- Updated: June 24, 2025 11:21 AM
ਦੇਸ਼ ਦੇ 2 ਚੋਟੀ ਦੇ ਗੈਂਗਸਟਰ ਜਿਨ੍ਹਾਂ ’ਚੋਂ ਇਕ ਲਾਰੈਂਸ ਬਿਸ਼ਨੋਈ ਹੈ, ਜੋ ਸਾਬਰਮਤੀ ਜੇਲ ’ਚ ਬੰਦ ਹੈ ਅਤੇ ਦੂਜਾ ਗੋਲਡੀ ਬਰਾੜ ਹੈ, ਜੋ ਵਿਦੇਸ਼ ਵਿਚ ਹੈ। ਦੋਵਾਂ ਵਿਚਕਾਰ ਦੋਸਤੀ ਖਤਮ ਹੋ ਗਈ ਹੈ ਅਤੇ ਦੁਸ਼ਮਣੀ ਦੀਆਂ ਲਕੀਰਾਂ ਖਿੱਚੀਆਂ ਗਈਆਂ ਹਨ। ਇਹ ਖੁਲਾਸਾ ਗੋਲਡੀ ਬਰਾੜ ਨੇ ਖੁਦ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਕੀਤਾ ਹੈ। ਗੋਲਡੀ ਨੇ ਕਿਹਾ ਕਿ ਉਸ ਦਾ ਹੁਣ ਲਾਰੈਂਸ ਬਿਸ਼ਨੋਈ ਦੇ ਗੈਂਗ ਨਾਲ ਕੋਈ ਲੈਣਾ-ਦੇਣਾ ਨਹੀਂ ਰਹੇਗਾ। ਆਉਣ ਵਾਲੇ ਦਿਨਾਂ ’ਚ ਪੁਲਸ ਨੂੰ ਉਨ੍ਹਾਂ ਦੀ ਦੁਸ਼ਮਣੀ ਦਾ ਫਾਇਦਾ ਹੋਣ ਦੀ ਸੰਭਾਵਨਾ ਹੈ। ਲਾਰੈਂਸ ਦਾ ਨਾਂ ਸਲਮਾਨ ਖਾਨ ਨੂੰ ਧਮਕੀਆਂ ਅਤੇ ਸਿੱਧੂ ਮੂਸੇਵਾਲਾ ਦੇ ਕਤਲ ’ਚ ਆਇਆ ਸੀ, ਜਦੋਂ ਕਿ ਗੋਲਡੀ ਬਰਾੜ ਜੋ ਕਿ ਖਾਲਿਸਤਾਨ ਦਾ ਸਮਰਥਕ ਹੈ, ਵਿਦੇਸ਼ਾਂ ਤੋਂ ਲਾਰੈਂਸ ਦੇ ਗੈਂਗ ਨੂੰ ਚਲਾਉਂਦਾ ਰਿਹਾ।
ਦੋਵੇਂ ਦੇਸ਼ ਦੇ ਚੋਟੀ ਦੇ ਗੈਂਗਸਟਰ ਹਨ। ਉਨ੍ਹਾਂ ਦੇ ਇਸ਼ਾਰੇ ’ਤੇ ਉਨ੍ਹਾਂ ਦੇ ਸ਼ਾਰਪ ਸ਼ੂਟਰਾਂ ਨੇ ਕਿਸੇ ਵੀ ਵੱਡੀ ਸ਼ਖਸੀਅਤ ਨੂੰ ਗੋਲੀ ਮਾਰਨ ’ਚ ਦੇਰ ਨਹੀਂ ਲਗਾਈ। ਹੁਣ ਇਸ ਸਮੇਂ ਉਨ੍ਹਾਂ ਦੀ ਦੋਸਤੀ ਖਤਮ ਹੋ ਗਈ ਹੈ ਅਤੇ ਦੁਸ਼ਮਣੀ ਦੀ ਇਕ ਨਵੀਂ ਲਾਈਨ ਖਿੱਚੀ ਗਈ ਹੈ। ਲਾਰੈਂਸ ਬਿਸ਼ਨੋਈ ਖੁਦ ਸਾਬਰਮਤੀ ਜੇਲ ਵਿਚ ਹੈ, ਉਸ ਦਾ ਭਰਾ ਅਨਮੋਲ ਬਿਸ਼ਨੋਈ ਅਮਰੀਕਾ ਦੀ ਜੇਲ ਵਿਚ ਹੈ। ਗੋਲਡੀ ਬਰਾੜ ਜੋ ਪਹਿਲਾਂ ਗੈਂਗ ਚਲਾ ਰਿਹਾ ਸੀ, ਵੱਖ ਹੋ ਗਿਆ ਹੈ। ਦੇਸ਼ ਦੀਆਂ ਏਜੰਸੀਆਂ ਹੁਣ ਇਸ ਗੱਲ ’ਤੇ ਨਜ਼ਰ ਰੱਖ ਰਹੀਆਂ ਹਨ ਕਿ ਹੁਣ ਲਾਰੈਂਸ ਦੇ ਗੈਂਗ ਦੀ ਕਮਾਨ ਕੌਣ ਸੰਭਾਲੇਗਾ।
ਗੋਲਡੀ ਬਰਾੜ ਨੇ ਕਿਹਾ ਕਿ ਰਾਜਸਥਾਨ ਦੇ ਆਸ਼ੀਸ਼ ਗੁਪਤਾ ’ਤੇ ਉਸ ਦੇ ਸ਼ੂਟਰ ਨੇ ਗੋਲੀ ਚਲਾਈ ਹੈ, ਅਨਮੋਲ ਬਿਸ਼ਨੋਈ ਬਿਨਾਂ ਵਜ੍ਹਾ ਜ਼ਿੰਮੇਵਾਰੀ ਲੈ ਰਿਹਾ ਹੈ। ਗੋਲਡੀ ਬਰਾੜ ਨੇ ਕਿਹਾ ਕਿ 17 ਜੂਨ ਨੂੰ ਰਾਜਸਥਾਨ ਦੇ ਸ਼੍ਰੀ ਗੰਗਾਨਗਰ ’ਚ ਆਸ਼ੀਸ਼ ਗੁਪਤਾ ਨਾਂ ਦੇ ਇਕ ਵਿਅਕਤੀ ’ਤੇ ਹਮਲਾ ਹੋਇਆ ਸੀ। ਇਹ ਹਮਲਾ ਉਸ ਨੇ ਰੋਹਿਤ ਗਦਾਰਾ ਨਾਲ ਮਿਲ ਕੇ ਕੀਤਾ ਸੀ। ਅਨਮੋਲ ਬਿਸ਼ਨੋਈ ਦਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਸੀ। ਸੋਸ਼ਲ ਮੀਡੀਆ ’ਤੇ ਲੋਕ ਕਹਿ ਰਹੇ ਸਨ ਕਿ ਇਹ ਹਮਲਾ ਲਾਰੈਂਸ ਦੇ ਛੋਟੇ ਭਰਾ ਅਨਮੋਲ ਨੇ ਕੀਤਾ ਹੈ। ਬਰਾੜ ਕਹਿੰਦਾ ਹੈ ਕਿ ਹੁਣ ਸਾਡਾ ਅਨਮੋਲ ਬਿਸ਼ਨੋਈ ਨਾਲ ਕੋਈ ਸਬੰਧ ਨਹੀਂ ਹੈ। ਅਸੀਂ ਆਪਣੇ ਸਾਰੇ ਭਰਾਵਾਂ ਨੂੰ ਬਿਸ਼ਨੋਈ ਨਾਲ ਰਿਸ਼ਤਾ ਤੋੜਨ ਬਾਰੇ ਦੱਸ ਦਿੱਤਾ ਹੈ। ਗੋਲਡੀ ਨੇ ਕਿਹਾ ਕਿ ਉਹ ਗੁਪਤਾ ’ਤੇ ਹਮਲੇ ਦੀ ਜ਼ਿੰਮੇਵਾਰੀ ਲੈਂਦਾ ਹੈ। ਉਸ ਨੂੰ ਸਬਕ ਸਿਖਾਉਣ ਲਈ ਹੀ ਲੱਤ ’ਚ ਗੋਲੀ ਮਾਰੀ ਗਈ ਸੀ। ਜੇਕਰ ਉਸ ਨੂੰ ਮਾਰਨਾ ਹੁੰਦਾ, ਤਾਂ ਉਹ ਉਸ ਦੀ ਲੱਤ ’ਚ ਨਹੀਂ, ਸਿਰ ’ਚ ਗੋਲੀ ਮਾਰਦੇ।
