35 ਕਰੋੜ ਖਰਚ ਹੋਣਗੇ ‘ਟਾਈਗਰ 3’ ’ਚ ਸਲਮਾਨ-ਸ਼ਾਹਰੁਖ ਦੇ ਐਕਸ਼ਨ ਸੀਕੁਐਂਸ ’ਤੇ। 

35 ਕਰੋੜ ਖਰਚ ਹੋਣਗੇ ‘ਟਾਈਗਰ 3’ ’ਚ ਸਲਮਾਨ-ਸ਼ਾਹਰੁਖ ਦੇ ਐਕਸ਼ਨ ਸੀਕੁਐਂਸ ’ਤੇ। 

ਸਲਮਾਨ ਖ਼ਾਨ ਦੀ ਫ਼ਿਲਮ ‘ਟਾਈਗਰ 3’ ’ਚ ਸ਼ਾਹਰੁਖ ਖ਼ਾਨ ਦਾ ਜ਼ਬਰਦਸਤ ਕੈਮਿਓ ਨਜ਼ਰ ਆਉਣ ਵਾਲਾ ਹੈ। ‘ਪਠਾਨ’ ਤੋਂ ਬਾਅਦ ਹੁਣ ਦੋਵੇਂ ਸਿਤਾਰੇ ‘ਟਾਈਗਰ 3’ ’ਚ ਇਕੱਠੇ ਨਜ਼ਰ ਆਉਣਗੇ। ਹੁਣ ਖ਼ਬਰ ਆ ਰਹੀ ਹੈ ਕਿ ਸਲਮਾਨ ਤੇ ਸ਼ਾਹਰੁਖ ਫ਼ਿਲਮ ’ਚ ਵੱਡੇ ਬਜਟ ਦਾ ਐਕਸ਼ਨ ਸੀਨ ਕਰਨ ਜਾ ਰਹੇ ਹਨ। ਇਸ ਲੜੀਵਾਰ ਲਈ 35 ਕਰੋੜ ਰੁਪਏ ਦਾ ਸੈੱਟ ਬਣਾਇਆ ਗਿਆ ਹੈ।ਸੂਤਰਾਂ ਦਾ ਕਹਿਣਾ ਹੈ ਕਿ ਫ਼ਿਲਮ ਦੇ ਨਿਰਮਾਤਾ ਆਦਿਤਿਆ ਚੋਪੜਾ ਇਨ੍ਹਾਂ ਦੋਵਾਂ ਸਿਤਾਰਿਆਂ ਦੀ ਪਰਦੇ ’ਤੇ ਮੌਜੂਦਗੀ ਦਾ ਪੂਰਾ ਲਾਭ ਉਠਾਉਣਾ ਚਾਹੁੰਦੇ ਹਨ। ‘ਪਠਾਨ’ ਦੀ ਸ਼ਾਨਦਾਰ ਸਫਲਤਾ ਤੋਂ ਬਾਅਦ ਹੁਣ ਦਰਸ਼ਕਾਂ ਨੂੰ ‘ਟਾਈਗਰ 3’ ’ਚ ਵੀ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਦੇਖਣ ਨੂੰ ਮਿਲ ਸਕਦੀਆਂ ਹਨ।

ਹਿੰਦੁਸਤਾਨ ਟਾਈਮਜ਼ ਦੇ ਸੂਤਰਾਂ ਨੇ ਕਿਹਾ, ‘‘ਜਦੋਂ ਤੁਹਾਡੇ ਕੋਲ ਇਕ ਫ਼ਿਲਮ ’ਚ ਸਲਮਾਨ ਤੇ ਸ਼ਾਹਰੁਖ ਵਰਗੇ ਸੁਪਰਸਟਾਰ ਹੁੰਦੇ ਹਨ। ਫਿਰ ਤੁਹਾਨੂੰ ਉਸ ਦੇ ਸੁਪਰ ਸਟਾਰਡਮ ਨਾਲ ਇਨਸਾਫ਼ ਕਰਨਾ ਚਾਹੀਦਾ ਹੈ। ‘ਪਠਾਨ’ ਤੋਂ ਬਾਅਦ ਅਜਿਹਾ ਕੁਝ ਹੋਵੇਗਾ, ਜੋ ‘ਟਾਈਗਰ 3’ ’ਚ ਪਹਿਲਾਂ ਕਦੇ ਨਹੀਂ ਦੇਖਿਆ ਗਿਆ। ‘ਟਾਈਗਰ 3’ ’ਚ ਹਾਈ ਵੋਲਟੇਜ ਐਕਸ਼ਨ ਸੀਨ ਦੀ ਯੋਜਨਾ ਬਣਾਉਣ ਲਈ ਤਿਆਰੀਆਂ ਚੱਲ ਰਹੀਆਂ ਹਨ। ਆਦਿਤਿਆ ਚੋਪੜਾ ਨੇ ਵੀ ਇਸ ਦੀ ਤਿਆਰੀ ਕਰ ਲਈ ਹੈ।ਇਸ ਤੋਂ ਪਹਿਲਾਂ ਇਕ ਸੂਤਰ ਨੇ ਖ਼ੁਲਾਸਾ ਕੀਤਾ ਸੀ ਕਿ ਦੋਵੇਂ ਖ਼ਾਨ ਲਗਭਗ ਸੱਤ ਦਿਨ ਇਕੱਠੇ ਸ਼ੂਟਿੰਗ ਕਰਨਗੇ। ਫ਼ਿਲਮ ਦੇ ਨਿਰਮਾਤਾ ਤੇ ਨਿਰਦੇਸ਼ਕ ਮਨੀਸ਼ ਸ਼ਰਮਾ ‘ਪਠਾਨ’ ’ਚ ਲੋਕਾਂ ਦੇ ਅਨੁਭਵ ਨੂੰ ਦੁਬਾਰਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਸੂਤਰਾਂ ਮੁਤਾਬਕ ਐਕਸ਼ਨ ਸੀਨ ਅਜਿਹਾ ਹੋਵੇਗਾ, ਜੋ ਕਈ ਸਾਲਾਂ ਤੱਕ ਯਾਦ ਰਹੇਗਾ।

