- Updated: May 16, 2025 03:40 PM
ਜੇਕਰ ਤੁਸੀਂ ਅਮਰੀਕਾ 'ਚ ਰਹ ਕੇ ਭਾਰਤ 'ਚ ਆਪਣੇ ਪਰਿਵਾਰ ਨੂੰ ਪੈਸੇ ਭੇਜਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਮਹੱਤਵਪੂਰਨ ਹੈ। ਅਮਰੀਕੀ ਸੰਸਦ 'ਚ ਇੱਕ ਨਵਾਂ ਪ੍ਰਸਤਾਵਿਤ ਬਿੱਲ ਪੇਸ਼ ਕੀਤਾ ਗਿਆ ਹੈ, ਜਿਸ 'ਚ ਪ੍ਰਵਾਸੀ ਭਾਰਤੀਆਂ ਸਮੇਤ ਸਾਰੇ ਵਿਦੇਸ਼ੀ ਨਾਗਰਿਕਾਂ ਲਈ ਪੈਸੇ ਦੇ ਟ੍ਰਾਂਸਫਰ 'ਤੇ 5 ਫੀਸਦੀ ਵਾਧੂ ਟੈਕਸ ਲਗਾਉਣ ਦੀ ਵਿਵਸਥਾ ਹੈ। ਇਸ ਪ੍ਰਸਤਾਵ ਦੇ ਲਾਗੂ ਹੋਣ ਨਾਲ H-1B ਵੀਜ਼ਾ ਧਾਰਕਾਂ, ਗ੍ਰੀਨ ਕਾਰਡ ਧਾਰਕਾਂ ਤੇ ਹੋਰ ਗੈਰ-ਨਿਵਾਸੀ ਭਾਰਤੀਆਂ ਦੀਆਂ ਜੇਬਾਂ 'ਤੇ ਸਿੱਧਾ ਅਸਰ ਪੈ ਸਕਦਾ ਹੈ।
ਇਸ ਬਿੱਲ ਦਾ ਨਾਮ 'ਦਿ ਵਨ ਬਿਗ ਬਿਊਟੀਫੁੱਲ ਬਿੱਲ' ਹੈ, ਜਿਸਨੂੰ ਹਾਲ ਹੀ 'ਚ ਅਮਰੀਕੀ ਸੰਸਦ ਦੀ ਹਾਊਸ ਵੇਜ਼ ਐਂਡ ਮੀਨਜ਼ ਕਮੇਟੀ ਦੁਆਰਾ ਜਾਰੀ ਕੀਤਾ ਗਿਆ ਹੈ। ਇਸ 389 ਪੰਨਿਆਂ ਦੇ ਦਸਤਾਵੇਜ਼ ਦੇ ਪੰਨਾ 327 'ਤੇ ਦੱਸਿਆ ਗਿਆ ਹੈ ਕਿ ਅਮਰੀਕਾ ਤੋਂ ਦੂਜੇ ਦੇਸ਼ਾਂ 'ਚ ਪੈਸੇ ਭੇਜਣ 'ਤੇ 5 ਫੀਸਦੀ ਟ੍ਰਾਂਸਫਰ ਟੈਕਸ ਲਗਾਇਆ ਜਾਵੇਗਾ।
ਭਾਰਤ ਤੋਂ ਪ੍ਰਾਪਤ ਅੰਕੜੇ ਦਰਸਾਉਂਦੇ ਹਨ ਕਿ ਇਹ ਫੈਸਲਾ ਲੱਖਾਂ ਲੋਕਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ:
ਇਸ ਸਮੇਂ ਅਮਰੀਕਾ 'ਚ ਲਗਭਗ 45 ਲੱਖ ਭਾਰਤੀ ਰਹਿੰਦੇ ਹਨ। ਇਨ੍ਹਾਂ ਵਿੱਚੋਂ ਲਗਭਗ 32 ਲੱਖ ਭਾਰਤੀ ਮੂਲ ਦੇ ਹਨ, ਜਿਨ੍ਹਾਂ ਵਿੱਚੋਂ ਵੱਡੀ ਗਿਣਤੀ ਨਿਯਮਿਤ ਤੌਰ 'ਤੇ ਭਾਰਤ ਪੈਸੇ ਭੇਜਦੇ ਹਨ।ਆਰਬੀਆਈ ਦੀ ਰਿਪੋਰਟ ਦੇ ਅਨੁਸਾਰ, ਸਾਲ 2023-24 ਵਿੱਚ ਅਮਰੀਕਾ ਤੋਂ ਭਾਰਤ ਨੂੰ 32 ਬਿਲੀਅਨ ਡਾਲਰ ਦੀ ਰਕਮ ਭੇਜੀ ਗਈ ਸੀ। ਇਹ ਟੈਕਸ ਉਸ ਜਗ੍ਹਾ 'ਤੇ ਲਗਾਇਆ ਜਾਵੇਗਾ ਜਿੱਥੋਂ ਪੈਸਾ ਭੇਜਿਆ ਜਾ ਰਿਹਾ ਹੈ, ਯਾਨੀ ਕਿ ਟੈਕਸ ਅਮਰੀਕਾ 'ਚ ਹੀ ਕੱਟਿਆ ਜਾਵੇਗਾ।
ਬਿੱਲ ਵਿੱਚ ਕੋਈ ਘੱਟੋ-ਘੱਟ ਸੀਮਾ ਨਿਰਧਾਰਤ ਨਹੀਂ ਹੈ, ਜਿਸਦਾ ਮਤਲਬ ਹੈ ਕਿ ਇਹ ਟੈਕਸ ਥੋੜ੍ਹੀ ਜਿਹੀ ਰਕਮ ਭੇਜੇ ਜਾਣ 'ਤੇ ਵੀ ਲਾਗੂ ਹੋਵੇਗਾ।ਜਿਹੜੇ ਭਾਰਤੀ ਅਮਰੀਕਾ ਵਿੱਚ ਕੰਮ ਕਰਦੇ ਹਨ ਅਤੇ ਆਪਣੇ ਪਰਿਵਾਰਾਂ ਦੀ ਮਦਦ ਕਰਦੇ ਹਨ, ਉਨ੍ਹਾਂ ਦੀ ਆਮਦਨ ਸਿੱਧੇ ਤੌਰ 'ਤੇ ਪ੍ਰਭਾਵਿਤ ਹੋਵੇਗੀ। ਛੋਟੇ ਪੈਸੇ ਟ੍ਰਾਂਸਫਰ ਕਰਨ ਵਾਲਿਆਂ 'ਤੇ ਵੀ ਵਾਧੂ ਬੋਝ ਵਧੇਗਾ। ਇੱਕ ਵਾਰ ਬਿੱਲ ਪਾਸ ਹੋ ਜਾਣ ਤੋਂ ਬਾਅਦ, ਭਾਰਤ ਵਰਗੇ ਦੇਸ਼ਾਂ ਨੂੰ ਭੇਜੇ ਜਾਣ ਵਾਲੇ ਪੈਸੇ ਵਿੱਚ ਗਿਰਾਵਟ ਦਾ ਖ਼ਤਰਾ ਵੱਧ ਸਕਦਾ ਹੈ।