ਲਾਰੈਂਸ ਬਿਸ਼ਨੋਈ ਜੋ ਪਿਛਲੇ ਕਈ ਸਾਲਾਂ ਤੋਂ ਸਾਬਰਮਤੀ ਜੇਲ ’ਚ ਬੰਦ ਹੈ। ਲਾਰੈਂਸ ਦੇ ਜੇਲ ਜਾਣ ਤੋਂ ਬਾਅਦ ਉਸ ਦੇ ਭਰਾ ਅਨਮੋਲ ਬਿਸ਼ਨੋਈ ਨੇ ਉਸ ਦੇ ਗੈਂਗ ਦੀ ਕਮਾਨ ਸੰਭਾਲ ਲਈ ਸੀ ਪਰ ਦੋਵੇਂ ਭਰਾ ਗੋਲਡੀ ਬਰਾੜ ਨਾਲ ਆਪਣਾ ਗੈਂਗ ਚਲਾ ਰਹੇ ਸਨ। ਲਾਰੈਂਸ ਦੇ ਭਰਾ ਅਨਮੋਲ ’ਤੇ ਸਿੱਧੂ ਮੂਸੇਵਾਲਾ ਦੀ ਹੱਤਿਆ, ਮਹਾਰਾਸ਼ਟਰ ਦੇ ਸਾਬਕਾ ਮੰਤਰੀ ਬਾਬਾ ਸਿੱਦੀਕੀ ਦੀ ਹੱਤਿਆ ਅਤੇ ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਬਾਰੀ ਕਰਨ ਵਰਗੇ ਗੰਭੀਰ ਮਾਮਲੇ ਦਰਜ ਹਨ। ਸੂਤਰਾਂ ਅਨੁਸਾਰ ਅਨਮੋਲ ਬਿਸ਼ਨੋਈ ਨੂੰ ਪਿਛਲੇ ਸਾਲ ਨਵੰਬਰ ’ਚ ਅਮਰੀਕਾ ’ਚ ਗ੍ਰਿਫਤਾਰ ਕੀਤਾ ਗਿਆ ਸੀ। ਲਾਰੈਂਸ ਸਾਬਰਮਤੀ ਜੇਲ ’ਚ ਹੈ, ਹੁਣ ਤੱਕ ਕੋਈ ਨਹੀਂ ਜਾਣਦਾ ਕਿ ਗੋਲਡੀ ਬਰਾੜ ਕਿਥੇ ਹੈ। ਪਹਿਲਾਂ ਇਹ ਮੰਨਿਆ ਜਾ ਰਿਹਾ ਸੀ ਕਿ ਉਹ ਕੈਨੇਡਾ ’ਚ ਹੈ, ਹੁਣ ਅਧਿਕਾਰੀਆਂ ਨੂੰ ਪਤਾ ਲੱਗਾ ਹੈ ਕਿ ਉਹ ਅਮਰੀਕਾ ਤੋਂ ਆਪਣਾ ਗੈਂਗ ਚਲਾ ਰਿਹਾ ਹੈ। ਦੋਵਾਂ ਵਿਚਕਾਰ ਫੁੱਟ ਦਾ ਫਾਇਦਾ ਪੁਲਸ ਨੂੰ ਹੋਵੇਗਾ। ਪੰਜਾਬ ਪੁਲਸ ਦੇ ਇਕ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਆਵਾਜ਼ ਗੋਲਡੀ ਬਰਾੜ ਦੀ ਹੈ। ਗੋਲਡੀ ਬਰਾੜ ਨੇ ਕੁਝ ਮਹੀਨੇ ਪਹਿਲਾਂ ਪੰਜਾਬ ਪੁਲਸ ਦੇ ਡੀ. ਐੱਸ. ਪੀ. ਵਿਕਰਮ ਬਰਾੜ ਨੂੰ ਵੀ ਫੋਨ ਕੀਤਾ ਸੀ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਇਹ ਦੋਵੇਂ ਵੱਖ ਹੋ ਜਾਂਦੇ ਹਨ ਤਾਂ ਪੁਲਸ ਨੂੰ ਇਸ ਦਾ ਫਾਇਦਾ ਜ਼ਰੂਰ ਹੋਵੇਗਾ।
