''ਮੈਂ ਗੁਰੂ ਗੋਬਿੰਦ ਸਿੰਘ ਦਾ ਪੁੱਤ ਹਾਂ'', 10 ਸਾਲਾ ਗੁਰਸਿੱਖ ਮੰਗਣ ਦੀ ਬਜਾਏ ਕਿਰਤ ਦੀ ਰਾਹ ਤੁਰਿਆ 

''ਮੈਂ ਗੁਰੂ ਗੋਬਿੰਦ ਸਿੰਘ ਦਾ ਪੁੱਤ ਹਾਂ'', 10 ਸਾਲਾ ਗੁਰਸਿੱਖ ਮੰਗਣ ਦੀ ਬਜਾਏ ਕਿਰਤ ਦੀ ਰਾਹ ਤੁਰਿਆ 

10 ਸਾਲ ਦੇ ਜਸਪ੍ਰੀਤ ਸਿੰਘ ਦੇ ਅੱਜਕਲ੍ਹ ਸੋਸ਼ਲ ਮੀਡੀਆ ’ਤੇ ਬਹੁਤ ਚਰਚੇ ਹਨ ਜਿਸ ਨੇ ਅਪਣੇ ਪਿਤਾ ਦੀ ਮੌਤ ਤੋਂ ਬਾਅਦ ਵੀ ਹਿੰਮਤ ਨਹੀਂ ਹਾਰੀ ਅਤੇ ਨਿੱਕੀ ਉਮਰ ਦੇ ਬਾਵਜੂਦ ਨਵੀਂ ਦਿੱਲੀ ’ਚ ਇਕ ਸੜਕ ਕਿਨਾਰੇ ‘ਫ਼ੂਡ ਕਾਰਟ’ ਚਲਾ ਕੇ ਅਪਣਾ ਅਤੇ ਅਪਣੇ ਪਰਵਾਰ ਦਾ ਗੁਜ਼ਾਰਾ ਚਲਾਉਂਦਾ ਹੈ। ਸਿਆਸੀ ਲੀਡਰਾਂ ਸਮੇਤ ਉਦਯੋਗਪਤੀ ਮਹਿੰਦਰਾ ਗਰੁੱਪ ਦੇ ਚੇਅਰਪਰਸਨ ਆਨੰਦ ਮਹਿੰਦਰਾ ਨੇ ਵੀ ਉਸ ਦੀ ਹਿੰਮਤ ਦੀ ਤਾਰੀਫ਼ ਕੀਤੀ ਹੈ ਅਤੇ ਮਦਦ ਦੀ ਪੇਸ਼ਕਸ਼ ਕੀਤੀ। 

ਵੀਡੀਉ ’ਚ ਜਸਪ੍ਰੀਤ ਨਾਂ ਦਾ 10 ਸਾਲ ਦਾ ਬੱਚਾ ਅੰਡੇ ਦਾ ਰੋਲ ਬਣਾ ਰਿਹਾ ਹੈ। ਪੁੱਛੇ ਜਾਣ ’ਤੇ, ਮੁੰਡੇ ਨੇ ਸਾਂਝਾ ਕੀਤਾ ਕਿ ਉਸ ਦੇ ਪਿਤਾ ਦੀ ਹਾਲ ਹੀ ’ਚ ਦਿਮਾਗ ਦੀ ਤਪਦਿਕ ਨਾਲ ਮੌਤ ਹੋ ਗਈ ਸੀ। ਉਸ ਦੀ ਇਕ 14 ਸਾਲ ਦੀ ਭੈਣ ਵੀ ਹੈ। ਉਸ ਨੇ ਦਸਿਆ ਕਿ ਉਨ੍ਹਾਂ ਦੀ ਮਾਂ ਨੇ ਉਨ੍ਹਾਂ ਦੀ ਜ਼ਿੰਮੇਵਾਰੀ ਲੈਣ ਤੋਂ ਇਨਕਾਰ ਕਰਦਿਆਂ ਉਨ੍ਹਾਂ ਨੂੰ ਛੱਡ ਦਿਤਾ ਹੈ।

