ਸਿੰਗਾਪੁਰ ਏਅਰਲਾਈਨਜ਼ ਦਾ ਜਹਾਜ਼ ਹਵਾ ''ਚ ਜ਼ੋਰਦਾਰ ਹਿੱਲਿਆ ਜਿਸ ਕਾਰਨ 1 ਦੀ ਹੋਈ ਮੌਤ, 30 ਯਾਤਰੀ ਜ਼ਖ਼ਮੀ

ਸਿੰਗਾਪੁਰ ਏਅਰਲਾਈਨਜ਼ ਦਾ ਜਹਾਜ਼ ਹਵਾ ''ਚ ਜ਼ੋਰਦਾਰ ਹਿੱਲਿਆ ਜਿਸ ਕਾਰਨ 1 ਦੀ ਹੋਈ ਮੌਤ, 30 ਯਾਤਰੀ ਜ਼ਖ਼ਮੀ

ਲੰਡਨ ਤੋਂ ਆਉਣ ਵਾਲੀ ਸਿੰਗਾਪੁਰ ਏਅਰਲਾਈਨਜ਼ ਦੀ ਇੱਕ ਉਡਾਣ ਨੂੰ ਗੰਭੀਰ ਹਵਾਈ ਗੜਬੜ ਦਾ ਸਾਹਮਣਾ ਕਰਨ ਤੋਂ ਬਾਅਦ ਬੈਂਕਾਕ ਵਿੱਚ ਐਮਰਜੈਂਸੀ ਲੈਂਡਿੰਗ ਕਰਨੀ ਪਈ। ਇਸ ਦੌਰਾਨ ਇੱਕ ਯਾਤਰੀ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਦੂਜੇ ਪਾਸੇ ਸਿੰਗਾਪੁਰ ਏਅਰਲਾਈਨਜ਼ ਨੇ ਇਸ ਘਟਨਾ ਦੌਰਾਨ ਇਹ ਨਹੀਂ ਦੱਸਿਆ ਕਿ ਕਿੰਨੇ ਲੋਕ ਜ਼ਖ਼ਮੀ ਹੋਏ ਹਨ। ਕਈ ਥਾਈ ਮੀਡੀਆ ਆਉਟਲੈਟਸ ਨੇ ਦੱਸਿਆ ਕਿ ਜਹਾਜ਼ ਵਿੱਚ ਸਵਾਰ 30 ਯਾਤਰੀ ਜ਼ਖ਼ਮੀ ਹੋ ਗਏ।

ਏਅਰਲਾਈਨ ਨੇ ਇੱਕ ਬਿਆਨ ਵਿੱਚ ਕਿਹਾ, "ਜਹਾਜ਼ ਬੋਇੰਗ 777-300ER ਸੀ, ਜਿਸ ਵਿੱਚ ਕੁੱਲ 211 ਯਾਤਰੀ ਅਤੇ 18 ਚਾਲਕ ਦਲ ਦੇ ਮੈਂਬਰ ਸਵਾਰ ਸਨ।" ਇਸ ਹਵਾਈ ਘਟਨਾ ਦੌਰਾਨ ਜ਼ਖ਼ਮੀ ਹੋਏ ਲੋਕਾਂ ਨੂੰ ਇਲਾਜ ਲਈ ਰਨਵੇ ਤੋਂ ਤਬਦੀਲ ਕਰਨ ਲਈ ਸਮਿਥੀਵੇ ਸ਼੍ਰੀਨਾਕਾਰਿਨ ਹਸਪਤਾਲ ਦੀਆਂ ਸਥਾਨਕ ਐਮਰਜੈਂਸੀ ਟੀਮਾਂ ਮੌਕੇ 'ਤੇ ਮੌਜੂਦ ਸਨ। ਸੁਵਰਨਭੂਮੀ ਏਅਰਪੋਰਟ ਦੁਆਰਾ ਲਾਈਨ ਮੈਸੇਜਿੰਗ ਪਲੇਟਫਾਰਮ 'ਤੇ ਪੋਸਟ ਕੀਤੀ ਗਈ ਇੱਕ ਵੀਡੀਓ ਵਿੱਚ ਘਟਨਾ ਵਾਲੀ ਥਾਂ ਵੱਲ ਵਧਦੀ ਹੋਈ ਐਂਬੂਲੈਂਸਾਂ ਦੀ ਇੱਕ ਲਾਈਨ ਦਿਖਾਈ ਦਿੱਤੀ।

ਸਿੰਗਾਪੁਰ ਏਅਰਲਾਈਨਜ਼ ਨੇ ਇਕ ਬਿਆਨ 'ਚ ਕਿਹਾ, ''ਅਸੀਂ ਉਸ ਯਾਤਰੀ ਦੇ ਪਰਿਵਾਰ ਪ੍ਰਤੀ ਸੰਵੇਦਨਾ ਪ੍ਰਗਟ ਕਰਦੇ ਹਾਂ, ਜਿਨ੍ਹਾਂ ਨੇ ਇਸ ਹਵਾਈ ਘਟਨਾ 'ਚ ਆਪਣੀ ਜਾਨ ਗੁਆ ​​ਦਿੱਤੀ। ਦੱਸ ਦੇਈਏ ਕਿ ਜਹਾਜ਼ ਦੇ ਉਡਾਣ ਭਰਦੇ ਸਮੇਂ ਜਦੋਂ ਹਵਾ ਬੇਕਾਬੂ ਹੋ ਕੇ ਉਸ ਦੇ ਖੰਭਾਂ ਨਾਲ ਟਕਰਾ ਜਾਂਦੀ ਹੈ ਤਾਂ ਜਹਾਜ਼ ਵਿੱਚ ਏਅਰ ਟਰਬਿਊਲੈਂਸ ਹੁੰਦਾ ਹੈ। ਇਸ ਕਾਰਨ ਜਹਾਜ਼ ਨਿਰਧਾਰਿਤ ਉਚਾਈ ਤੋਂ ਉੱਪਰ-ਨੀਚੇ ਜਾਣ ਲੱਗ ਜਾਂਦਾ ਹੈ, ਜਿਸ ਕਾਰਨ ਯਾਤਰੀਆਂ ਨੂੰ ਝਟਕੇ ਲੱਗਣੇ ਸ਼ੁਰੂ ਹੋ ਜਾਂਦੇ ਹਨ।