ਸਲਮਾਨ ਖ਼ਾਨ ਦੀ ਇਹ ਬਹੁਤ ਉਡੀਕੀ ਜਾ ਰਹੀ ਫ਼ਿਲਮ ਦੀਵਾਲੀ ਮੌਕੇ 10 ਨਵੰਬਰ 2023 ਨੂੰ ਰਿਲੀਜ਼ ਹੋਵੇਗੀ। ਫ਼ਿਲਮ ’ਚ ਸਲਮਾਨ ਤੋਂ ਇਲਾਵਾ ਕੈਟਰੀਨਾ ਕੈਫ ਤੇ ਇਮਰਾਨ ਹਾਸ਼ਮੀ ਵੀ ਨਜ਼ਰ ਆਉਣਗੇ। ਇਹ ਫ਼ਿਲਮ ਯਸ਼ਰਾਜ ਸਪਾਈ ਯੂਨੀਵਰਸ ਦਾ ਹਿੱਸਾ ਹੋਵੇਗੀ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਫ਼ਿਲਮ ਦਾ ਕੁੱਲ ਬਜਟ 225 ਕਰੋੜ ਰੁਪਏ ਹੋਣ ਵਾਲਾ ਹੈ। ਸ਼ਾਹਰੁਖ ਤੇ ਸਲਮਾਨ ਪਹਿਲੀ ਵਾਰ 1995 ’ਚ ਫ਼ਿਲਮ ਕਰਨ ਅਰਜੁਨ ’ਚ ਨਜ਼ਰ ਆਏ ਸਨ। ਇਹ ਫ਼ਿਲਮ ਆਪਣੇ ਸਮੇਂ ’ਚ ਕਾਫੀ ਹਿੱਟ ਰਹੀ ਸੀ। ਇਸ ਤੋਂ ਬਾਅਦ ਦੋਵਾਂ ਨੇ ‘ਹਮ ਤੁਮਹਾਰੇ ਹੈ ਸਨਮ’ ’ਚ ਇਕੱਠੇ ਕੰਮ ਕੀਤਾ। ‘ਕੁਛ ਕੁਛ ਹੋਤਾ ਹੈ’ ’ਚ ਸਲਮਾਨ ਨੇ ਮਹਿਮਾਨ ਭੂਮਿਕਾ ਨਿਭਾਈ ਸੀ, ਜਿਸ ਨੂੰ ਦਰਸ਼ਕਾਂ ਨੇ ਖ਼ੂਬ ਪਸੰਦ ਕੀਤਾ ਸੀ।

ਇਸ ਤੋਂ ਬਾਅਦ ਸਲਮਾਨ ਨੇ ਸ਼ਾਹਰੁਖ ਖ਼ਾਨ ਦੀ 2018 ’ਚ ਰਿਲੀਜ਼ ਹੋਈ ‘ਜ਼ੀਰੋ’ ’ਚ ਵੀ ਕੈਮਿਓ ਕੀਤਾ ਸੀ। ਹਾਲ ਹੀ ’ਚ ਰਿਲੀਜ਼ ਹੋਈ ਫ਼ਿਲਮ ‘ਪਠਾਨ’ ’ਚ ਸਲਮਾਨ ਦਾ ਜ਼ਬਰਦਸਤ ਕੈਮਿਓ ਦੇਖਣ ਨੂੰ ਮਿਲਿਆ ਸੀ। ਹੁਣ ਯਸ਼ਰਾਜ ਫ਼ਿਲਮਜ਼ ਇਨ੍ਹਾਂ ਦੋਵਾਂ ਨੂੰ ਪੂਰੀ ਫ਼ਿਲਮ ’ਚ ਇਕੱਠੇ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ। ਟਰੇਡ ਐਨਾਲਿਸਟ ਤਰਣ ਆਦਰਸ਼ ਨੇ ਹਾਲ ਹੀ ’ਚ ਯਸ਼ਰਾਜ ਸਪਾਈ ਯੂਨੀਵਰਸ ਦੀਆਂ ਕੁਝ ਆਉਣ ਵਾਲੀਆਂ ਫ਼ਿਲਮਾਂ ਦਾ ਜ਼ਿਕਰ ਕੀਤਾ ਸੀ, ਜਿਸ ’ਚ ‘ਵਾਰ 2’, ‘ਟਾਈਗਰ 3’ ਤੇ ‘ਪਠਾਨ ਵਰਸਿਜ਼ ਟਾਈਗਰ’ ਵਰਗੇ ਪ੍ਰਾਜੈਕਟ ਸਨ। ਇਸ ’ਚ ਸਭ ਤੋਂ ਜ਼ਿਆਦਾ ਚਰਚਾ ‘ਪਠਾਨ ਵਰਸਿਜ਼ ਟਾਈਗਰ’ ਦੀ ਹੈ। ਇਨ੍ਹਾਂ ਦੋਵਾਂ ਸੁਪਰਸਟਾਰਜ਼ ਨੂੰ ਨਿਰਦੇਸ਼ਿਤ ਕਰਨ ਦੀ ਜ਼ਿੰਮੇਵਾਰੀ ਸਿਧਾਰਥ ਆਨੰਦ ਨੂੰ ਦਿੱਤੀ ਗਈ ਹੈ।