ਪੰਜਾਬ ਵਿਚ 75,00,00,000 ਦੀ ਹੈਰੋਇਨ ਫੜੀ ਗਈ 

ਪੰਜਾਬ ਵਿਚ 75,00,00,000 ਦੀ ਹੈਰੋਇਨ ਫੜੀ ਗਈ 

ਨਸ਼ਾ ਤਸਕਰਾਂ ਖਿਲਾਫ ਚਲਾਏ ਗਏ ਅਭਿਆਨ ਦੇ ਤਹਿਤ ਐਂਟੀ ਨਾਰਕੋਟਿਕਸ ਟਾਸਕ ਫੋਰਸ ਫਿਰੋਜ਼ਪੁਰ ਰੇਂਜ ਦੀ ਪੁਲਸ ਨੇ 2 ਨਸ਼ਾ ਤਸਕਰਾਂ ਨੂੰ ਪਾਕਿਸਤਾਨੀ ਤਸਕਰਾਂ ਵੱਲੋਂ ਭੇਜੀ ਗਈ 15 ਕਿੱਲੋ ਹੈਰੋਇਨ ਦੇ ਨਾਲ ਗ੍ਰਿਫਤਾਰ ਕੀਤਾ ਹੈ। ਇਹ ਜਾਣਕਾਰੀ ਦਿੰਦੇ ਹੋਏ ਏਐੱਨਟੀਐੱਫ ਫਿਰੋਜ਼ਪੁਰ ਰੇਂਜ ਦੇ ਡੀਐੱਸਪੀ ਪ੍ਰਿਥੀਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਪਾਰਟੀ ਨੂੰ ਇਹ ਪਤਾ ਲੱਗਾ ਸੀ ਕਿ ਦੋ ਨਸ਼ਾ ਤਸਕਰ ਸੀਮੋਨ ਸਿੰਘ ਉਰਫ ਸੇਮਲ (ਉਮਰ ਕਰੀਬ 20 ਸਾਲ) ਪੁੱਤਰ ਪਿਆਰਾ ਸਿੰਘ ਅਤੇ ਹਰਭਜਨ ਸਿੰਘ ਸੰਨ ਉਰਫ ਬੱਬੂ (ਉਮਰ ਕਰੀਬ 27 ਸਾਲ) ਪੁੱਤਰ ਸਤਪਾਲ ਸਿੰਘ ਵਾਸੀ ਪਿੰਡ ਛਾਂਗਾ ਰਾਏ ਹਿਠਾੜ ਹੈਰੋਇਨ ਤਸਕਰੀ ਦਾ ਕੰਮ ਕਰਦੇ ਹਨ ਅਤੇ ਇਨ੍ਹਾਂ ਨੇ ਅੱਗੇ ਸਪਲਾਈ ਕਰਨ ਲਈ ਪਾਕਿਸਤਾਨੀ ਤਸਕਰਾਂ ਤੋਂ ਡਰੋਨ ਰਾਹੀਂ ਹੈਰੋਇਨ ਦੀ ਵੱਡੀ ਖੇਪ ਮੰਗਵਾਈ ਹੈ ਜੋ ਡਿਲੀਵਰ ਕਰਨ ਲਈ ਮੋਟਰਸਾਈਕਲ 'ਤੇ ਆ ਰਹੇ ਹਨ।

ਉਨ੍ਹਾਂ ਦੱਸਿਆ ਕਿ ਏਐੱਨਟੀਐਫ ਫਿਰੋਜ਼ਪੁਰ ਰੇਂਜ ਦੀ ਪੁਲਸ ਤੁਰੰਤ ਦੱਸੇ ਗਏ ਏਰੀਆ ਵਿਚ ਨਾਕਾਬੰਦੀ ਕਰਦੇ ਹੋਏ ਨਾਮਜ਼ਦ ਦੋਸ਼ੀਆਂ ਨੂੰ ਪੰਜਾਬ ਨੰਬਰ ਦੇ ਕਾਲੇ ਰੰਗ ਦੇ ਸਪਲੈਂਡਰ ਮੋਟਰਸਾਈਕਲ ਤੇ ਆਉਂਦੇ ਹੋਏ ਕਾਬੂ ਕੀਤਾ ਗਿਆ ਜਿਨ੍ਹਾਂ ਤੋਂ ਇਕ ਕਾਲੇ ਰੰਗ ਦਾ ਬੈਗ ਬਰਾਮਦ ਹੋਇਆ। ਇਸ ਬੈਗ ਨੂੰ ਖੋਲ੍ਹ ਕੇ ਜਦੋਂ ਦੇਖਿਆ ਤਾਂ ਉਸ ਵਿੱਚੋਂ ਅੱਧਾ ਅੱਧਾ ਕਿਲੋ ਦੇ 30 ਹੈਰੋਇਨ ਦੇ ਪੈਕੇਟ ਬਰਾਮਦ ਹੋਏ ਜਿਸ ਵਿਚ 14 ਕਿਲੋ 965 ਗ੍ਰਾਮ ਹੈਰੋਇਨ ਸੀ। ਡੀਐੱਸਪੀ ਪ੍ਰਿਥੀਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਵੀ ਸੂਚਨਾ ਮਿਲੀ ਸੀ ਕਿ ਤਸਕਰ ਸੇਮਲ ਪਹਿਲਾਂ ਤੋਂ ਹੀ ਪਾਕਿਸਤਾਨੀ ਤਸਕਰ ਚਾਚਾ ਕਸੂਰੀ ਦੇ ਨੈੱਟਵਰਕ ਦੇ ਸੰਪਰਕ ਵਿਚ ਸੀ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਇਨ੍ਹਾਂ ਨਸ਼ਾ ਤਸਕਰਾਂ ਦੇ ਬੈਕਵਰਡ ਅਤੇ ਫਾਰਵਰਡ ਲਿੰਕ ਟਰੇਸ ਕੀਤੇ ਜਾ ਰਹੇ ਹਨ ਅਤੇ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਹੈਰੋਇਨ ਦੀ ਇਹ ਵੱਡੀ ਖੇਪ ਅੱਗੇ ਕਿੱਥੇ ਪਹੁੰਚਾਈ ਜਾਣੀ ਸੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਤਸਕਰਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਇਨ੍ਹਾਂ ਦਾ ਪੁਲਸ ਰਿਮਾਂਡ ਲਿਆ ਜਾਵੇਗਾ ਅਤੇ ਅੱਗੇ ਦੀ ਪੁੱਛਗਿੱਛ ਕੀਤੀ ਜਾਵੇਗੀ। ਡੀਐੱਸਪੀ ਨੇ ਦੱਸਿਆ ਕਿ ਤਸਕਰਾਂ ਖਿਲਾਫ ਥਾਣਾ ਏਐੱਨਟੀਐੱਫ ਐੱਸਏਐੱਸ ਨਗਰ ਵਿਚ ਐੱਨਡੀਪੀਐੱਸ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅੱਗੇ ਦੀ ਕਾਰਵਾਈ ਜਾਰੀ ਹੈ। ਜਾਣਕਾਰੀ ਅਨੁਸਾਰ ਫੜੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ ਕਰੀਬ 75 ਕਰੋੜ ਰੁਪਏ ਦੱਸੀ ਜਾਂਦੀ ਹੈ।