''ਆਪ'' ਨੇਤਾ ਸੰਜੇ ਸਿੰਘ ਨੂੰ ਰਾਜ ਸਭਾ ਮੈਂਬਰ ਵਜੋਂ ਸਹੁੰ ਚੁੱਕਣ ਦੀ ਨਹੀਂ ਮਿਲੀ ਇਜਾਜ਼ਤ

''ਆਪ'' ਨੇਤਾ ਸੰਜੇ ਸਿੰਘ ਨੂੰ ਰਾਜ ਸਭਾ ਮੈਂਬਰ ਵਜੋਂ ਸਹੁੰ ਚੁੱਕਣ ਦੀ ਨਹੀਂ ਮਿਲੀ ਇਜਾਜ਼ਤ

ਆਮ ਆਦਮੀ ਪਾਰਟੀ ਦੇ ਨੇਤਾ ਸੰਜੇ ਸਿੰਘ ਨੂੰ ਵੱਡਾ ਝਟਕਾ ਲੱਗਾ ਹੈ। ਸੰਜੇ ਸਿੰਘ ਅੱਜ ਯਾਨੀ ਕਿ ਸੋਮਵਾਰ ਨੂੰ ਰਾਜ ਸਭਾ ਦੇ ਸੰਸਦ ਮੈਂਬਰ ਵਜੋਂ ਸਹੁੰ ਚੁੱਕਣ ਵਾਲੇ ਸਨ। ਸੰਜੇ ਸਿੰਘ ਅੱਜ ਸਹੁੰ ਨਹੀਂ ਚੁੱਕਣਗੇ ਕਿਉਂਕਿ ਰਾਜ ਸਭਾ ਦੇ ਚੇਅਰਮੈਨ ਨੇ ਉਨ੍ਹਾਂ ਨੂੰ ਸੰਸਦ ਮੈਂਬਰ ਵਜੋਂ ਸਹੁੰ ਚੁੱਕਣ ਦੀ ਇਜਾਜ਼ਤ ਨਹੀਂ ਦਿੱਤੀ। ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੇ ਕਿਹਾ ਕਿ ਇਹ ਮਾਮਲਾ ਫਿਲਹਾਲ ਵਿਸ਼ੇਸ਼ ਅਧਿਕਾਰ ਕਮੇਟੀ ਕੋਲ ਹੈ। ਸੰਜੇ ਸਿੰਘ ਨੂੰ ਦਿੱਲੀ ਆਬਕਾਰੀ ਨੀਤੀ ਮਨੀ ਲਾਂਡਰਿੰਗ ਮਾਮਲੇ ਚ ਗ੍ਰਿਫਤਾਰ ਕੀਤਾ ਗਿਆ ਹੈ।

ਦੱਸ ਦੇਈਏ ਕਿ ਰਾਊਜ਼ ਐਵੇਨਿਊ ਅਦਾਲਤ ਨੇ ਸ਼ਨੀਵਾਰ ਨੂੰ ਸੰਜੇ ਸਿੰਘ ਨੂੰ ਹਿਰਾਸਤ ਵਿਚ ਰਾਜ ਸਭਾ ਮੈਂਬਰ ਵਜੋਂ ਸਹੁੰ ਚੁੱਕਣ ਦੀ ਇਜਾਜ਼ਤ ਦਿੱਤੀ। ਅਦਾਲਤ ਨੇ ਸੰਜੇ ਸਿੰਘ ਦੀ ਨਿਆਂਇਕ ਹਿਰਾਸਤ ਵੀ 17 ਫਰਵਰੀ ਤੱਕ ਵਧਾ ਦਿੱਤੀ ਹੈ।  ਵਿਸ਼ੇਸ਼ ਜੱਜ ਐੱਮ.ਕੇ.ਨਾਗਪਾਲ ਨੇ ਸੰਜੇ ਸਿੰਘ ਦੀ ਬੇਨਤੀ ਨੂੰ ਮਨਜ਼ੂਰ ਕਰਦੇ ਹੋਏ ਨਿਆਂਇਕ ਹਿਰਾਸਤ ਵਿਚ ਸਹੁੰ ਚੁੱਕਣ ਦੀ ਇਜਾਜ਼ਤ ਦਿੱਤੀ ਸੀ। ਸੰਜੇ ਸਿੰਘ ਨੂੰ ਪਹਿਲਾਂ ਚੋਣ ਨਾਮਜ਼ਦਗੀ ਦਾਖ਼ਲ ਕਰਨ ਅਤੇ ਰਿਟਰਨਿੰਗ ਅਫ਼ਸਰ ਤੋਂ ਮੈਂਬਰਸ਼ਿਪ ਸਰਟੀਫਿਕੇਟ ਲੈਣ ਦੀ ਇਜਾਜ਼ਤ ਦਿੱਤੀ ਗਈ ਸੀ। ਹਾਲਾਂਕਿ ਨਿਯਮਤ ਜ਼ਮਾਨਤ 22 ਦਸੰਬਰ, 2023 ਨੂੰ ਖਾਰਜ ਕਰ ਦਿੱਤੀ ਗਈ ਸੀ। ਉਨ੍ਹਾਂ ਦੀ ਜ਼ਮਾਨਤ ਪਟੀਸ਼ਨ ਹਾਈ ਕੋਰਟ 'ਚ ਵਿਚਾਰ ਅਧੀਨ ਹੈ।

ਜ਼ਿਕਰਯੋਗ ਹੈ ਕਿ ਸੰਜੇ ਸਿੰਘ ਨੂੰ ਦਿੱਲੀ ਆਬਕਾਰੀ ਨੀਤੀ ਮਾਮਲੇ ਵਿਚ ਈਡੀ ਨੇ 4 ਅਕਤੂਬਰ 2023 ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਬਾਅਦ ਈਡੀ ਵਲੋਂ ਇਸਤਗਾਸਾ ਪੱਖ ਵਲੋਂ ਸ਼ਿਕਾਇਤ ਦਰਜ ਕੀਤੀ ਗਈ। ਈਡੀ ਨੇ ਕਿਹਾ ਕਿ ਸੰਜੇ ਸਿੰਘ 2021-22 ਦੀ ਪਾਲਿਸੀ ਸਮੇਂ ਨਾਲ ਸਬੰਧਤ ਦਿੱਲੀ ਸ਼ਰਾਬ ਘਪਲੇ ਤੋਂ ਅਪਰਾਧ ਦੀ ਕਮਾਈ ਨੂੰ ਹਾਸਲ ਕਰਨ, ਆਪਣੇ ਕੋਲ ਰੱਖਣ, ਲੁਕਾਉਣ ਅਤੇ ਵਰਤਣ ਵਿਚ ਸ਼ਾਮਲ ਸੀ।