13 ਸਾਲਾ ਮੁੰਡੇ ਨੇ ਬਣਾਈ ਡਿਜੀਟਲ ''ਸਪੋਕਨ ਅਖ਼ਬਾਰ'',ਜਾਣੋ ਖ਼ਾਸੀਅਤ

13 ਸਾਲਾ ਮੁੰਡੇ ਨੇ ਬਣਾਈ ਡਿਜੀਟਲ ''ਸਪੋਕਨ ਅਖ਼ਬਾਰ'',ਜਾਣੋ ਖ਼ਾਸੀਅਤ

ਅੱਜ ਦੇ ਤਕਨਾਲੋਜੀ ਦੇ ਯੁੱਗ 'ਚ ਬੱਚੇ ਬਹੁਤ ਕੁਝ ਨਵਾਂ ਸਿੱਖਦੇ ਹਨ। ਛੋਟੀ ਉਮਰ ਵਿਚ ਤਕਨੀਕ ਜ਼ਰੀਏ ਕੁਝ ਵੱਖਰਾ ਕਰਨ ਦਾ ਹੁਨਰ ਹਰ ਕਿਸੇ ਵਿਚ ਨਹੀਂ ਹੁੰਦਾ। ਬੱਚਿਆਂ 'ਚ ਕਿਸੇ ਵੀ ਚੀਜ਼ ਨੂੰ ਜਲਦੀ ਸਿੱਖਣ ਅਤੇ ਸਮਝਣ ਦੀ ਸਮਰੱਥਾ ਹੁੰਦੀ ਹੈ। ਕੁਝ ਇਸ ਤਰ੍ਹਾਂ ਦੀ ਉਦਾਹਰਣ ਬਣਿਆ ਹੈ, ਹਰਿਆਣਾ ਦਾ 13 ਸਾਲਾ ਕਾਰਤੀਕੇਯ ਜਾਖੜ। ਹਰਿਆਣਾ ਦੇ ਝੱਜਰ ਜ਼ਿਲ੍ਹੇ ਦਾ ਇਕ ਪਿੰਡ ਝਾਂਸਵਾ ਕਾਰਤੀਕੇਯ ਕਰ ਕੇ ਪਿਛਲੇ ਕੁਝ ਦਿਨਾਂ ਤੋਂ ਚਰਚਾ ਵਿਚ ਹੈ। ਦਰਅਸਲ ਕਾਰਤੀਕੇਯ ਨੇ ਇਕ ਡਿਜ਼ੀਟਲ 'ਸਪੋਕਨ ਅਖ਼ਬਾਰ' ਬਣਾਇਆ ਹੈ। ਇਸ ਅਖ਼ਬਾਰ ਦਾ ਨਾਂ ਸ਼੍ਰੀਕੁੰਜ ਰੱਖਿਆ ਹੈ। ਇਸ ਸਪੋਕਨ ਅਖ਼ਬਾਰ 'ਤੇ ਨਿਊਜ਼ ਕਲਿੱਕ ਕਰਦਿਆਂ ਹੀ ਐਂਕਰ ਉਸ ਨੂੰ ਪੜ੍ਹ ਕੇ ਸੁਣਾਉਂਦਾ ਹੈ। ਇੰਨਾ ਹੀ ਨਹੀਂ ਖ਼ਬਰ ਨਾਲ ਜੁੜੇ ਵੀਡੀਓ ਵੀ ਨਾਲ ਹੀ ਵੇਖੇ ਜਾ ਸਕਦੇ ਹਨ। 

ਮਾਂ ਤੋਂ ਮਿਲੀ ਅਖ਼ਬਾਰ ਬਣਾਉਣ ਦੀ ਪ੍ਰੇਰਣਾ
ਕਾਰਤੀਕੇਯ ਨੇ ਇਸ ਅਖ਼ਬਾਰ ਦਾ ਪੇਟੈਂਟ ਵੀ ਰਜਿਸਟਰਡ ਕਰਵਾ ਲਿਆ ਹੈ। 25 ਅਪ੍ਰੈਲ ਨੂੰ ਉਹ ਆਪਣੀ ਮਾਂ ਹੱਥੋਂ ਅਖ਼ਬਾਰ ਰਿਲੀਜ਼ ਕਰਵਾਉਣ ਜਾ ਰਿਹਾ ਹੈ। 9ਵੀਂ ਜਮਾਤ ਵਿਚ ਪੜ੍ਹਨ ਵਾਲਾ ਕਾਰਤੀਕੇਯ ਦੱਸਦਾ ਹੈ ਕਿ ਇਸ ਅਖ਼ਬਾਰ ਦੀ ਪ੍ਰੇਰਣਾ ਉਸ ਨੂੰ ਮਾਂ ਤੋਂ ਮਿਲੀ ਹੈ, ਉਹ ਪੜ੍ਹਨਾ ਨਹੀਂ ਜਾਣਦੀ, ਇਸ ਲਈ ਉਸ ਨੂੰ ਅਸੁਵਿਧਾ ਹੁੰਦੀ ਹੈ।

