ਪੰਜਾਬ ''ਚ ਗਰਮੀ ਦਾ ਕਹਿਰ,ਪਾਰਾ 46 ਤੋਂ ਪਾਰ,10 ਜ਼ਿਲ੍ਹਿਆਂ ''ਚ ਹੀਟ ਵੇਵ ਦਾ ਰੈੱਡ ਅਲਰਟ,ਪ੍ਰਸ਼ਾਸਨ ਨੇ ਜਾਰੀ ਕੀਤੀ ਐਡਵਾਈਜ਼ਰੀ

ਪੰਜਾਬ ''ਚ ਗਰਮੀ ਦਾ ਕਹਿਰ,ਪਾਰਾ 46 ਤੋਂ ਪਾਰ,10 ਜ਼ਿਲ੍ਹਿਆਂ ''ਚ ਹੀਟ ਵੇਵ ਦਾ ਰੈੱਡ ਅਲਰਟ,ਪ੍ਰਸ਼ਾਸਨ ਨੇ ਜਾਰੀ ਕੀਤੀ ਐਡਵਾਈਜ਼ਰੀ

ਪੰਜਾਬ ਵਿਚ ਗਰਮੀ ਦਾ ਅਸਰ ਵਧਣਾ ਸ਼ੁਰੂ ਹੋ ਗਿਆ ਹੈ। ਮੌਸਮ ਵਿਭਾਗ ਵੱਲੋਂ ਸੂਬੇ ਦੇ 10 ਜ਼ਿਲ੍ਹਿਆਂ ਵਿਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦਾ ਅਸਰ ਆਉਣ ਵਾਲੇ ਕਈ ਦਿਨਾਂ ਤੱਕ ਦਿਖਾਈ ਦੇਵੇਗਾ। ਗਰਮੀ ਦੇ ਕਹਿਰ ਦਰਮਿਆਨ ਪੰਜਾਬ ਦੇ ਬਠਿੰਡਾ ਵਿਚ ਦੂਜੇ ਦਿਨ ਵੀ ਤਾਪਮਾਨ ਸਭ ਤੋਂ ਵੱਧ ਰਿਹਾ। ਇਸ ਦੇ ਨਾਲ ਹੀ ਆਉਣ ਵਾਲੇ ਕਈ ਦਿਨਾਂ ਤੱਕ ਗਰਮੀ ਤੋਂ ਰਾਹਤ ਮਿਲਣ ਦੀ ਕੋਈ ਸੰਭਾਵਨਾ ਨਹੀਂ ਹੈ। 

ਮੌਸਮ ਵਿਭਾਗ ਵੱਲੋਂ ਜਾਰੀ ਸੂਚਨਾ ਅਨੁਸਾਰ ਅੱਜ ਪੰਜਾਬ ਦੇ 10 ਜ਼ਿਲ੍ਹਿਆਂ ਨੂੰ ਰੈੱਡ ਅਲਰਟ 'ਤੇ ਰੱਖਿਆ ਗਿਆ ਹੈ। ਇੱਥੋਂ ਦਾ ਮੌਸਮ ਆਮ ਨਾਲੋਂ ਵੀ ਵੱਧ ਗਰਮ ਹੈ। ਮਾਝੇ ਦੇ ਅੰਮ੍ਰਿਤਸਰ ਅਤੇ ਤਰਨਤਾਰਨ ਤੋਂ ਇਲਾਵਾ ਪੱਛਮੀ ਮਾਲਵੇ ਦੇ ਫ਼ਿਰੋਜ਼ਪੁਰ, ਫ਼ਾਜ਼ਿਲਕਾ, ਫ਼ਰੀਦਕੋਟ, ਮੁਕਤਸਰ, ਮੋਗਾ, ਬਠਿੰਡਾ, ਬਰਨਾਲਾ  ਅਤੇ ਮਾਨਸਾ ਵਿਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। 

