ਪੰਜਾਬ ਦੀ ਸਿਆਸਤ ''ਚ ਵੱਡੀ ਹਲਚਲ , ਸਿਮਰਜੀਤ ਬੈਂਸ ਨੇ ਬਿੱਟੂ ਨਾਲ ਸਨਸਨੀਖੇਜ਼ ਗੱਲਬਾਤ ਦੀ ਆਡੀਓ ਕੀਤੀ ਜਾਰੀ

ਪੰਜਾਬ ਦੀ ਸਿਆਸਤ ''ਚ ਵੱਡੀ ਹਲਚਲ , ਸਿਮਰਜੀਤ ਬੈਂਸ ਨੇ ਬਿੱਟੂ ਨਾਲ ਸਨਸਨੀਖੇਜ਼ ਗੱਲਬਾਤ ਦੀ ਆਡੀਓ ਕੀਤੀ ਜਾਰੀ

ਆਗਾਮੀ ਲੋਕ ਸਭਾ ਚੋਣਾਂ ਦੌਰਾਨ ਦੇਸ਼ ਭਰ 'ਚ ਸਿਆਸੀ ਮਾਹੌਲ ਗਰਮਾਇਆ ਹੋਇਆ ਹੈ। ਹਰੇਕ ਪਾਰਟੀ ਆਪਣੀ ਤੇ ਆਪਣੇ ਉਮੀਦਵਾਰਾਂ ਦੀ ਜਿੱਤ ਲਈ ਪੂਰਾ ਜ਼ੋਰ ਲਗਾ ਰਹੀ ਹੈ। ਇਸੇ ਦੌਰਾਨ ਪੰਜਾਬ ਦੀ ਸਿਆਸਤ 'ਚ ਇਕ ਵੱਡਾ ਧਮਾਕਾ ਹੋਇਆ ਹੈ, ਜਿੱਥੇ ਲੁਧਿਆਣਾ ਤੋਂ ਭਾਜਪਾ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਨਾਲ ਗੱਲਬਾਤ ਦੀ ਰਿਕਾਰਡਿੰਗ ਸਿਮਰਜੀਤ ਬੈਂਸ ਵੱਲੋਂ ਜਾਰੀ ਕੀਤੀ ਗਈ ਹੈ, ਜੋ ਕਿ ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ 'ਤੇ ਸਾਂਝੀ ਕੀਤੀ ਹੈ। 

ਇਹ ਆਡੀਓ ਸਿਮਰਜੀਤ ਬੈਂਸ ਦੇ ਕਾਂਗਰਸ 'ਚ ਸ਼ਾਮਲ ਹੋਣ ਤੋਂ ਪਹਿਲਾਂ ਤੇ ਬਿੱਟੂ ਦੇ ਭਾਜਪਾ 'ਚ ਜਾਣ ਤੋਂ ਬਾਅਦ ਦੀ ਹੈ। ਇਸ ਆਡੀਓ 'ਚ ਰਵਨੀਤ ਬਿੱਟੂ ਰਾਜਾ ਵੜਿੰਗ, ਪ੍ਰਤਾਪ ਬਾਜਵਾ ਤੇ ਸੁਨੀਲ ਜਾਖੜ ਬਾਰੇ ਕਈ ਵੱਡੀਆਂ ਗੱਲਾਂ ਕਹਿੰਦੇ ਹੋਏ ਸੁਣਾਈ ਦੇ ਰਹੇ ਹਨ। ਇਸ ਗੱਲਬਾਤ 'ਚ ਉਨ੍ਹਾਂ ਨੇ ਰਾਜਾ ਵੜਿੰਗ ਤੇ ਪ੍ਰਤਾਪ ਬਾਜਵਾ ਨੂੰ ਤੰਗਦਿਲ ਤੇ ਕਮਜ਼ੋਰ ਇਨਸਾਨ ਦੱਸਿਆ। ਉਨ੍ਹਾਂ ਦੱਸਿਆ ਕਿ ਜਦੋਂ ਸਿਮਰਜੀਤ ਬੈਂਸ ਨੂੰ ਕਾਂਗਰਸ 'ਚ ਸ਼ਾਮਲ ਕਰਨ ਦੀਆਂ ਗੱਲਾਂ ਚੱਲ ਰਹੀਆਂ ਸਨ ਤਾਂ ਉਹ ਕਹਿੰਦੇ, 'ਜੇ ਬੈਂਸ ਇਧਰ ਆ ਗਿਆ ਤਾਂ ਸਾਡੇ ਪੱਲੇ ਕੀ ਰਹਿ ਜਾਊ ?'

ਇਸ ਤੋਂ ਬਾਅਦ ਉਨ੍ਹਾਂ ਭਾਜਪਾ ਦੇ ਆਗੂਆਂ 'ਤੇ ਵੀ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਜਾਖੜ ਨੇ ਇੱਥੇ ਵੀ ਕਾਂਗਰਸ ਵਾਲਾ ਹੀ ਮਾਹੌਲ ਬਣਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੇ ਵੱਡੇ ਆਗੂ ਸਿਮਰਜੀਤ ਬੈਂਸ ਨੂੰ ਭਾਜਪਾ 'ਚ ਸ਼ਾਮਲ ਕਰਵਾਉਣਾ ਚਾਹੁੰਦੇ ਸਨ, ਪਰ ਜਾਖੜ ਨੂੰ ਇਹ ਗੱਲ ਪਸੰਦ ਨਹੀਂ ਸੀ।