ਆਰਟੀਫੀਸ਼ੀਅਲ ਇੰਟੈਲੀਜੈਂਸ ਤੋਂ ਕਾਰਤੀਕੇਯ ਨੇ ਸਿੱਖੀਆਂ ਬਾਰੀਕੀਆਂ
ਦਰਅਸਲ ਕਾਰਤੀਕੇਯ ਨੇ ਤਾਲਾਬੰਦੀ ਦੌਰਾਨ ਯੂ-ਟਿਊਬ ਤੋਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੀਆਂ ਬਾਰੀਕੀਆਂ ਸਿੱਖਣੀਆਂ ਸ਼ੁਰੂ ਕੀਤੀਆਂ ਸਨ। ਕਾਰਤੀਕੇਯ ਜਾਖੜ ਨੇ ਬਿਨਾਂ ਕਿਸੇ ਮਾਰਗਦਰਸ਼ਨ ਦੇ ਤਿੰਨ ਲਰਨਿੰਗ ਐਪਲੀਕੇਸ਼ਨਾਂ ਤਿਆਰ ਕੀਤੀਆਂ ਹਨ ਅਤੇ ਹਾਰਵਰਡ ਯੂਨੀਵਰਸਿਟੀ ਤੱਕ ਪਹੁੰਚ ਕੀਤੀ ਹੈ। ਇਸ ਤੋਂ ਇਲਾਵਾ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਨੇ ਉਸ ਨੂੰ ਏਸ਼ੀਆ ਦੇ 'ਯੰਗੇਸਟ ਐਪ ਡਿਵੈਲਪਰ' ਦੇ ਤੌਰ 'ਤੇ ਥਾਂ ਦਿੱਤੀ। ਇਹ ਐਪਸ ਮੌਜੂਦਾ ਸਮੇਂ 'ਚ 45,000 ਤੋਂ ਵੱਧ ਵਿਦਿਆਰਥੀਆਂ ਨੂੰ ਮੁਫ਼ਤ ਸਿਖਲਾਈ ਪ੍ਰਦਾਨ ਕਰ ਰਹੇ ਹਨ।

ਸਪੋਕਨ ਅਖ਼ਬਾਰ ਦਾ ਫਾਇਦਾ ਬਜ਼ੁਰਗਾਂ ਤੇ ਨੇਤਰਹੀਨਾਂ ਨੂੰ ਵੀ ਮਿਲੇਗਾ
ਮਾਂ ਦੀ ਪਰੇਸ਼ਾਨੀ ਨੂੰ ਸਮਝਦੇ ਹੋਏ ਕਾਰਤੀਕੇਯ ਨੇ AI ਨਾਲ ਜੋੜ ਕੇ ਅਖ਼ਬਾਰ 'ਤੇ ਕੰਮ ਕਰਨਾ ਸ਼ੁਰੂ ਕੀਤਾ। ਉਸ ਨੇ ਕਿਹਾ ਕਿ ਉਹ ਕਿੰਨੇ ਹੀ ਪੇਜ਼ ਵਾਲੇ ਅਖ਼ਬਾਰ ਨੂੰ ਇਸ ਤਰ੍ਹਾਂ ਹੀ AI ਨਾਲ ਜੋੜ ਸਕਦਾ ਹੈ। ਇਸ ਦਾ ਫ਼ਾਇਦਾ ਬਜ਼ੁਰਗਾਂ ਅਤੇ ਅਨਪੜ੍ਹ ਲੋਕਾਂ ਤੋਂ ਇਲਾਵਾ ਨੇਤਰਹੀਨ ਲੋਕਾਂ ਨੂੰ ਵੀ ਮਿਲੇਗਾ। ਦੱਸ ਦੇਈਏ ਕਿ ਕਾਰਤਿਕ ਦੇ ਪਿਤਾ 10ਵੀਂ ਪਾਸ ਅਤੇ ਖੇਤੀਬਾੜੀ ਕਰਦੇ ਹਨ। ਪਿਤਾ ਨੇ ਕਿਹਾ ਕਿ ਮੈਂ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਉਹ ਮੇਰੇ ਪੁੱਤਰ ਦੀ ਮਦਦ ਕਰਨ ਤਾਂ ਜੋ ਉਹ ਹੋਰ ਐਪਲੀਕੇਸ਼ਨ ਵਿਕਸਿਤ ਕਰ ਸਕੇ। ਉਹ 'ਚ ਸ਼ਾਨਦਾਰ ਹੁਨਰ ਹੈ ਅਤੇ ਮੈਂ ਚਾਹੁੰਦਾ ਹਾਂ ਕਿ ਉਹ ਡਿਜੀਟਲ ਤਕਨਾਲੋਜੀ 'ਚ ਦੇਸ਼ ਦੀ ਸੇਵਾ ਕਰੇ।

AI ਕੀ ਹੈ?
ਆਰਟੀਫੀਸ਼ੀਅਲ ਇੰਟੈਲੀਜੈਂਸ (AI) ਕੰਪਿਊਟਰ ਵਿਗਿਆਨ ਦੀ ਇਕ ਸ਼ਾਖਾ ਦਾ ਵਰਣਨ ਕਰਨ ਲਈ ਇਕ ਸ਼ਬਦ ਹੈ, ਜੋ ਬੁੱਧੀਮਾਨ ਮਸ਼ੀਨਾਂ ਬਣਾਉਣ ਲਈ ਸਮਰਪਿਤ ਹੈ। ਇਹ ਮਨੁੱਖਾਂ ਵਾਂਗ ਕੰਮ ਕਰਨ ਅਤੇ ਪ੍ਰਤੀਕਿਰਿਆ ਦਿੰਦੀਆਂ ਹਨ।