ਅਮਰੀਕਾ ''ਚ ਖਾਲਿਸਤਾਨੀਆਂ ''ਤੇ ਹੋਈ ਕਾਰਵਾਈ, 10 ਖ਼ਿਲਾਫ਼ ਲੁੱਕਆਊਟ ਨੋਟਿਸ ਦੀ ਕੀਤੀ ਤਿਆਰੀ

ਅਮਰੀਕਾ ''ਚ ਖਾਲਿਸਤਾਨੀਆਂ ''ਤੇ ਹੋਈ ਕਾਰਵਾਈ, 10 ਖ਼ਿਲਾਫ਼ ਲੁੱਕਆਊਟ ਨੋਟਿਸ ਦੀ ਕੀਤੀ ਤਿਆਰੀ

ਪਿਛਲੇ ਸਾਲ ਮਾਰਚ ਵਿੱਚ ਸਾਨ ਫਰਾਂਸਿਸਕੋ ਵਿੱਚ ਭਾਰਤੀ ਵਣਜ ਦੂਤਘਰ 'ਤੇ ਖਾਲਿਸਤਾਨ ਸਮਰਥਕਾਂ ਵੱਲੋਂ ਕੀਤੇ ਗਏ ਹਮਲੇ ਨੂੰ ਲੈ ਕੇ ਅਮਰੀਕੀ ਸਰਕਾਰ ਹੁਣ ਹਰਕਤ ਵਿੱਚ ਆ ਗਈ ਹੈ। ਯੂ.ਐਸ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐਫ.ਬੀ.ਆਈ) ਦੂਤਘਰ ਹਮਲੇ ਵਿੱਚ ਸ਼ਾਮਲ 10 ਮੁਲਜ਼ਮਾਂ ਖ਼ਿਲਾਫ਼ ਲੁੱਕਆਊਟ ਨੋਟਿਸ ਜਾਰੀ ਕਰਨ ਦੀ ਪ੍ਰਕਿਰਿਆ ਵਿੱਚ ਹੈ। ਲੁੱਕਆਊਟ ਨੋਟਿਸ ਇਹ ਯਕੀਨੀ ਬਣਾਏਗਾ ਕਿ ਅਮਰੀਕੀ ਏਜੰਸੀਆਂ ਹਮਲੇ ਵਿੱਚ ਸ਼ਾਮਲ 10 ਮੁਲਜ਼ਮਾਂ ਨੂੰ ਸਰਗਰਮੀ ਨਾਲ ਹਿਰਾਸਤ ਵਿੱਚ ਲੈਣਗੀਆਂ। ਇਸ ਨਾਲ ਅਮਰੀਕੀ ਅਧਿਕਾਰੀਆਂ ਅਤੇ ਬਾਅਦ ਵਿੱਚ ਭਾਰਤੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੁਆਰਾ ਉਨ੍ਹਾਂ ਦੀ ਪੁੱਛਗਿੱਛ, ਪਛਾਣ ਅਤੇ ਗ੍ਰਿਫ਼ਤਾਰੀ ਦੀ ਤਿਆਰੀ ਕੀਤੀ ਜਾਵੇਗੀ।

ਜ਼ਿਕਰਯੋਗ ਹੈ ਕਿ ਭਾਰਤੀ ਕੌਂਸਲੇਟ 'ਤੇ ਹਮਲਾ 18 ਅਤੇ 19 ਮਾਰਚ 2023 ਦੀ ਦਰਮਿਆਨੀ ਰਾਤ ਨੂੰ ਹੋਇਆ ਸੀ। ਜਦੋਂ ਕੁਝ ਕਥਿਤ ਖਾਲਿਸਤਾਨ ਸਮਰਥਕਾਂ ਨੇ ਗੈਰਕਾਨੂੰਨੀ ਤੌਰ 'ਤੇ ਕੌਂਸਲੇਟ ਵਿਚ ਦਾਖਲ ਹੋ ਕੇ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ। ਦੂਤਘਰ ਦੀ ਇਮਾਰਤ ਨੂੰ ਨੁਕਸਾਨ ਪਹੁੰਚਾਇਆ ਅਤੇ ਦੂਤਘਰ ਦੇ ਅਧਿਕਾਰੀਆਂ ਨੂੰ ਜ਼ਖਮੀ ਕਰ ਦਿੱਤਾ। ਇਸ ਤੋਂ ਇਲਾਵਾ 18 ਜੂਨ, 2023 ਨੂੰ ਕੈਨੇਡਾ ਦੇ ਸੂਰੀਨ ਵਿੱਚ ਵੱਖਵਾਦੀ ਖਾਲਿਸਤਾਨ ਟਾਈਗਰ ਫੋਰਸ (ਕੇ.ਟੀ.ਐਫ) ਦੇ ਮੁਖੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਤੋਂ ਬਾਅਦ 1 ਅਤੇ 2 ਜੁਲਾਈ 2023 ਦੀ ਮੱਧ ਰਾਤ ਵਿਚ ਕੁਝ ਦੋਸ਼ੀ ਮੁੜ ਤੋਂ ਕੌਂਸਲੇਟ ਵਿਚ ਦਾਖਲ ਹੋਏ ਅਤੇ ਉਸ ਨੂੰ ਸਾੜਨ ਦੀ ਕੋਸ਼ਿਸ਼ ਕੀਤੀ।

