- Updated: September 04, 2024 10:02 PM
ਬਦਾਯੂੰ ਪੁਲਿਸ ਨੇ ਪੰਜਾਬ ਦੀ ਇਕ ਔਰਤ ਨਾਲ ਕਥਿਤ ਤੌਰ ’ਤੇ ਜਬਰ ਜਨਾਹ ਕਰਨ ਅਤੇ ਅਪਣੀ ਪਛਾਣ ਲੁਕਾ ਕੇ ਇਸਲਾਮ ਕਬੂਲ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ’ਚ ਇਕ 29 ਸਾਲ ਦੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਬੁਧਵਾਰ ਨੂੰ ਇਹ ਜਾਣਕਾਰੀ ਦਿਤੀ ।
ਪੁਲਿਸ ਅਨੁਸਾਰ 26 ਸਾਲ ਦੀ ਔਰਤ ਪੰਜਾਬ ਦੇ ਫਰੀਦਕੋਟ ਦੀ ਰਹਿਣ ਵਾਲੀ ਹੈ ਅਤੇ ਚੰਡੀਗੜ੍ਹ ਦੇ ਇਕ ਕਾਲ ਸੈਂਟਰ ’ਚ ਕੰਮ ਕਰਦੀ ਹੈ। ਬਿਸੌਲੀ ਕੋਤਵਾਲੀ ਪੁਲਿਸ ਨੂੰ ਦਿਤੀ ਅਪਣੀ ਸ਼ਿਕਾਇਤ ’ਚ ਉਸ ਨੇ ਦੋਸ਼ ਲਾਇਆ ਕਿ ਉਸ ਨਾਲ ਜਬਰ ਜਨਾਹ ਕੀਤਾ ਗਿਆ ਅਤੇ ਉਸ ਦਾ ਧਰਮ ਪਰਿਵਰਤਨ ਕਰਨ ਦੀ ਕੋਸ਼ਿਸ਼ ਕੀਤੀ ਗਈ।
ਪੁਲਿਸ ਨੇ ਬੁਧਵਾਰ ਨੂੰ ਦਸਿਆ ਕਿ 29 ਸਾਲ ਦੇ ਵਿਅਕਤੀ ਨੂੰ ਜਬਰ ਜਨਾਹ ਅਤੇ ਧਰਮ ਪਰਿਵਰਤਨ ਰੋਕੂ ਕਾਨੂੰਨ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਅਧਿਕਾਰੀਆਂ ਅਨੁਸਾਰ, ਵਿਅਕਤੀ ਨੇ ਕਥਿਤ ਤੌਰ ’ਤੇ ਅਪਣੀ ਅਸਲੀ ਪਛਾਣ ਲੁਕਾ ਕੇ ਔਰਤ ਨਾਲ ਸਰੀਰਕ ਸਬੰਧ ਬਣਾਏ। ਪੁਲਿਸ ਨੇ ਦਸਿਆ ਕਿ ਮੁਲਜ਼ਮ ਦੀ ਮਾਂ ਅਤੇ ਪਿਤਾ ਨੂੰ ਵੀ ਸ਼ਿਕਾਇਤਕਰਤਾ ਨੂੰ ਧਰਮ ਬਦਲਣ ਲਈ ਮਜਬੂਰ ਕਰਨ ਦੀ ਕੋਸ਼ਿਸ਼ ’ਚ ਕਥਿਤ ਤੌਰ ’ਤੇ ਮਦਦ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ ਹੈ।
ਮੰਗਲਵਾਰ ਨੂੰ ਦਰਜ ਕਰਵਾਈ ਗਈ ਸ਼ਿਕਾਇਤ ਵਿਚ ਦਾਅਵਾ ਕੀਤਾ ਗਿਆ ਹੈ ਕਿ ਦੋਸ਼ੀ ਨੇ ਉਸ ਨੂੰ ਪ੍ਰੇਮ ਜਾਲ ਵਿਚ ਫਸਾਇਆ, ਉਸ ਨਾਲ ਜਬਰ ਜਨਾਹ ਕੀਤਾ ਅਤੇ ਉਸ ਨੂੰ ਇਸਲਾਮ ਕਬੂਲ ਕਰਵਾਉਣ ਦੀ ਕੋਸ਼ਿਸ਼ ਕੀਤੀ। ਸਥਾਨਕ ਪੁਲਿਸ ਅਧਿਕਾਰੀ ਅਨੁਸਾਰ ਔਰਤ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਰਿਸ਼ਤੇ ਤੋਂ ਉਸ ਦੀ ਇਕ ਧੀ ਹੈ, ਪਰ ਮੁਲਜ਼ਮ ਨੇ ਉਸ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿਤਾ ਅਤੇ ਆਖਰਕਾਰ ਉਸ ਨੂੰ ਪਤਾ ਲੱਗਿਆ ਕਿ ਉਹ ਹਿੰਦੂ ਨਹੀਂ ਬਲਕਿ ਮੁਸਲਮਾਨ ਹੈ।
ਅਧਿਕਾਰੀ ਨੇ ਦਸਿਆ ਕਿ ਕਾਲ ਸੈਂਟਰ ’ਚ ਕੰਮ ਕਰਨ ਵਾਲੀ ਔਰਤ ਅਤੇ ਗੱਡੀਆਂ ਦੇ ਮਕੈਨਿਕ ਦਾ ਕੰਮ ਕਰਨ ਵਾਲਾ ਦੋਸ਼ੀ ਕਰੀਬ ਦੋ ਸਾਲ ਪਹਿਲਾਂ ਚੰਡੀਗੜ੍ਹ ’ਚ ਇਕ-ਦੂਜੇ ਨੂੰ ਮਿਲੇ ਸਨ। ਪੁਲਿਸ ਸੁਪਰਡੈਂਟ (ਦਿਹਾਤੀ) ਕੇ.ਕੇ. ਸਰੋਜ ਨੇ ਦਸਿਆ ਕਿ ਸ਼ਿਕਾਇਤ ਦੇ ਆਧਾਰ ’ਤੇ ਐਫ.ਆਈ.ਆਰ. ਦਰਜ ਕੀਤੀ ਗਈ ਹੈ ਅਤੇ ਦੋਸ਼ੀ ਸੋਹੇਲ ਖਾਨ, ਉਸ ਦੇ ਪਿਤਾ ਨਿਆਮੂ ਅਤੇ ਮਾਂ ਰੁਖਸਾਨਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।