- Updated: October 24, 2026 05:26 PM
ਅਮਰੀਕਾ ਤੋਂ ਭਾਰਤੀਆਂ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਕੱਢਣ ਅਤੇ ਡੰਕੀ ਰੂਟ ਰਾਹੀਂ ਵਿਦੇਸ਼ ਭੇਜਣ ਦੇ ਮਾਮਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਵੱਡੀ ਕਾਰਵਾਈ ਕੀਤੀ ਹੈ। ਈਡੀ ਦੀ ਟੀਮ ਨੇ ਦਿੱਲੀ ਤੋਂ ਟ੍ਰੈਵਲ ਏਜੰਟ ਤਰੁਣ ਖੋਂਸਲਾ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰੀ ਤੋਂ ਬਾਅਦ ਅੱਜ ਮੁਲਜ਼ਮ ਨੂੰ ਜਲੰਧਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਈਡੀ ਨੇ ਪੁੱਛਗਿੱਛ ਲਈ 10 ਦਿਨ ਦਾ ਰਿਮਾਂਡ ਮੰਗਿਆ। ਹਾਲਾਂਕਿ, ਅਦਾਲਤ ਨੇ ਈਡੀ ਨੂੰ 7 ਦਿਨ ਦਾ ਰਿਮਾਂਡ ਦਿੱਤਾ ਹੈ।
ਅਦਾਲਤ ਵਿੱਚ ਪੇਸ਼ੀ ਦੌਰਾਨ ਵਕੀਲ ਨੇ ਦੱਸਿਆ ਕਿ ਡੰਕੀ ਰੂਟ ਨਾਲ ਸਬੰਧਤ ਇਹ ਮਾਮਲਾ ਕਾਫ਼ੀ ਸਮੇਂ ਤੋਂ ਚੱਲ ਰਿਹਾ ਸੀ। ਈਡੀ ਦੀ ਟੀਮ ਨੇ ਮੁਲਜ਼ਮ ਨੂੰ ਕਾਬੂ ਕਰਨ ਤੋਂ ਬਾਅਦ ਟਰਾਂਜ਼ਿਟ ਰਿਮਾਂਡ ਹਾਸਲ ਕੀਤਾ ਅਤੇ ਅੱਜ ਅਦਾਲਤ ਵਿੱਚ ਪੇਸ਼ ਕੀਤਾ। ਏਜੰਸੀ ਵੱਲੋਂ ਅਦਾਲਤ ਤੋਂ 10 ਦਿਨ ਦਾ ਰਿਮਾਂਡ ਮੰਗਿਆ ਗਿਆ ਸੀ, ਪਰ ਅਦਾਲਤ ਨੇ 7 ਦਿਨ ਦਾ ਰਿਮਾਂਡ ਮਨਜ਼ੂਰ ਕੀਤਾ।
ਵਕੀਲ ਮੁਤਾਬਕ ਇਸ ਮਾਮਲੇ ਵਿੱਚ ਸਾਲ 2025 ਦੌਰਾਨ ਜਾਇਦਾਦ ਵੀ ਬਰਾਮਦ ਹੋਈ ਸੀ, ਪਰ ਸਬੰਧਤ ਟ੍ਰੈਵਲ ਏਜੰਟ ਦੀ ਗ੍ਰਿਫ਼ਤਾਰੀ ਹੁਣ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਮਨੀ ਲਾਂਡਰਿੰਗ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਈਡੀ ਇਸ ਮਾਮਲੇ ਵਿੱਚ ਵਿਦੇਸ਼ ਭੇਜਣ ਦੇ ਨਾਂ ’ਤੇ ਲੋਕਾਂ ਤੋਂ ਕਥਿਤ ਤੌਰ ’ਤੇ ਵਸੂਲੀ ਗਈ ਰਕਮ, ਸ਼ੱਕੀ ਵਿੱਤੀ ਲੈਣ-ਦੇਣ ਅਤੇ ਇਸ ਨੈੱਟਵਰਕ ਨਾਲ ਜੁੜੇ ਹੋਰ ਲੋਕਾਂ ਦੀ ਭੂਮਿਕਾ ਦੀ ਜਾਂਚ ਕਰ ਰਹੀ ਹੈ। ਜਾਂਚ ਏਜੰਸੀ ਵੱਲੋਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਪੂਰੇ ਨੈੱਟਵਰਕ ਵਿੱਚ ਕੌਣ-ਕੌਣ ਸ਼ਾਮਲ ਸੀ ਅਤੇ ਪੈਸਿਆਂ ਦਾ ਲੈਣ-ਦੇਣ ਕਿਵੇਂ ਕੀਤਾ ਜਾਂਦਾ ਸੀ।
ਜ਼ਿਕਰਯੋਗ ਹੈ ਕਿ ਅਮਰੀਕਾ ਤੋਂ ਕੱਢੇ ਗਏ ਭਾਰਤੀਆਂ ਨਾਲ ਜੁੜੇ ਮਾਮਲਿਆਂ ਵਿੱਚ ਈਡੀ ਪਹਿਲਾਂ ਵੀ ਕਾਰਵਾਈ ਕਰ ਚੁੱਕੀ ਹੈ। ਕਰੀਬ ਇੱਕ ਸਾਲ ਪਹਿਲਾਂ ਵੀ ਏਜੰਸੀ ਨੇ ਇਸ ਮਾਮਲੇ ਨੂੰ ਲੈ ਕੇ ਦਿੱਲੀ, ਪੰਜਾਬ ਅਤੇ ਹਰਿਆਣਾ ਵਿੱਚ 13 ਤੋਂ ਵੱਧ ਥਾਵਾਂ ’ਤੇ ਛਾਪੇਮਾਰੀ ਕੀਤੀ ਸੀ। ਹੁਣ ਟ੍ਰੈਵਲ ਏਜੰਟ ਤਰੁਣ ਖੋਂਸਲਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਜਾਂਚ ਹੋਰ ਅੱਗੇ ਵਧਣ ਦੀ ਸੰਭਾਵਨਾ ਹੈ।