ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਡੇਰਾ ਬਿਆਸ ਵਿਖੇ ਡੇਰਾ ਮੁਖੀ ਨਾਲ ਕੀਤੀ ਮੁਲਾਕਾਤ

ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਡੇਰਾ ਬਿਆਸ ਵਿਖੇ ਡੇਰਾ ਮੁਖੀ ਨਾਲ ਕੀਤੀ ਮੁਲਾਕਾਤ

ਹਾਲ ਹੀ ਨਿਯੁਕਤ ਕੀਤੇ ਗਏ ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਆਪਣੇ ਬੇਟੇ ਕਰਨਬੀਰ ਸਿੰਘ ਨਾਲ ਅੱਜ ਰਾਧਾ ਸੁਆਮੀ ਸਤਿਸੰਗ ਡੇਰਾ ਬਿਆਸ ਵਿਖੇ ਪਹੁੰਚੇ, ਜਿਥੇ ਉਨ੍ਹਾਂ ਨੇ ਲਗਭਗ 30 ਮਿੰਟ ਤੱਕ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ ਕਰਕੇ ਗੱਲਬਾਤ ਕੀਤੀ। ਇਥੇ ਇਹ ਵੀ ਦੱਸਣਯੋਗ ਹੈ ਕਿ ਅਜੇ 2 ਦਿਨ ਪਹਿਲਾਂ ਹੀ ਕੇਵਲ ਸਿੰਘ ਢਿੱਲੋਂ ਨੂੰ ਪੰਜਾਬ ਭਾਜਪਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਅਤੇ ਉਨ੍ਹਾਂ ਦੀ ਇਹ ਡੇਰਾ ਬਿਆਸ ਮੁਖੀ ਨਾਲ ਪਹਿਲੀ ਮੁਲਾਕਾਤ ਹੈ, ਜਿਸਨੂੰ ਕਿ ਸਿਆਸੀ ਤੌਰ 'ਤੇ ਬਹੁਤ ਅਹਿਮ ਮੰਨਿਆ ਜਾ ਰਿਹਾ ਹੈ। ਇਸ ਮੌਕੇ ਕੇਵਲ ਸਿੰਘ ਢਿੱਲੋਂ ਨੇ ਪੰਜਾਬ ਦੀ ਤਰੱਕੀ, ਖੁਸ਼ਹਾਲੀ ਅਤੇ ਲੋਕ ਭਲਾਈ ਦੀ ਕਾਮਨਾ ਕਰਦਿਆਂ ਡੇਰਾ ਬਿਆਸ ਮੁਖੀ ਤੋਂ ਮਾਰਗਦਰਸ਼ਨ ਅਤੇ ਆਸ਼ੀਰਵਾਦ ਪ੍ਰਾਪਤ ਕੀਤਾ। ਹਾਲਾਂਕਿ ਭਾਜਪਾ ਪ੍ਰਧਾਨ ਦੀ ਮਿਲਣੀ ਮਹਿਜ਼ ਸ਼ਿਸ਼ਟਾਚਾਰ ਮੁਲਾਕਾਤ ਦੱਸਿਆ ਜਾ ਰਿਹਾ ਹੈ। 

ਯਾਦ ਰਹੇ ਕਿ ਰਾਧਾ ਸੁਆਮੀ ਡੇਰਾ ਬਿਆਸ ਵਿਖੇ ਸਮੇਂ-ਸਮੇਂ ਸਿਰ ਦੇਸ਼ ਦੇ ਪ੍ਰਧਾਨ ਮੰਤਰੀ, ਕੇਂਦਰੀ ਮੰਤਰੀ, ਸੂਬਿਆਂ ਦੇ ਰਾਜਪਾਲ ਅਤੇ ਮੁੱਖ ਮੰਤਰੀ ਆਦਿ ਵੱਲੋਂ ਡੇਰਾ ਮੁਖੀ ਤੋਂ ਆਸ਼ੀਰਵਾਦ ਲੈਣ ਅਤੇ ਮੁਲਾਕਾਤ ਕਰਨ ਲਈ ਅਕਸਰ ਆਉਂਦੇ ਰਹਿੰਦੇ ਹਨ।