ਪਰ ਇਨ੍ਹਾਂ ਚੁਨੌਤੀਆਂ ਦੇ ਬਾਵਜੂਦ, ਜਸਪ੍ਰੀਤ ਸਵੇਰੇ ਸਕੂਲ ਜਾਂਦਾ ਹੈ ਅਤੇ ਸ਼ਾਮ ਨੂੰ ਅਪਣੀ ਰੇੜ੍ਹੀ ਚਲਾਉਂਦਾ ਹੈ। ਅਪਣੇ ਪਿਤਾ ਤੋਂ ਖਾਣਾ ਬਣਾਉਣ ਦਾ ਹੁਨਰ ਸਿੱਖਣ ਵਾਲਾ ਇਹ ਨੌਜੁਆਨ ਮੁੰਡਾ ਅਪਣੇ ਸਟਾਲ ’ਤੇ ਚਿਕਨ ਅਤੇ ਕਬਾਬ ਰੋਲ ਤੋਂ ਲੈ ਕੇ ਪਨੀਰ ਅਤੇ ਚਾਉਮੀਨ ਰੋਲ ਤਕ ਕਈ ਤਰ੍ਹਾਂ ਦੇ ਰੋਲ ਪੇਸ਼ ਕਰਦਾ ਹੈ। ਸਰਬਜੀਤ ਸਿੰਘ ਨਾਂ ਦੇ ‘ਵੀਲੌਗਰ’ ਨੇ ਸਭ ਤੋਂ ਪਹਿਲਾਂ ਉਸ ਦਾ ਵੀਡੀਉ ਇੰਸਟਾਗ੍ਰਾਮ ’ਤੇ ਪੋਸਟ ਕੀਤਾ ਸੀ ਜਿਸ ਨੂੰ ਪਿਛਲੇ ਮਹੀਨੇ ਦੇ ਅਖੀਰ ’ਚ ਸਾਂਝਾ ਕੀਤੇ ਜਾਣ ਤੋਂ ਬਾਅਦ 90 ਲੱਖ ਤੋਂ ਵੱਧ ਲੋਕ ਵੇਖ ਚੁਕੇ ਹਨ। 

ਜਦੋਂ ਫੂਡ ਵਲੋਗਰ ਨੇ ਉਸ ਨੂੰ ਪੁਛਿਆ  ਕਿ ਸਾਰੀਆਂ ਮੁਸ਼ਕਲਾਂ ਦੇ ਬਾਵਜੂਦ ਉਸ ਨੂੰ ਕਿਹੜੀ ਚੀਜ਼ ਅੱਗੇ ਵਧਾ ਰਹੀ ਹੈ ਤਾਂ ਜਸਪ੍ਰੀਤ ਨੇ ਕਿਹਾ, ‘‘ਮੈਂ ਗੁਰੂ ਗੋਬਿੰਦ ਸਿੰਘ ਜੀ ਦਾ ਪੁੱਤਰ ਹਾਂ। ਜਦੋਂ ਤਕ  ਮੇਰੇ ’ਚ ਤਾਕਤ ਹੈ, ਮੈਂ ਲੜਾਂਗਾ।’’ ਭਾਰਤੀ ਜਨਤਾ ਪਾਰਟੀ (ਭਾਜਪਾ) ਆਗੂ ਤਜਿੰਦਰ ਬੱਗਾ ਅਤੇ ਦਿੱਲੀ ਦੇ ਤਿਲਕ ਨਗਰ ਤੋਂ ਵਿਧਾਇਕ ਜਰਨੈਲ ਸਿੰਘ ਨੇ ਵੀ ਮੁੰਡੇ ਦੀ ਮਦਦ ਦਾ ਭਰੋਸਾ ਦਿਤਾ ਹੈ। ਹਾਲਾਂਕਿ ਮੁੰਡੇ ਨੇ ਕਿਸੇ ਮਦਦ ਲੈਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਹ ਅਪਣਾ ਕੰਮ ਕਰਨਾ ਜਾਰੀ ਰਖੇਗਾ ਅਤੇ ਅਪਣੇ ਪੈਰਾਂ ’ਤੇ ਖੜਾ ਰਹੇਗਾ। 

                         Image

ਵੀਡੀਉ ਵੇਖ ਕੇ ਉਦਯੋਗਪਤੀ ਮਹਿੰਦਰਾ ਨੇ ਵੀ ਮੁੰਡੇ ਦੀ ਹੌਸਲਾ ਅਫ਼ਜ਼ਾਈ ਕੀਤੀ ਅਤੇ ਉਸ ਦੀ ਮਦਦ ਲਈ ਉਸ ਦਾ ਪਤਾ ਵੀ ਲੋਕਾਂ ਤੋਂ ਮੰਗਿਆ। ਉਨ੍ਹਾਂ ਲਿਖਿਆ, ‘‘ਹਿੰਮਤ ਦਾ ਦੂਜਾ ਨਾਮ ਜਸਪ੍ਰੀਤ ਹੈ। ਪਰ ਉਸ ਦੀ ਪੜ੍ਹਾਈ ਪ੍ਰਭਾਵਤ ਨਹੀਂ ਹੋਣੀ ਚਾਹੀਦੀ। ਮੇਰਾ ਮੰਨਣਾ ਹੈ ਕਿ ਉਹ ਤਿਲਕ ਨਗਰ, ਦਿੱਲੀ ’ਚ ਹੈ। ਜੇ ਕਿਸੇ ਕੋਲ ਉਸ ਦੇ ਸੰਪਰਕ ਨੰਬਰ ਤਕ ਪਹੁੰਚ ਹੈ ਤਾਂ ਕਿਰਪਾ ਕਰ ਕੇ ਇਸ ਨੂੰ ਸਾਂਝਾ ਕਰੋ। ਮਹਿੰਦਰਾ ਫਾਊਂਡੇਸ਼ਨ ਦੀ ਟੀਮ ਇਸ ਗੱਲ ਦੀ ਪੜਚੋਲ ਕਰੇਗੀ ਕਿ ਅਸੀਂ ਉਸ ਦੀ ਸਿੱਖਿਆ ਲਈ ਕੀ ਕਰ ਸਕਦੇ ਹਾਂ।’’ 

