- Updated: November 29, 2024 10:45 AM
ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਆਪਣੇ ਹੀ ਸਾਬਕਾ ਨਿੱਜੀ ਸਹਾਇਕ ਜੋ ਇਸ ਸਮੇਂ ਅਮਰੀਕਾ ਵਿੱਚ ਰਹਿ ਰਹੇ ਹਨ ਤੇ ਦੋ ਕਰੋੜ ਰੁਪਏ ਦੀ ਠੱਗੀ ਮਾਰਨ ਦੇ ਆਰੋਪ ਲਗਾਏ ਹਨ। ਇਸ ਸੰਬੰਧ ਵਿੱਚ ਪੁਲਿਸ ਨੂੰ ਵੀ ਸ਼ਿਕਾਇਤ ਕਰ ਦਿੱਤੀ ਗਈ ਹੈ ਤੇ ਪੁਲਿਸ ਇਸ ਮਾਮਲੇ ਦੀ ਜਾਂਚ ਵਿੱਚ ਲੱਗੀ ਹੋਈ ਹੈ। ਨਵਜੋਤ ਕੌਰ ਸਿੱਧੂ ਵੱਲੋਂ ਅੰਮ੍ਰਿਤਸਰ ਦੇ ਪਾਸ਼ ਇਲਾਕੇ ਰਣਜੀਤ ਐਵਨਿਊ ਦੇ ਵਿੱਚ ਇੱਕ ਦਫਤਰ ਦੀ ਰਜਿਸਟਰੇਸ਼ਨ ਮਾਮਲੇ ਵਿੱਚ ਠੱਗੀ ਹੋਈ ਹੈ।
ਇਸ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਠੱਗੀ ਦੇ ਆਰੋਪ ਉਹਨਾਂ ਦੇ ਸਾਬਕਾ ਨਿਜੀ ਸਹਾਇਕ ਦੇ ਉੱਪਰ ਹੀ ਲੱਗੇ ਹਨ। ਪ੍ਰਾਪਤ ਹੋਈ ਜਾਣਕਾਰੀ ਦੇ ਮੁਤਾਬਿਕ ਇਸ ਵਕਤ ਅਮਰੀਕਾ ਵਿੱਚ ਰਹਿ ਰਹੇ ਅੰਗਦ ਪਾਲ ਉਸ ਦੇ ਮਾਮੇ ਮੰਗਲ ਸਿੰਘ ਅਤੇ ਸੁਖਵਿੰਦਰ ਸਿੰਘ ’ਤੇ ਧੋਖਾਧੜੀ ਕਰਨ ਦੇ ਆਰੋਪ ਲਗਾਏ ਗਏ ਹਨ।
ਨਵਜੋਤ ਕੌਰ ਸਿੱਧੂ ਦੇ ਮੁਤਾਬਕ ਅੰਗਦਪਾਲ ਉਹਨਾਂ ਨੂੰ ਵਾਰ-ਵਾਰ ਇਹੀ ਕਹਿੰਦਾ ਰਿਹਾ ਕਿ ਜਲਦ ਹੀ ਤੁਹਾਡੀ ਰਜਿਸਟਰੇਸ਼ਨ ਹੋ ਜਾਵੇਗੀ। ਡਾਕਟਰ ਨਵਜੋਤ ਕੌਰ ਸਿੱਧੂ ਵੱਲੋਂ ਇਹ ਆਰੋਪ ਲਗਾਇਆ ਗਿਆ ਹੈ ਕਿ ਇਸ ਸਬੰਧ ਵਿੱਚ ਡੇਢ ਕਰੋੜ ਰੁਪਏ ਅੰਗਦਪਾਲ ਦੇ ਖਾਤੇ ਵਿੱਚ ਟ੍ਰਾਂਸਫਰ ਕੀਤੇ ਗਏ ਸਨ।ਇਸ ਮਾਮਲੇ ਦੇ ਵਿੱਚ ਪੁਲਿਸ ਅਧਿਕਾਰੀ ਅਜੇ ਕੁਝ ਵੀ ਬੋਲਣ ਲਈ ਤਿਆਰ ਨਹੀਂ ਹਨ ਉਹਨਾਂ ਦਾ ਕਹਿਣਾ ਹੈ ਕਿ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ।