- Updated: November 14, 2026 09:16 PM
ਪੰਜਾਬ ਸਰਕਾਰ ਦੀ ਸੂਬਾ ਪੱਧਰੀ ਨਸ਼ਾ ਵਿਰੋਧੀ ਮੁਹਿੰਮ ''ਯੁੱਧ ਨਸ਼ਿਆਂ ਵਿਰੁੱਧ'' ਅਤੇ ਪੁਲਸ ਕਮਿਸ਼ਨਰ ਲੁਧਿਆਣਾ ਦੇ ਸਖ਼ਤ ਦਿਸ਼ਾ-ਨਿਰਦੇਸ਼ਾਂ ਤਹਿਤ ਕਮਿਸ਼ਨਰੇਟ ਪੁਲਸ ਨੂੰ ਨਸ਼ਾ ਤਸਕਰੀ ਅਤੇ ਸੰਗਠਿਤ ਅਪਰਾਧ ਖ਼ਿਲਾਫ਼ ਇੱਕ ਵੱਡੀ ਕਾਮਯਾਬੀ ਹੱਥ ਲੱਗੀ ਹੈ। ਕ੍ਰਾਈਮ ਬ੍ਰਾਂਚ, ਲੁਧਿਆਣਾ ਦੀ ਟੀਮ ਨੇ ਦੋ ਬਦਨਾਮ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ 160 ਗ੍ਰਾਮ ਆਈਸ ਡਰੱਗ (ਮੈਥਾਮਫੈਟਾਮਾਈਨ), ਤਿੰਨ ਨਾਜਾਇਜ਼ ਪਿਸਤੌਲ (.32 ਅਤੇ .30 ਬੋਰ), 12 ਜ਼ਿੰਦਾ ਕਾਰਤੂਸ ਅਤੇ ਇੱਕ ਬਾਈਕ ਬਰਾਮਦ ਕੀਤੀ ਹੈ। ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਗ੍ਰਿਫ਼ਤਾਰ ਮੁਲਜ਼ਮਾਂ ਵਿੱਚੋਂ ਇੱਕ ਟੋਨੀ ਚੌਹਾਨ ਸੋਸ਼ਲ ਮੀਡੀਆ ਪਲੈਟਫਾਰਮ ਇੰਸਟਾਗ੍ਰਾਮ ''ਤੇ ਕਾਫ਼ੀ ਸਰਗਰਮ ਹੈ ਅਤੇ ਉਸ ਦੇ ਕਰੀਬ 2 ਲੱਖ ਫਾਲੋਅਰਜ਼ ਹਨ, ਜਿਸ ਦੀ ਆੜ ਵਿੱਚ ਉਹ ਅਪਰਾਧ ਅਤੇ ਨਸ਼ੇ ਦੇ ਕਾਲੇ ਕਾਰੋਬਾਰ ਨਾਲ ਜੁੜਿਆ ਹੋਇਆ ਸੀ।
ਇਹ ਵਿਸ਼ੇਸ਼ ਕਾਰਵਾਈ ਡੀ.ਸੀ.ਪੀ. (ਇਨਵੈਸਟੀਗੇਸ਼ਨ) ਹਰਪਾਲ ਸਿੰਘ, ਏ.ਡੀ.ਸੀ.ਪੀ. (ਇਨਵੈਸਟੀਗੇਸ਼ਨ) ਰੁਪਿੰਦਰ ਕੌਰ ਭੱਟੀ ਦੀ ਸਖ਼ਤ ਨਿਗਰਾਨੀ ਹੇਠ ਅੰਜਾਮ ਦਿੱਤੀ ਗਈ। ਕ੍ਰਾਈਮ ਬ੍ਰਾਂਚ ਦੇ ਇੰਚਾਰਜ ਇੰਸਪੈਕਟਰ ਨਵਦੀਪ ਸਿੰਘ ਦੀ ਅਗਵਾਈ ਵਾਲੀ ਪੁਲਸ ਟੀਮ ਨੇ ਗੁਪਤ ਸੂਚਨਾ ਅਤੇ ਤਕਨੀਕੀ ਟਰੈਕਿੰਗ ਦੇ ਆਧਾਰ 'ਤੇ ਘੇਰਾਬੰਦੀ ਕਰਕੇ ਦੋਵਾਂ ਮੁਲਜ਼ਮਾਂ ਨੂੰ ਦਬੋਚ ਲਿਆ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਟੋਨੀ ਚੌਹਾਨ ਅਤੇ ਬਲਰਾਮ ਕੁਮਾਰ ਉਰਫ਼ ਵੀਰੂ ਤਾਜਪੁਰ ਰੋਡ, ਵਜੋਂ ਹੋਈ ਹੈ।