ਪੋਸਟ ’ਤੇ ਟਿਪਣੀ ਕਰਦਿਆਂ, ਬਹੁਤ ਸਾਰੇ ਲੋਕਾਂ ਨੇ ਜਸਪ੍ਰੀਤ ਦੀ ਹਿੰਮਤ ਦੀ ਸ਼ਲਾਘਾ ਕੀਤੀ ਅਤੇ ਮਹਿੰਦਰਾ ਦੀ ਦਿਆਲੂ ਪੇਸ਼ਕਸ਼ ਨੂੰ ਵ ਸਲਾਮ ਕੀਤਾ। ਇਕ ਯੂਜ਼ਰ ਨੇ ਲਿਖਿਆ, ‘‘ਉਹ ਹਾਰ ਨਹੀਂ ਮੰਨ ਰਿਹਾ। ਇਸ ਬੱਚੇ ਨੇ ਅਪਣੀ ਜ਼ਿੰਮੇਵਾਰੀ ਆਪ ਚੁਕਣ ਅਤੇ ਅਪਣੇ ਲਈ ਖੜ੍ਹੇ ਹੋਣ ਦਾ ਫੈਸਲਾ ਕੀਤਾ ਹੈ... ਉਸ ਦੀ ਹਿੰਮਤ ਪ੍ਰੇਰਣਾਦਾਇਕ ਹੈ ਜੋ ਉਸ ਨੂੰ ਔਖੇ ਸਮੇਂ ਦੌਰਾਨ ਖੜੇ ਹੋਣ ਲਈ ਮਜਬੂਰ ਕਰ ਰਹੀ ਹੈ। ਉਨ੍ਹਾਂ ਨੂੰ ਸਲਾਮ... ਸਿੱਖਿਆ ਦੇ ਮਾਮਲੇ ’ਚ ਸਹੀ ਮਾਰਗ ਦਰਸ਼ਨ ਨਾਲ ਉਹ ਬਹੁਤ ਸਾਰੇ ਮੀਲ ਦੇ ਪੱਥਰ ਸਰ ਕਰ ਸਕਦਾ ਹੈ।’’

ਇਕ ਹੋਰ ਨੇ ਲਿਖਿਆ, ‘‘ਜਸਪ੍ਰੀਤ ਨਿਡਰ ਹੈ। ਸਿੱਖਿਆ ਬਹੁਤ ਮਹੱਤਵਪੂਰਨ ਹੈ। ਇਹ ਬਹੁਤ ਵਧੀਆ ਹੈ ਕਿ ਮਹਿੰਦਰਾ ਫਾਊਂਡੇਸ਼ਨ ਉਸ ਦੀ ਸਿੱਖਿਆ ਦਾ ਸਮਰਥਨ ਕਰਨ ਲਈ ਅੱਗੇ ਆ ਰਹੀ ਹੈ।’’ ਜ਼ਿਕਰਯੋਗ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਆਨੰਦ ਮਹਿੰਦਰਾ ਨੇ ਕਿਸੇ ਬੱਚੇ ਦੀ ਮਦਦ ਕੀਤੀ ਹੈ। ਇਸ ਤੋਂ ਪਹਿਲਾਂ, ਇਕ ਜਵਾਨ ਲੜਕੀ ਨੇ ਬਹਾਦਰੀ ਨਾਲ ਅਪਣੀ ਛੋਟੀ ਭੈਣ ਨੂੰ ਬਾਂਦਰਾਂ ਤੋਂ ਬਚਾਇਆ ਸੀ ਜੋ ਉਨ੍ਹਾਂ ਦੇ ਘਰ ’ਚ ਦਾਖਲ ਹੋਏ ਸਨ। ਇਸ ਤੋਂ ਤੁਰਤ ਬਾਅਦ, ਕਾਰੋਬਾਰੀ ਮੁਗਲ ਨੇ ਅਪਣੀ ਪ੍ਰਸ਼ੰਸਾ ਜ਼ਾਹਰ ਕਰਦਿਆਂ ਇਕ ਪੋਸਟ ਸਾਂਝੀ ਕੀਤੀ ਅਤੇ ਉਸ ਨੂੰ ਵੱਡੀ ਹੋਣ ’ਤੇ ਮਹਿੰਦਰਾ ਗਰੁੱਪ ’ਚ ਨੌਕਰੀ ਦੀ ਪੇਸ਼ਕਸ਼ ਕੀਤੀ।