- Updated: September 02, 2024 01:03 PM
ਦਿੱਲੀ ਦੀ ਓਖਲਾ ਵਿਧਾਨ ਸਭਾ ਸੀਟ ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਅਮਾਨਤੁੱਲਾ ਖਾਨ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਗ੍ਰਿਫਤਾਰ ਕਰ ਲਿਆ ਹੈ। ਅਮਾਨਤੁੱਲਾ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਟੀਮ ਓਖਲਾ ਸਥਿਤ ਉਸ ਦੇ ਘਰ ਤੋਂ ਰਵਾਨਾ ਹੋ ਗਈ। 'ਆਪ' ਵਿਧਾਇਕ ਨੇ ਕਿਹਾ ਕਿ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਲਿਜਾਇਆ ਜਾ ਰਿਹਾ ਹੈ। ਉਸ ਨੇ ਆਪਣੇ ਆਪ ਨੂੰ ਬੇਕਸੂਰ ਦੱਸਿਆ ਹੈ। ਭਾਰੀ ਸੁਰੱਖਿਆ ਵਿਚਕਾਰ ਈਡੀ ਦੀ ਟੀਮ 'ਆਪ' ਵਿਧਾਇਕ ਦੀ ਰਿਹਾਇਸ਼ ਤੋਂ ਉਨ੍ਹਾਂ ਦੇ ਨਾਲ ਰਵਾਨਾ ਹੋਈ।
ਆਮ ਆਦਮੀ ਪਾਰਟੀ ਦੇ ਵਿਧਾਇਕ ਖ਼ਾਨ ਦਿੱਲੀ ਵਕਫ਼ ਬੋਰਡ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿਚ ਈਡੀ ਵਲੋਂ ਗ੍ਰਿਫ਼ਤਾਰ ਕੀਤੇ ਗਏ ਹਨ। 'ਆਪ' ਵਿਧਾਇਕ 'ਤੇ ਦਿੱਲੀ ਵਕਫ਼ ਬੋਰਡ ਦੇ ਚੇਅਰਮੈਨ ਹੁੰਦਿਆਂ 32 ਲੋਕਾਂ ਦੀ ਗ਼ੈਰ-ਕਾਨੂੰਨੀ ਭਰਤੀ ਕਰਨ ਅਤੇ ਫੰਡਾਂ ਦੀ ਦੁਰਵਰਤੋਂ ਕਰਨ ਦਾ ਦੋਸ਼ ਹੈ।
ਇਸ ਦੇ ਨਾਲ ਹੀ ਉਨ੍ਹਾਂ ਦਿੱਲੀ ਵਕਫ਼ ਬੋਰਡ ਦੀਆਂ ਕਈ ਜਾਇਦਾਦਾਂ ਨੂੰ ਗੈਰ-ਕਾਨੂੰਨੀ ਤੌਰ 'ਤੇ ਕਿਰਾਏ 'ਤੇ ਦਿੱਤਾ ਸੀ। ਖ਼ਾਨ 'ਤੇ ਦਿੱਲੀ ਵਕਫ਼ ਬੋਰਡ ਦੇ ਫੰਡਾਂ ਦੀ ਦੁਰਵਰਤੋਂ ਕਰਨ ਦਾ ਦੋਸ਼ ਸੀ। ਦਿੱਲੀ ਵਕਫ਼ ਬੋਰਡ ਦੇ ਤਤਕਾਲੀ ਸੀ. ਈ. ਓ ਨੇ ਅਜਿਹੀ ਗ਼ੈਰ-ਕਾਨੂੰਨੀ ਭਰਤੀ ਖ਼ਿਲਾਫ਼ ਬਿਆਨ ਜਾਰੀ ਕੀਤਾ ਸੀ। ਜਾਂਚ ਦੌਰਾਨ ਅਮਾਨਤੁੱਲਾ ਦੇ ਕਰੀਬੀ ਸਾਥੀਆਂ ਦੇ ਟਿਕਾਣਿਆਂ ਤੋਂ ਨਕਦੀ ਬਰਾਮਦ ਹੋਈ।