        Image

ਖਾਲਿਸਤਾਨੀ ਸਮਰਥਕਾਂ ਪ੍ਰਤੀ ਅਮਰੀਕਾ ਦੀਆਂ ਜਾਂਚ ਏਜੰਸੀਆਂ ਦੇ ਰਵੱਈਏ ਵਿੱਚ ਵੱਡਾ ਬਦਲਾਅ ਆਇਆ ਹੈ। ਐਫ.ਬੀ.ਆਈ ਦੇ ਸੂਤਰਾਂ ਨੇ ਦੱਸਿਆ ਕਿ ਅਮਰੀਕਾ ਵਿੱਚ ਭਾਰਤੀ ਦੂਤਘਰ 'ਤੇ ਹਮਲੇ ਵਿੱਚ ਸ਼ਾਮਲ ਖਾਲਿਸਤਾਨੀ ਸੰਗਠਨਾਂ ਨੂੰ ਹੁਣ ਪ੍ਰਦਰਸ਼ਨਕਾਰੀ ਨਹੀਂ ਮੰਨਿਆ ਜਾਵੇਗਾ, ਸਗੋਂ ਉਨ੍ਹਾਂ ਖ਼ਿਲਾਫ਼ ਅਪਰਾਧੀ ਵਜੋਂ ਕਾਰਵਾਈ ਕੀਤੀ ਜਾਵੇਗੀ। ਐਫ.ਬੀ.ਆਈ ਕਥਿਤ ਤੌਰ 'ਤੇ ਅਜਿਹੇ ਸਮੂਹਾਂ ਵਿਰੁੱਧ ਅਪਰਾਧਿਕ ਕਾਨੂੰਨਾਂ ਅਨੁਸਾਰ ਕਾਰਵਾਈ ਕਰਨ ਦੀ ਯੋਜਨਾ ਬਣਾ ਰਹੀ ਹੈ ਅਤੇ ਕਈ ਲੋਕਾਂ ਦੇ ਨਾਮ ਵੀ ਫਾਈਨਲ ਕਰ ਲਏ ਹਨ। ਇਸ ਤੋਂ ਪਹਿਲਾਂ ਅਜਿਹੀਆਂ ਖਾਲਿਸਤਾਨ ਪੱਖੀ ਜਥੇਬੰਦੀਆਂ ਦੀਆਂ ਗਤੀਵਿਧੀਆਂ ਨੂੰ ਅਮਰੀਕਾ ਵੱਲੋਂ ਪ੍ਰਗਟਾਵੇ ਦੀ ਆਜ਼ਾਦੀ ਦੇ ਦਾਇਰੇ ਵਿੱਚ ਰੱਖਿਆ ਜਾਂਦਾ ਸੀ।

ਐਫ.ਬੀ.ਆਈ ਖਾਲਿਸਤਾਨੀ ਸੰਗਠਨਾਂ ਦੀ ਫੰਡਿੰਗ ਦੀ ਵੀ ਜਾਂਚ ਕਰ ਰਹੀ ਹੈ। ਅਮਰੀਕਾ ਨੇ ਇਨ੍ਹਾਂ ਸੰਸਥਾਵਾਂ ਦੀ ਵਿੱਤੀ ਸਹਾਇਤਾ ਨੂੰ ਟਰੈਕ ਕਰਨ ਅਤੇ ਰੋਕਣ ਲਈ ਯਤਨ ਤੇਜ਼ ਕਰ ਦਿੱਤੇ ਹਨ। ਐਫ.ਬੀ.ਆਈ ਅਤੇ ਐਨ.ਆਈ.ਏ ਦੀ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਖਾਲਿਸਤਾਨੀ ਸੰਗਠਨਾਂ ਦੇ ਕਈ ਸਮਰਥਕ ਆਨਲਾਈਨ ਕੱਟੜਪੰਥੀ ਤੋਂ ਪ੍ਰਭਾਵਿਤ ਸਨ ਅਤੇ ਤਸਕਰੀ ਵਰਗੇ ਅਪਰਾਧਾਂ ਵਿੱਚ ਸ਼ਾਮਲ ਹਨ।

ਐਫ.ਬੀ.ਆਈ ਅਧਿਕਾਰੀਆਂ ਨੇ ਐਨ.ਆਈ.ਏ ਨੂੰ ਖਾਲਿਸਤਾਨੀ ਅਪਰਾਧੀਆਂ ਦੇ ਨਾਮ ਅਤੇ ਪਾਸਪੋਰਟ ਦੇ ਨਾਲ-ਨਾਲ ਉਨ੍ਹਾਂ ਦੇ ਬਾਇਓਮੈਟ੍ਰਿਕਸ ਮੁਹੱਈਆ ਕਰਵਾਉਣ ਲਈ ਕਿਹਾ ਹੈ। ਭਾਰਤੀ ਏਜੰਸੀਆਂ ਨੇ ਇੰਟਰਪੋਲ ਤੋਂ ਰੈੱਡ ਕਾਰਨਰ ਨੋਟਿਸ ਦੀ ਬੇਨਤੀ ਕਰਦੇ ਹੋਏ ਦੋਸ਼ੀ ਦੇ ਨਾਮ, ਪਾਸਪੋਰਟ ਦੇ ਵੇਰਵੇ ਸਾਂਝੇ ਕੀਤੇ ਹਨ। ਐਫ.ਬੀ.ਆਈ ਅਨੁਸਾਰ ਬਾਇਓਮੈਟ੍ਰਿਕਸ ਡੇਟਾ ਅਪਰਾਧੀਆਂ ਦੀ ਭਾਲ ਕਰਨਾ ਆਸਾਨ ਬਣਾ ਦੇਵੇਗਾ।