ਸੋਮਵਾਰ ਨੂੰ ਲਗਾਤਾਰ ਦੂਜੇ ਦਿਨ ਬਠਿੰਡਾ ਦਾ ਤਾਪਮਾਨ ਪੰਜਾਬ ਵਿਚ ਸਭ ਤੋਂ ਵੱਧ ਰਿਹਾ। ਸੋਮਵਾਰ ਨੂੰ ਬਠਿੰਡਾ ਦਾ ਵੱਧ ਤੋਂ ਵੱਧ ਤਾਪਮਾਨ 46.7 ਡਿਗਰੀ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਪੰਜਾਬ ਦਾ ਵੱਧ ਤੋਂ ਵੱਧ ਤਾਪਮਾਨ 21 ਮਈ 1978 ਨੂੰ ਅੰਮ੍ਰਿਤਸਰ ਵਿਚ 47.7 ਡਿਗਰੀ ਦਰਜ ਕੀਤਾ ਗਿਆ ਸੀ। ਵਧਦੀ ਗਰਮੀ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ 21 ਮਈ ਤੋਂ ਹੀ ਪੰਜਾਬ ਭਰ ਦੇ ਪ੍ਰਾਈਵੇਟ ਅਤੇ ਸਰਕਾਰੀ ਸਕੂਲਾਂ ਵਿਚ ਛੁੱਟੀ ਦਾ ਐਲਾਨ ਕੀਤਾ ਹੈ।

ਇਸ ਤੋਂ ਪਹਿਲਾਂ ਪੰਜਾਬ ਵਿਚ 1 ਜੂਨ ਤੋਂ 30 ਜੂਨ ਤੱਕ ਗਰਮੀਆਂ ਦੀਆਂ ਛੁੱਟੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਸੀ। ਜਿਸ ਕਾਰਨ ਇਸ ਨੂੰ ਬਦਲ ਕੇ ਸੋਮਵਾਰ ਕਰ ਦਿੱਤਾ ਗਿਆ। ਹੁਣ ਪੰਜਾਬ ਭਰ ਵਿਚ 21 ਮਈ ਤੋਂ 30 ਜੂਨ ਤੱਕ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ।

ਪ੍ਰਸ਼ਾਸਨ ਨੇ ਰੈੱਡ ਅਲਰਟ ਤੇ ਹੀਟ ਵੇਵ ਨੂੰ ਲੈ ਕੇ ਐਡਵਾਈਜ਼ਰੀ ਜਾਰੀ ਕੀਤੀ ਹੈ। ਆਮ ਲੋਕਾਂ ਦੀ ਸੁਰੱਖਿਆ ਤੇ ਸਿਹਤ ਨੂੰ ਯਕੀਨੀ ਬਣਾਉਣ ਲਈ ਚੰਡੀਗੜ੍ਹ ਆਫ਼ਤ ਪ੍ਰਬੰਧਨ ਅਥਾਰਟੀ ਨੇ ਜਨਤਕ ਸਲਾਹ ਜਾਰੀ ਕੀਤੀ ਹੈ।ਲੋਕਾਂ ਨੂੰ ਓ. ਆਰ. ਐੱਸ., ਇਲੈਕਟ੍ਰੋਲਾਈਟਸ ਵਾਲੇ ਪੀਣ ਵਾਲੇ ਪਦਾਰਥ, ਨਿੰਬੂ ਪਾਣੀ ਤੇ ਲੱਸੀ ਵਰਗੇ ਘਰ ਦੇ ਬਣੇ ਤਰਲ ਪਦਾਰਥਾਂ ਦਾ ਸੇਵਨ ਕਰਕੇ ਹਾਈਡ੍ਰੇਟ ਰਹਿਣ ਦੀ ਸਲਾਹ ਦਿੱਤੀ ਗਈ ਹੈ। ਬਾਹਰੀ ਗਤੀਵਿਧੀਆਂ ਨੂੰ ਸੀਮਤ ਕਰਨ ਦੀ ਅਪੀਲ ਕੀਤੀ ਗਈ ਹੈ। ਜੇ ਜ਼ਰੂਰੀ ਨਹੀਂ ਤਾਂ ਦੁਪਹਿਰ 12 ਵਜੇ ਤੋਂ 3 ਵਜੇ ਦੌਰਾਨ ਬਾਹਰ ਨਾ ਜਾਓ। ਜੇ ਜਾਣਾ ਹੋਵੇ ਤਾਂ ਢਿੱਲੇ, ਸੂਤੀ ਤੇ ਹਲਕੇ ਰੰਗ ਦੇ ਕੱਪੜੇ ਪਹਿਨੋ। ਜ਼ਿਆਦਾ ਗਰਮੀ ਤੋਂ ਬਚਣ ਲਈ ਪੀਣ ਵਾਲਾ ਪਾਣੀ ਤੇ ਛੱਤਰੀ ਆਪਣੇ ਨਾਲ ਰੱਖੋ।

