- Updated: June 24, 2025 12:55 PM
ਵਿਦੇਸ਼ ਭੇਜਣ ਦੇ ਨਾਂ ’ਤੇ ਲਗਾਤਾਰ ਠੱਗੀ ਮਾਰਨ ਦੇ ਮਾਮਲੇ ਸਾਹਮਣੇ ਆ ਰਹੇ ਹਨ। ਚੰਡੀਗੜ੍ਹ ਦੇ ਸੈਕਟਰ 17 ਪੁਲਿਸ ਥਾਣੇ ਵਿਚ ਵਿਦੇਸ਼ ਭੇਜਣ ਦੇ ਨਾਂ ’ਤੇ ਠੱਗੀ ਮਾਰਨ ਦੇ ਦੋ ਹੋਰ ਮਾਮਲੇ ਦਰਜ ਹੋਏ। ਪਹਿਲਾ ਮਾਮਲਾ ਸ਼ਿਕਾਇਤ ਕਰਤਾ ਸੰਦੀਪ ਪਾਲ ਵਾਸੀ ਪਿੰਡ ਵੜੈਚ ਜ਼ਿਲ੍ਹਾ ਗੁਰਦਾਸਪੁਰ ਪੰਜਾਬ ਅਤੇ ਹੋਰਾਂ ਦੀ ਸ਼ਿਕਾਇਤ ’ਤੇ ਦਰਜ ਹੋਇਆ।
ਪੁਲਿਸ ਨੂੰ ਦਿਤੀ ਸ਼ਿਕਾਇਤ ਵਿਚ ਸ਼ਿਕਾਇਤ ਕਰਤਾਵਾਂ ਨੇ ਦੱਸਿਆ ਕਿ ਉਨ੍ਹਾਂ ਨੇ ਲਕਸਮਬਰਗ ਦਾ ਵੀਜ਼ਾ ਲੈਣ ਲਈ ਵਰਲਡ ਵਾਕ ਇਮੀਗ੍ਰੇਸ਼ਨ ਕੰਸਲਟੈਂਟ ਸੈਕਟਰ-17 ਸੀ ਚੰਡੀਗੜ੍ਹ ਨਾਲ ਸੰਪਰਕ ਕੀਤਾ। ਦਫ਼ਤਰ ਵਿਚ ਉਨ੍ਹਾਂ ਦੀ ਮੁਲਾਕਾਤ ਅਨੁਭਵ ਗਰਗ ਉਰਫ ਅੰਸ਼ੂ ਗਰਗ ਜੋ ਵਰਲਡ ਵਾਕ ਇਮੀਗ੍ਰੇਸ਼ਨ ਕੰਸਲਟੈਂਟ ਦਾ ਮਾਲਕ ਹੈ, ਨਾਲ ਹੋਈ। ਉਕਤ ਵਿਅਕਤੀ ਨੇ ਸ਼ਿਕਾਇਤ ਕਰਤਾਵਾਂ ਨੂੰ ਅਪਣੇ ਝਾਂਸੇ ਵਿਚ ਲੈਂਦੇ ਹੋਏ ਉਨ੍ਹਾਂ ਨੂੰ ਲਕਸਮਬਰਗ ਦਾ ਵੀਜ਼ਾ ਦੇਣ ਦੇ ਨਾਂ ’ਤੇ 12 ਲੱਖ 23 ਹਜ਼ਾਰ ਰੁਪਏ ਦੀ ਠੱਗੀ ਮਾਰ ਲਈ। ਸੈਕਟਰ 17 ਥਾਣਾ ਪੁਲਿਸ ਨੇ ਸ਼ਿਕਾਇਤ ਕਰਤਾਵਾਂ ਦੇ ਬਿਆਨਾਂ ’ਤੇ ਮਾਮਲਾ ਦਰਜ ਕਰ ਲਿਆ।
ਦੂਜਾ ਮਾਮਲਾ ਸ਼ਿਕਾਇਤ ਕਰਤਾ ਸਟੀਫਨ ਪਿੰਡ ਭੂਰੇਵਾਲ ਜ਼ਿਲ੍ਹਾ ਅੰਬਾਲਾ ਅਤੇ ਹੋਰਾਂ ਦੀ ਸ਼ਿਕਾਇਤ ’ਤੇ ਦਰਜ ਹੋਇਆ। ਸ਼ਿਕਾਇਤ ਕਰਤਾਵਾਂ ਨੇ ਪੁਲਿਸ ਨੂੰ ਦਿਤੀ ਸ਼ਿਕਾਇਤ ਵਿਚ ਦੱਸਿਆ ਕਿ ਬਾਰਡਰ ਲਾਈਨ ਮੂਵ ਕੰਸਲਟੈਂਟ ਸੈਕਟਰ-17 ਸੀ ਚੰਡੀਗੜ੍ਹ ਦੇ ਗੁਰਜੋਤ ਅਤੇ ਹੋਰਾਂ ਨੇ ਸ਼ਿਕਾਇਤ ਕਰਤਾਵਾਂ ਨੂੰ ਆਸਟਰੇਲੀਆ ਦਾ ਵੀਜ਼ਾ ਦੇਣ ਦੇ ਨਾਂ ’ਤੇ ਉਸ ਨਾਲ 4.58 ਲੱਖ ਰੁਪਏ ਦੀ ਠੱਗੀ ਮਾਰ ਲਈ। ਸ਼ਿਕਾਇਤ ਕਰਤਾਵਾਂ ਨੂੰ ਨਾ ਤਾਂ ਆਸਟਰੇਲੀਆ ਦਾ ਵੀਜ਼ਾ ਲਗਵਾ ਕੇ ਦਿਤਾ ਅਤੇ ਨਾ ਹੀ ਹੁਣ ਉਨ੍ਹਾਂ ਦੇ ਪੈਸੇ ਵਾਪਸ ਕੀਤੇ। ਸੈਕਟਰ-17 ਥਾਣਾ ਪੁਲਿਸ ਨੇ ਸ਼ਿਕਾਇਤ ਕਰਤਾਵਾਂ ਦੇ ਬਿਆਨਾਂ ’ਤੇ ਗੁਰਜੋਤ ਅਤੇ ਹੋਰਾਂ ਵਿਰੁਧ ਮਾਮਲਾ ਦਰਜ ਕਰ ਲਿਆ