ਸੂਤਰਾਂ ਦੀ ਮੰਨੀਏ ਤਾਂ ਪੈਸਾ ਅਤੇ ਦਿਨ-ਬ-ਦਿਨ ਵਧਦੀ ਤਾਕਤ ਦੋਵਾਂ ਵਿਚਕਾਰ ਲੜਾਈ ਦਾ ਕਾਰਨ ਮੰਨੀ ਜਾਂਦੀ ਹੈ। ਲਾਰੈਂਸ ਬਿਸ਼ਨੋਈ ਜੇਲ ਵਿਚ ਬੰਦ ਹੈ, ਇਸ ਲਈ ਉਹ ਬਹੁਤਾ ਕੁਝ ਨਹੀਂ ਕਰ ਸਕਦਾ। ਲਾਰੈਂਸ ਦੇ ਜੇਲ ਜਾਣ ਤੋਂ ਬਾਅਦ ਗੋਲਡੀ ਬਰਾੜ ਉਸ ਤੋਂ ਕਈ ਗੁਣਾ ਜ਼ਿਆਦਾ ਸ਼ਕਤੀਸ਼ਾਲੀ ਹੋ ਗਿਆ ਹੈ। ਉਹ ਇਸ ਸਮੇਂ ਕਈ ਵੱਡੇ ਅਪਰਾਧੀਆਂ ਨਾਲ ਕੰਮ ਕਰ ਰਿਹਾ ਹੈ। ਸੂਤਰਾਂ ਨੇ ਦੱਸਿਆ ਕਿ ਲਾਰੈਂਸ ਬਿਸ਼ਨੋਈ ਨੇ ਪਹਿਲਾਂ ਆਪਣੇ ਗੈਂਗ ਦਾ ਕਾਰੋਬਾਰ ਵਧਾਉਣ ਲਈ ਦੂਜੇ ਸੂਬਿਆਂ ਦੇ ਗੈਂਗਸਟਰਾਂ ਨਾਲ ਜੁੜ ਕੇ ਆਪਣਾ ਨੈੱਟਵਰਕ ਵਧਾਇਆ ਸੀ, ਹੁਣ ਗੋਲਡੀ ਬਰਾੜ ਵੀ ਇਹੀ ਕੰਮ ਕਰ ਰਿਹਾ ਹੈ। ਇਕ ਗੱਲ ਤਾਂ ਤੈਅ ਹੈ ਕਿ ਗੈਂਗਸਟਰ ਇਕ-ਦੂਜੇ ਦੇ ਕਿੰਨੇ ਵੀ ਨੇੜੇ ਕਿਉਂ ਨਾ ਹੋਣ, ਕੁਝ ਸਮੇਂ ਬਾਅਦ ਦੋਸਤੀ ਦੁਸ਼ਮਣੀ ’ਚ ਬਦਲ ਜਾਂਦੀ ਹੈ। ਛੋਟਾ ਰਾਜਨ ਅਤੇ ਦੇਸ਼ ਦੇ ਸਭ ਤੋਂ ਵੱਡੇ ਡੌਨ ਦਾਊਦ ਨੇੜੇ ਰਹਿਣ ਵਾਲੇ ਲੋਕਾਂ ਵਿਚਕਾਰ ਵੀ ਦੁਸ਼ਮਣੀ ਪੈਣ ਦੀਆਂ ਗੱਲਾਂ ਕਿਸੇ ਤੋਂ ਛੁਪੀਆਂ ਨਹੀਂ।
ਲਾਰੈਂਸ-ਗੋਲਡੀ ਦੀ ਦੋਸਤੀ ’ਚ ਦਰਾਰ ਪੈਣ ਕਾਰਨ ਕਈ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਲਾਰੈਂਸ ਬਿਸ਼ਨੋਈ ਦਾ ਨਾਂ ਪਿਛਲੇ 4 ਸਾਲਾਂ ’ਚ ਸਲਮਾਨ ਖਾਨ ਨੂੰ ਲਗਾਤਾਰ ਧਮਕੀਆਂ ਦੇਣ ਅਤੇ ਉਸ ਦੇ ਘਰ ’ਤੇ ਗੋਲੀ ਚਲਾਉਣ ਅਤੇ ਸਿੱਧੂ ਮੂਸੇਵਾਲਾ ਦੀ ਦਿਨ-ਦਿਹਾੜੇ ਗੋਲੀ ਮਾਰ ਕੇ ਹੱਤਿਆ ਕਰਨ ਤੋਂ ਬਾਅਦ ਖ਼ਬਰਾਂ ’ਚ ਆਇਆ ਸੀ। ਐੱਨ. ਆਈ. ਏ. ਦੀ ਰਿਪੋਰਟ ਅਨੁਸਾਰ ਲਾਰੈਂਸ ਗੈਂਗ ਦੇ 800 ਸ਼ੂਟਰ ਉਸ ਦੀ ਕਮਾਂਡ ’ਤੇ ਕੰਮ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਹਨ। ਇੰਨਾ ਹੀ ਨਹੀਂ, ਕੈਨੇਡੀਅਨ ਸਰਕਾਰ ਨੇ ਇਹ ਵੀ ਦੋਸ਼ ਲਗਾਇਆ ਸੀ ਕਿ ਭਾਰਤ ਸਰਕਾਰ ਦੇ ਏਜੰਟ ਬਿਸ਼ਨੋਈ ਗੈਂਗ ਨਾਲ ਮਿਲ ਕੇ ਕੈਨੇਡੀਅਨ ਧਰਤੀ ’ਤੇ ਦਹਿਸ਼ਤ ਫੈਲਾਅ ਰਹੇ ਹਨ। ਇਹ ਬਿਆਨ ਕੈਨੇਡੀਅਨ ਸਰਕਾਰ ਨੇ ਖਾਲਿਸਤਾਨੀ ਸਮਰਥਕ ਨਿੱਝਰ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਤੋਂ ਬਾਅਦ ਦਿੱਤਾ ਸੀ।
ਦੋਵਾਂ ਗੈਂਗਾਂ ਵਿਚਕਾਰ ਇਹ ਦਰਾਰ ਗੈਂਗਵਾਰ ਦੀਆਂ ਘਟਨਾਵਾਂ ’ਚ ਵਾਧਾ ਕਰ ਸਕਦੀ ਹੈ, ਕਿਉਂਕਿ ਦੋਵੇਂ ਗੈਂਗ ਆਪਣੇ ਗਰੁੱਪਾਂ ਨੂੰ ਮਜ਼ਬੂਤ ਕਰਨ ਅਤੇ ਦੂਜੇ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰਨਗੇ, ਜੋ ਕਿ ਪੁਲਸ ਅਤੇ ਸੁਰੱਖਿਆ ਏਜੰਸੀਆਂ ਲਈ ਇਕ ਚੁਣੌਤੀ ਹੋਵੇਗੀ। ਹੁਣ ਦੇਸ਼ ਦੀਆਂ ਏਜੰਸੀਆਂ ਨੂੰ 2 ਵੱਖ-ਵੱਖ ਸਮੂਹਾਂ ਦਾ ਸਾਹਮਣਾ ਕਰਨਾ ਪਵੇਗਾ। ਇਸ ਗੈਂਗਵਾਰ ’ਚ ਕੁਝ ਨਵੇਂ ਸਾਥੀ ਵੀ ਸ਼ਾਮਲ ਹੋਣਗੇ। ਇਹ ਦੇਖਣਾ ਬਾਕੀ ਹੈ ਕਿ ਅਪਰਾਧ ਦੀ ਦੁਨੀਆ ’ਚ ਇਹ ਨਵਾਂ ਮੋੜ ਕੀ ਪ੍ਰਭਾਵ ਪਾਵੇਗਾ। ਇਹ ਤੈਅ ਹੈ ਕਿ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਦਾ ਵੱਖ ਹੋਣਾ ਗੈਂਗਵਾਰ ਦਾ ਇਕ ਨਵਾਂ ਅਤੇ ਖਤਰਨਾਕ ਅਧਿਆਏ ਸ਼ੁਰੂ ਕਰ ਸਕਦਾ ਹੈ।