹੋ ਕੇ ਮਿਆਂਮਾਰ ਦੇੇ ਮਯਾਵਾਡੀ ਇਲਾਕੇ ਵਿੱਚ ਫਸੇ 32 ਭਾਰਤੀਆਂ ਨੂੰ ਬਚਾ ਲਿਆ ਗਿਆ ਹੈ। ਇਹ ਜਾਣਾਕਰੀ ਦਿੰਦਿਆਂ ਭਾਰਤੀ ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਫਸੇ ਹੋਏ ਬਾਕੀ ਲੋਕਾਂ ਨੂੰ ਬਚਾਉਣ ਲਈ ਕੋਸ਼ਿਸ਼ਾਂ ਜਾਰੀ ਹਨ। ਮਿਆਂਮਾਰ ਦੇ ਦੱਖਣ ਪੱਛਮੀ ਸੂਬੇ ਕਾਇਨ ਵਿੱਚ ਮਯਾਵਾਡੀ ਇਲਾਕਾ ਥਾਈਲੈਂਡ ਦੇ ਬਾਰਡਰ ਨਾਲ ਲੱਗਦਾ ਹੈ ਜਿੱਥੇ ਮਿਆਂਮਾਰ ਸਰਕਾਰ ਦਾ ਪੂਰਾ ਕੰਟਰੋਲ ਨਹੀਂ ਹੈ। ਇੱਥੇ ਨਸਲੀ ਹਥਿਆਰਬੰਦ ਗਰੁੱਪਾਂ ਦਾ ਕਬਜ਼ਾ ਹੈ। ਫਸੇ ਹੋਏ ਭਾਰਤੀਆਂ ਬਾਰੇ ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਰਿੰਦਮ ਬਾਗਚੀ ਨੇ ਕਿਹਾ, ‘‘ਕੁਝ ਫਰਜ਼ੀ ਕੰਪਨੀਆਂ ਡਿਜੀਟਲ ਸਕੈਮ ਅਤੇ ਜਾਅਲੀ ਕ੍ਰਿਪਟੋ ਸਰਗਰਮੀਆਂ ਵਿੱਚ ਲੱਗੀਆਂ ਹੋਈਆਂ ਹਨ। ਲੱਗਦਾ ਹੈ ਕਿ ਉਨ੍ਹਾਂ ਨੂੰ ਦੁਬਈ, ਬੈਂਕਾਕ ਅਤੇ ਭਾਰਤ ਵਿੱਚੋਂ ਚਲਾਇਆ ਜਾ ਰਿਹਾ ਹੈ ਅਤੇ ਉਹ ਥਾਈਲੈਂਡ ਵਿੱਚ ਆਈਟੀ ਸੈਕਟਰ ਵਿੱਚ ਨੌਕਰੀਆਂ ਦੀ ਲਾਲਚ ਦੇ ਕੇ ਭਾਰਤੀ ਵਰਕਰਾਂ ਨੂੰ ਭਰਤੀ ਕਰ ਰਹੀਆਂ ਹਨ।’’ ਉਨ੍ਹਾਂ ਕਿਹਾ ਕਿ ਵਰਕਰਾਂ ਨੂੰ ਸੋਸ਼ਲ ਮੀਡੀਆ ਇਸ਼ਤਿਹਾਰਾਂ ਰਾਹੀਂ ਥਾਈਲੈਂਡ ਵਿੱਚ ਉੱਚ ਮੁਨਾਫ਼ੇ ਵਾਲੀਆਂ ਨੌਕਰੀਆਂ ਦਾ ਲਾਲਚ ਦਿੱਤਾ ਜਾ ਰਿਹਾ ਹੈ। ਬਾਗਚੀ ਨੇ ਕਿਹਾ ਕਿ ਮਯਾਵਾਡੀ ਵਿੱਚ ਫਸੇ 80 ਤੋਂ 90 ਭਾਰਤੀ ਲੋਕਾਂ ਵਿੱਚੋਂ 32 ਨੂੰ ਬਚਾ ਲਿਆ ਗਿਆ ਹੈ। ਉਨ੍ਹਾਂ ਨੇ ਭਾਰਤੀ ਲੋਕਾਂ ਨੂੰ ਲੁਭਾਉਣੀਆਂ ਨੌਕਰੀਆਂ ਦੇ ਝਾਂਸੇ ਵਿੱਚ ਆਉਣ ਤੋਂ ਬਚਣ ਦੀ ਅਪੀਲ ਵੀ ਕੀਤੀ ਹੈ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਨੇ ਦੱਸਿਆ ਕਿ ਮਿਆਂਮਾਰ ਅਤੇ ਥਾਈਲੈਂਡ ਵਿੱਚ ਭਾਰਤੀ ਸਫਾਰਤਖਾਨਿਆਂ ਨੇ ਇਸ ਸਬੰਧੀ ਐਡਵਾਈਜ਼ਰੀਆਂ ਵੀ ਜਾਰੀ ਕੀਤੀਆਂ ਹਨ।