ਆਪਣੀ ਖ਼ੁਰਾਕ ’ਚ ਪਾਣੀ ਦੀ ਜ਼ਿਆਦਾ ਮਾਤਰਾ ਵਾਲੀਆਂ ਚੀਜ਼ਾਂ, ਮੌਸਮੀ ਫ਼ਲਾਂ ਤੇ ਸਬਜ਼ੀਆਂ ਨੂੰ ਸ਼ਾਮਲ ਕਰੋ। ਅਲਕੋਹਲ, ਚਾਹ, ਕੌਫੀ ਤੇ ਕਾਰਬੋਨੇਟਿਡ ਸਾਫਟ ਡਰਿੰਕਸ ਤੋਂ ਪ੍ਰਹੇਜ਼ ਕਰੋ ਕਿਉਂਕਿ ਇਹ ਡੀਹਾਈਡ੍ਰੇਸ਼ਨ ਤੇ ਢਿੱਡ ਦੇ ਕੜਵੱਲ ਦਾ ਕਾਰਨ ਬਣ ਸਕਦੀਆਂ ਹਨ। ਬਜ਼ੁਰਗਾਂ, ਗਰਭਵਤੀਆਂ ਤੇ ਨਿਆਣਿਆਂ ਨੂੰ ਖ਼ਾਸ ਦੇਖਭਾਲ ਦੀ ਲੋੜ ਹੈ। ਘਰ ਜਾਂ ਦਫ਼ਤਰ ਨੂੰ ਠੰਡਾ ਰੱਖਣ ਲਈ ਚਿੱਟੇ ਪੇਂਟ, ਗ੍ਰੀਨ ਨੈੱਟ ਸ਼ੇਡਿੰਗ ਤੇ ਮਿਸਟ ਕੂਲਿੰਗ ਸਿਸਟਮ ਵਰਗੇ ਕੂਲ ਰੂਫ ਤਰੀਕਿਆਂ ਦੀ ਵਰਤੋਂ ਕਰੋ।

ਅੰਮ੍ਰਿਤਸਰ: ਪੰਜਾਬ ਦੇ ਅੰਮ੍ਰਿਤਸਰ 'ਚ ਸੋਮਵਾਰ ਨੂੰ ਵੱਧ ਤੋਂ ਵੱਧ ਤਾਪਮਾਨ 44.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਅੱਜ ਤਾਪਮਾਨ 44 ਡਿਗਰੀ ਤੋਂ ਪਾਰ ਜਾ ਸਕਦਾ ਹੈ।
ਜਲੰਧਰ: ਜ਼ਿਲ੍ਹੇ 'ਚ ਬੀਤੀ ਸ਼ਾਮ ਤਾਪਮਾਨ 44 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਇਸ ਦੇ ਆਲੇ-ਦੁਆਲੇ ਤਾਪਮਾਨ ਹੋਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ।
ਲੁਧਿਆਣਾ- ਬੀਤੀ ਸ਼ਾਮ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 43.6 ਡਿਗਰੀ ਦਰਜ ਕੀਤਾ ਗਿਆ। ਅੱਜ ਤਾਪਮਾਨ 44 ਡਿਗਰੀ ਨੂੰ ਪਾਰ ਕਰ ਸਕਦਾ ਹੈ। 
ਪਟਿਆਲਾ ਵਿਚ ਕੱਲ੍ਹ ਸ਼ਾਮ ਵੱਧ ਤੋਂ ਵੱਧ ਤਾਪਮਾਨ 43.5 ਡਿਗਰੀ ਦਰਜ ਕੀਤਾ ਗਿਆ। ਅੱਜ ਇਹ ਤਾਪਮਾਨ 44 ਡਿਗਰੀ ਨੂੰ ਪਾਰ ਕਰਨ ਦੀ ਉਮੀਦ ਹੈ।
ਮੋਹਾਲੀ-ਅੰਮ੍ਰਿਤਸਰ 'ਚ ਸੋਮਵਾਰ ਸ਼ਾਮ ਨੂੰ ਵੱਧ ਤੋਂ ਵੱਧ ਤਾਪਮਾਨ 42.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਅੱਜ ਵੱਧ ਤੋਂ ਵੱਧ ਤਾਪਮਾਨ 44 ਡਿਗਰੀ ਰਹਿਣ ਦੀ ਉਮੀਦ ਹੈ।