ਕੈਨੇਡਾ ’ਚ ਪੜ੍ਹਾਈ ਕਰਨ ਲਈ ਭੇਜੀ ਪਤਨੀ ਨੇ ਚਾੜ੍ਹ ’ਤਾ ਚੰਨ, ਸੁਫ਼ਨੇ ’ਚ ਵੀ ਨਾ ਸੋਚਿਆ ਸੀ ਹੋਵੇਗਾ ਇਹ ਕੁੱਝ

ਕੈਨੇਡਾ ’ਚ ਪੜ੍ਹਾਈ ਕਰਨ ਲਈ ਭੇਜੀ ਪਤਨੀ ਨੇ ਚਾੜ੍ਹ ’ਤਾ ਚੰਨ, ਸੁਫ਼ਨੇ ’ਚ ਵੀ ਨਾ ਸੋਚਿਆ ਸੀ ਹੋਵੇਗਾ ਇਹ ਕੁੱਝ

ਕੈਨੇਡਾ ’ਚ ਪੜ੍ਹਾਈ ਕਰਨ ਲਈ ਇਕ ਨੌਜਵਾਨ ਨਾਲ ਵਿਆਹ ਕਰਕੇ ਉਸ ਦੀ 25 ਲੱਖ ਰੁਪਏ ਦੀ ਰਕਮ ਹੜੱਪਣ ਦੇ ਮਾਮਲੇ ’ਚ ਥਾਣਾ ਕੋਤਵਾਲੀ ਕਪੂਰਥਲਾ ਦੀ ਪੁਲਸ ਨੇ ਇਕ ਕੁੜੀ ਸਮੇਤ 2 ਮੁਲਜ਼ਮਾਂ ਖ਼ਿਲਾਫ ਮਾਮਲਾ ਦਰਜ ਕਰ ਲਿਆ ਹੈ। ਦੋਵੇਂ ਮੁਲਜ਼ਮ ਪਿਉ-ਧੀ ਦੱਸੇ ਜਾ ਰਹੇ ਹਨ। ਜਾਣਕਾਰੀ ਅਨੁਸਾਰ ਬਲਵਿੰਦਰ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਪਿੰਡ ਖੁਖਰੈਣ ਥਾਣਾ ਕੋਤਵਾਲੀ ਕਪੂਰਥਲਾ ਨੇ ਐੱਸ. ਐੱਸ. ਪੀ. ਕਪੂਰਥਲਾ ਨਵਨੀਤ ਸਿੰਘ ਬੈਂਸ ਨੂੰ ਦਿੱਤੀ ਆਪਣੀ ਸ਼ਿਕਾਇਤ ’ਚ ਦੱਸਿਆ ਸੀ ਕਿ ਉਸਨੇ ਆਪਣੇ ਲੜਕੇ ਲਾਜਪ੍ਰੀਤ ਸਿੰਘ ਦਾ ਵਿਆਹ ਅਰਸ਼ਪ੍ਰੀਤ ਕੌਰ ਪੁੱਤਰੀ ਰਤਨ ਸਿੰਘ ਵਾਸੀ ਮੰਡੇਰ ਦੋਨਾ ਥਾਣਾ ਢਿਲਵਾਂ ਨਾਲ ਕੀਤਾ ਸੀ। ਅਰਸ਼ਪ੍ਰੀਤ ਕੌਰ ਪੜ੍ਹਾਈ ਕਰਨ ਲਈ ਕੈਨੇਡਾ ਜਾਣਾ ਚਾਹੁੰਦੀ ਸੀ ਤੇ ਉਸਨੇ ਅਤੇ ਉਸਦੇ ਪਿਤਾ ਰਤਨ ਸਿੰਘ ਪੁੱਤਰ ਵਜੀਰ ਸਿੰਘ ਵਾਸੀ ਮੰਡੇਰ ਬੇਟ ਨੇ ਉਨ੍ਹਾਂ ਨਾਲ ਵਾਅਦਾ ਕੀਤਾ ਸੀ ਕਿ ਅਰਸ਼ਪ੍ਰੀਤ ਕੌਰ ਕੈਨੇਡਾ ’ਚ ਜਾ ਕੇ ਆਪਣੇ ਪਤੀ ਲਾਜਪ੍ਰੀਤ ਨੂੰ ਕੈਨੇਡਾ ਬੁਲਾ ਲਵੇਗੀ।
ਇਸ ’ਤੇ ਉਸਨੇ ਦੋਵਾਂ ਦੀਆਂ ਗੱਲਾਂ ’ਚ ਆਉਂਦੇ ਹੋਏ 25 ਲੱਖ ਰੁਪਏ ਦੀ ਰਕਮ ਅਰਸ਼ਪ੍ਰੀਤ ਕੌਰ ਨੂੰ ਕੈਨੇਡਾ ਭੇਜਣ ਲਈ ਲਗਾ ਦਿੱਤੀ, ਜਿਸਦੇ ਬਾਅਦ ਕੈਨੇਡਾ ਪਹੁੰਚ ਕੇ ਅਰਸ਼ਪ੍ਰੀਤ ਕੌਰ ਨੇ ਜਦੋਂ ਉਸਦੇ ਬੇਟੇ ਲਾਜਪ੍ਰੀਤ ਨਾਲ ਗੱਲ ਕਰਨੀ ਛੱਡੀ ਦਿੱਤੀ ਤਾਂ ਉਨ੍ਹਾਂ ਜਦੋਂ ਇਸਦਾ ਕਾਰਨ ਪੁੱਛਿਆ ਤਾਂ ਉਹ ਧਮਕੀਆਂ ਦੇਣ ਲੱਗੀ ਤੇ ਉਸਨੇ ਲਾਜਪ੍ਰੀਤ ਨੂੰ ਕੈਨੇਡਾ ਬੁਲਾਉਣ ਤੋਂ ਸਾਫ ਇਨਕਾਰ ਕਰ ਦਿੱਤਾ। ਇਲ ਲਈ ਉਸ ਨੇ ਇਨਸਾਫ ਲਈ ਐੱਸ. ਐੱਸ. ਪੀ. ਕੋਲ ਗੁਹਾਰ ਲਗਾਈ, ਜਿਨ੍ਹਾਂ ਪੂਰੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਡੀ. ਐੱਸ. ਪੀ. ਵੂਮੈਨ ਸੈੱਲ ਨੂੰ ਜਾਂਚ ਦੇ ਹੁਕਮ ਦਿੱਤੇ। ਜਾਂਚ ਦੌਰਾਨ ਅਰਸ਼ਪ੍ਰੀਤ ਕੌਰ ਤੇ ਉਸਦੇ ਪਿਤਾ ਰਤਨ ਸਿੰਘ ਖ਼ਿਲਾਫ ਲੱਗੇ ਸਾਰੇ ਇਲਜ਼ਾਮ ਸਹੀ ਪਾਏ ਗਏ। ਜਿਸ ਦੇ ਆਧਾਰ ’ਤੇ ਅਰਸ਼ਪ੍ਰੀਤ ਕੌਰ ਤੇ ਉਸਦੇ ਪਿਤਾ ਰਤਨ ਸਿੰਘ ਖ਼ਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।