- Updated: July 02, 2025 11:52 AM
ਬੁੱਧਵਾਰ ਨੂੰ ਮੋਗਾ ਵਿਚ ਇਕ ਮੁਕਾਬਲੇ ਦੌਰਾਨ ਪੁਲਸ ਅਤੇ ਦੋ ਬਦਮਾਸ਼ਾਂ ਵਿਚਕਾਰ ਗੋਲੀਬਾਰੀ ਹੋਈ। ਇਸ ਮੁਕਾਬਲੇ ਵਿਚ ਇਕ ਮੁਲਜ਼ਮ ਸਿਕੰਦਰ ਸਿੰਘ ਦੀ ਲੱਤ ਵਿਚ ਗੋਲੀ ਲੱਗੀ, ਜਦਕਿ ਦੂਜਾ ਦੋਸ਼ੀ ਅਰੁਣ ਹਾਂਡਾ ਵੀ ਜ਼ਖਮੀ ਹੋ ਗਿਆ। ਦੋਵਾਂ ਨੂੰ ਇਲਾਜ ਲਈ ਮੋਗਾ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ 13 ਮਾਰਚ ਨੂੰ ਮੋਗਾ ਵਿਚ ਹੋਏ ਸ਼ਿਵ ਸੈਨਾ ਆਗੂ ਦੇ ਕਤਲ ਕੇਸ ਵਿਚ ਨਾਮਜ਼ਦ ਮੁਲਜ਼ਮ ਅਰੁਣ ਹਾਂਡਾ ਅਤੇ ਸਿਕੰਦਰ ਸਿੰਘ ਨੂੰ ਦੋ ਦਿਨ ਪਹਿਲਾਂ ਮੋਗਾ ਪੁਲਸ ਨੇ ਹਿਮਾਚਲ ਪ੍ਰਦੇਸ਼ ਤੋਂ ਗ੍ਰਿਫ਼ਤਾਰ ਕੀਤਾ ਸੀ। ਦੋਵੇਂ ਦੋਸ਼ੀ ਮੋਗਾ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਵਿਰੁੱਧ ਕੁੱਲ 24 ਅਪਰਾਧਿਕ ਮਾਮਲੇ ਦਰਜ ਹਨ।
ਪੁਲਸ ਨੇ ਮੰਗਲਵਾਰ ਨੂੰ ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਅਤੇ ਦੋ ਦਿਨ ਦੇ ਰਿਮਾਂਡ 'ਤੇ ਲੈ ਲਿਆ। ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਨੇ ਹਥਿਆਰ ਮੋਗਾ ਦੇ ਸਿੰਘਾਵਾਲਾ ਇਲਾਕੇ ਵਿਚ ਇਕ ਗੰਦੇ ਨਾਲੇ ਦੇ ਨੇੜੇ ਸੜਕ ਕਿਨਾਰੇ ਲੁਕਾਏ ਸਨ। ਇਸ ਤੋਂ ਬਾਅਦ ਪੁਲਸ ਦੋਵਾਂ ਮੁਲਜ਼ਮਾਂ ਨੂੰ ਹਥਿਆਰ ਬਰਾਮਦ ਕਰਨ ਲਈ ਮੌਕੇ 'ਤੇ ਲੈ ਗਈ। ਇਸ ਦੌਰਾਨ ਸਿਕੰਦਰ ਸਿੰਘ ਨੇ ਉੱਥੇ ਲੁਕਾਏ ਹੋਏ ਪਿਸਤੌਲ ਤੋਂ ਪੁਲਸ 'ਤੇ ਤਿੰਨ ਗੋਲੀਆਂ ਚਲਾਈਆਂ। ਜਵਾਬੀ ਕਾਰਵਾਈ ਵਿਚ ਪੁਲਸ ਨੇ ਵੀ ਗੋਲੀਬਾਰੀ ਕੀਤੀ, ਜਿਸ ਵਿਚ ਇਕ ਗੋਲੀ ਸਿਕੰਦਰ ਦੀ ਲੱਤ ਵਿਚ ਲੱਗੀ। ਜਦੋਂ ਅਰੁਣ ਹਾਂਡਾ ਨੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਪੁਲਸ ਨੇ ਉਸਨੂੰ ਵੀ ਫੜ ਲਿਆ। ਫਿਲਹਾਲ ਦੋਵੇਂ ਮੁਲਜ਼ਮ ਹਸਪਤਾਲ ਵਿਚ ਇਲਾਜ ਅਧੀਨ ਹਨ ਅਤੇ ਪੁਲਸ ਅਗਲੇਰੀ ਕਾਰਵਾਈ ਵਿਚ ਲੱਗੀ ਹੋਈ ਹੈ।