- Updated: November 21, 2023 10:49 AM
ਖਾਲਿਸਤਾਨੀ ਸਮਰਥਕਾਂ ਅਤੇ ਉਹਨਾਂ ਦੀਆਂ ਗਤੀਵਿਧੀਆਂ ਨੂੰ ਲੈ ਕੇ ਭਾਰਤ ਅਤੇ ਕੈਨੇਡਾ ਵਿਚਾਲੇ ਤਣਾਅ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਦੌਰਾਨ ਭਾਰਤੀ ਮੂਲ ਦੇ ਕੈਨੇਡੀਅਨ ਸੰਸਦ ਮੈਂਬਰ ਚੰਦਰ ਆਰੀਆ ਨੇ ਸੋਮਵਾਰ ਨੂੰ ਸਰੀ ਵਿੱਚ ਖਾਲਿਸਤਾਨੀ ਸਮਰਥਕਾਂ ਦੀ ਇੱਕ ਕਥਿਤ ਵੀਡੀਓ ਸਾਂਝੀ ਕੀਤੀ, ਜਿਸ ਵਿੱਚ ਦਾਅਵਾ ਕੀਤਾ ਗਿਆ ਕਿ ਉਹ ਹਿੰਦੂ ਲਕਸ਼ਮੀ ਨਰਾਇਣ ਮੰਦਰ 'ਤੇ ਹਮਲਾ ਕਰਨਾ ਚਾਹੁੰਦੇ ਹਨ। ਕੈਨੇਡੀਅਨ ਐਮ.ਪੀ ਆਰੀਆ ਨੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਸ਼ੇਅਰ ਕੀਤਾ ਹੈ। ਨਾਲ ਹੀ ਅਧਿਕਾਰੀਆਂ ਨੂੰ ਇਸ ਸਬੰਧੀ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ।
ਉਨ੍ਹਾਂ ਕਿਹਾ ਕਿ ਕੁਝ ਰਿਪੋਰਟਾਂ ਅਨੁਸਾਰ ਪਿਛਲੇ ਹਫ਼ਤੇ ਸਰੀ ਦੇ ਗੁਰਦੁਆਰੇ ਦੇ ਬਾਹਰ ਇੱਕ ਸਿੱਖ ਪਰਿਵਾਰ ਨਾਲ ਦੁਰਵਿਵਹਾਰ ਕੀਤਾ ਗਿਆ ਸੀ। ਹੁਣ ਜਾਪਦਾ ਹੈ ਕਿ ਉਹੀ ਖਾਲਿਸਤਾਨੀ ਸਮੂਹ ਸਰੀ ਦੇ ਹਿੰਦੂ ਲਕਸ਼ਮੀ ਨਰਾਇਣ ਮੰਦਿਰ 'ਚ ਗੜਬੜ ਪੈਦਾ ਕਰਨਾ ਚਾਹੁੰਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਸਭ ਬੋਲਣ ਅਤੇ ਪ੍ਰਗਟਾਵੇ ਦੀ ਆਜ਼ਾਦੀ ਦੇ ਨਾਂ 'ਤੇ ਕੀਤਾ ਜਾ ਰਿਹਾ ਹੈ। ਇਸ ਲਈ ਮੈਂ ਇੱਕ ਵਾਰ ਫਿਰ ਕੈਨੇਡੀਅਨ ਅਧਿਕਾਰੀਆਂ ਨੂੰ ਕਦਮ ਚੁੱਕਣ ਅਤੇ ਕਾਰਵਾਈ ਕਰਨ ਲਈ ਕਹਿ ਰਿਹਾ ਹਾਂ।
ਆਰੀਆ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਦੌਰਾਨ ਹਿੰਦੂ ਮੰਦਰਾਂ 'ਤੇ ਕਈ ਵਾਰ ਹਮਲੇ ਹੋਏ ਹਨ। ਹਿੰਦੂ-ਕੈਨੇਡੀਅਨਾਂ ਵਿਰੁੱਧ ਨਫ਼ਰਤੀ ਅਪਰਾਧ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਗੱਲਾਂ ਨੂੰ ਖੁੱਲ੍ਹੇਆਮ ਅਤੇ ਜਨਤਕ ਤੌਰ 'ਤੇ ਜਾਰੀ ਰੱਖਣ ਦੇਣਾ ਮਨਜ਼ੂਰ ਨਹੀਂ ਹੈ। ਆਰੀਆ ਨੇ ਕਿਹਾ ਕਿ ਇਸ ਸਾਲ ਅਗਸਤ ਵਿੱਚ ਕੈਨੇਡਾ ਵਿੱਚ ਇੱਕ ਹਿੰਦੂ ਮੰਦਰ ਨੂੰ ਖਾਲਿਸਤਾਨ ਦੇ ਜਨਮਤ ਸੰਗ੍ਰਹਿ ਦੇ ਪੋਸਟਰਾਂ ਨਾਲ ਕੱਟੜਪੰਥੀ ਤੱਤਾਂ ਦੁਆਰਾ ਭੰਨਤੋੜ ਕੀਤੀ ਗਈ ਸੀ। ਮੰਦਰ ਦੇ ਗੇਟ 'ਤੇ ਲੱਗੇ ਪੋਸਟਰ 'ਤੇ ਖਾਲਿਸਤਾਨ ਟਾਈਗਰ ਫੋਰਸ ਦੇ ਮੁਖੀ ਅਤੇ ਨਾਮਜ਼ਦ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੀ ਤਸਵੀਰ ਵੀ ਸੀ, ਜੋ ਇਸ ਸਾਲ ਜੂਨ 'ਚ ਮਾਰਿਆ ਗਿਆ ਸੀ।