- Updated: September 28, 2026 07:00 PM
ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (DRI) ਨੇ ਦੇਸ਼ ਭਰ ਵਿੱਚ ਸੋਨੇ ਦੀ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ 10 ਕਰੋੜ ਰੁਪਏ ਤੋਂ ਵੱਧ ਕੀਮਤ ਦਾ 6.61 ਕਿੱਲੋਗ੍ਰਾਮ ਸੋਨਾ ਜ਼ਬਤ ਕੀਤਾ ਹੈ ਅਤੇ 11 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਵਿੱਤ ਮੰਤਰਾਲੇ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।
ਮੰਤਰਾਲੇ ਦੇ ਅਨੁਸਾਰ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਇਹ ਗਿਰੋਹ ਕੂਰੀਅਰ ਨੈੱਟਵਰਕ ਰਾਹੀਂ ਕੰਮ ਕਰ ਰਿਹਾ ਸੀ ਅਤੇ ਪਿਛਲੇ 9 ਮਹੀਨਿਆਂ ਵਿੱਚ ਕੂਰੀਅਰ ਰਾਹੀਂ 475 ਕਰੋੜ ਰੁਪਏ ਦੀ ਕੀਮਤ ਦਾ 318 ਕਿੱਲੋਗ੍ਰਾਮ ਤਸਕਰੀ ਦਾ ਸੋਨਾ ਭੇਜ ਚੁੱਕਾ ਸੀ।
ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਪੱਛਮੀ ਬੰਗਾਲ ਅਤੇ ਅਸਾਮ ਵਿੱਚ ਭਾਰਤ-ਬੰਗਲਾਦੇਸ਼ ਸਰਹੱਦ ਰਾਹੀਂ ਵਿਦੇਸ਼ਾਂ ਤੋਂ ਸੋਨੇ ਦੀ ਲਗਾਤਾਰ ਤਸਕਰੀ ਅਤੇ ਫਿਰ ਕੂਰੀਅਰ ਰਾਹੀਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਭੇਜੇ ਜਾਣ ਦੀ ਪੱਕੀ ਸੂਚਨਾ ਮਿਲਣ ਤੋਂ ਬਾਅਦ, DRI ਨੇ 23 ਅਤੇ 24 ਸਤੰਬਰ ਨੂੰ ਕਈ ਸ਼ਹਿਰਾਂ ਵਿੱਚ ਇੱਕੋ ਸਮੇਂ ਕਾਰਵਾਈ ਕੀਤੀ।
ਮੰਤਰਾਲੇ ਅਨੁਸਾਰ ਇਸ ਦੌਰਾਨ ਮੁੰਬਈ, ਦਿੱਲੀ, ਕੋਲਕਾਤਾ, ਅਹਿਮਦਾਬਾਦ ਅਤੇ ਗੁਹਾਟੀ ਵਿੱਚ ਇੱਕੋ ਸਮੇਂ ਜਾਂਚ ਅਤੇ ਤਲਾਸ਼ੀ ਅਭਿਆਨ ਚਲਾਇਆ ਗਿਆ।
ਅਭਿਆਨ ਦੌਰਾਨ ਗੁਹਾਟੀ ਅਤੇ ਕੋਲਕਾਤਾ ਤੋਂ ਮੁੰਬਈ, ਦਿੱਲੀ ਅਤੇ ਅਹਿਮਦਾਬਾਦ ਭੇਜਣ ਲਈ ਬੁੱਕ ਕੀਤੀਆਂ ਗਈਆਂ ਕੂਰੀਅਰ ਖੇਪਾਂ ਵਿੱਚੋਂ ਤਸਕਰੀ ਦਾ ਸੋਨਾ ਬਰਾਮਦ ਹੋਇਆ, ਜਿਸ ਨੂੰ ਜ਼ਬਤ ਕਰ ਲਿਆ ਗਿਆ।
ਮੰਤਰਾਲੇ ਅਨੁਸਾਰ ਇਹ ਖੇਪਾਂ ਪ੍ਰਾਪਤ ਕਰਨ ਵਾਲੇ ਸੱਤ ਲੋਕਾਂ ਨੂੰ ਕਾਬੂ ਕੀਤਾ ਗਿਆ, ਜਦੋਂ ਕਿ ਕੋਲਕਾਤਾ ਵਿੱਚ ਖੇਪ ਭੇਜਣ ਵਾਲਿਆਂ ਦੇ ਟਿਕਾਣਿਆਂ 'ਤੇ ਕੀਤੀ ਗਈ ਛਾਪੇਮਾਰੀ ਦੌਰਾਨ ਤਿੰਨ ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।