ਮੁੱਢਲੀ ਪੁਲਸ ਜਾਂਚ ਵਿੱਚ ਖ਼ੁਲਾਸਾ ਹੋਇਆ ਹੈ ਕਿ ਦੋਵੇਂ ਮੁਲਜ਼ਮ ਬੇਹੱਦ ਸ਼ਾਤਿਰ ਤਰੀਕੇ ਨਾਲ ਕੰਮ ਕਰਦੇ ਸਨ। ਉਹ ਲੁਧਿਆਣਾ ਜ਼ਿਲ੍ਹੇ ਤੋਂ ਬਾਹਰਲੇ ਸਪਲਾਇਰਾਂ ਤੋਂ ਨਸ਼ੀਲੇ ਪਦਾਰਥ ਅਤੇ ਨਾਜਾਇਜ਼ ਹਥਿਆਰ ਮੰਗਵਾ ਕੇ ਵੱਖ-ਵੱਖ ਇਲਾਕਿਆਂ ਵਿੱਚ ਸਪਲਾਈ ਕਰਦੇ ਸਨ। ਪੁਲਸ ਦੀ ਨਿਗਰਾਨੀ ਅਤੇ ਮੁਖ਼ਬਰਾਂ ਦੀ ਨਜ਼ਰ ਤੋਂ ਬਚਣ ਲਈ ਮੁਲਜ਼ਮ ਸ਼ਹਿਰ ਦੇ ਬਾਹਰੀ ਇਲਾਕਿਆਂ ਵਿੱਚ ਕਿਰਾਏ ਦੇ ਮਕਾਨਾਂ ਜਾਂ ਗੁਪਤ ਟਿਕਾਣਿਆਂ ''ਤੇ ਰਹਿੰਦੇ ਸਨ ਅਤੇ ਲਗਾਤਾਰ ਆਪਣੇ ਟਿਕਾਣੇ ਬਦਲਦੇ ਰਹਿੰਦੇ ਸਨ।
ਕ੍ਰਾਈਮ ਬ੍ਰਾਂਚ ਦੀ ਟੀਮ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਭਾਰੀ ਮਾਤਰਾ ਵਿੱਚ ਨਸ਼ਾ ਤੇ ਅਸਲਾ ਜ਼ਬਤ ਕੀਤਾ ਹੈ। ਜਿਸ ਵਿੱਚ ਨਸ਼ੀਲਾ ਪਦਾਰਥ 160 ਗ੍ਰਾਮ ਆਈਸ (ਮੈਥਾਮਫੈਟਾਮਾਈਨ), ਨਾਜਾਇਜ਼ ਹਥਿਆਰ .32 ਬੋਰ ਦੇ 02 ਪਿਸਤੌਲ ਅਤੇ .30 ਬੋਰ ਦਾ 01 ਪਿਸਤੌਲ (ਕੁੱਲ 3 ਪਿਸਤੌਲ), 12 ਜ਼ਿੰਦਾ ਰੌਂਦ, ਅਤੇ ਇੱਕ ਬਾਈਕ ਬਰਾਮਦ ਕੀਤੀ ਹੈ।
ਪੁਲਸ ਰਿਕਾਰਡ ਖੰਘਾਲਣ ''ਤੇ ਸਾਹਮਣੇ ਆਇਆ ਕਿ ਦੋਵਾਂ ਮੁਲਜ਼ਮਾਂ ਦਾ ਲੰਮਾ ਅਪਰਾਧਿਕ ਇਤਿਹਾਸ ਰਿਹਾ ਹੈ। ਮੁਲਜ਼ਮ ਟੋਨੀ ਚੌਹਾਨ ਖ਼ਿਲਾਫ਼ ਪਹਿਲਾਂ ਥਾਣਾ ਡਿਵੀਜ਼ਨ ਨੰਬਰ-4 ਵਿੱਚ ਇਰਾਦਾ-ਏ-ਕਤਲ ਦਾ ਕੇਸ ਦਰਜ ਹੈ, ਜੋ ਕਿ ਜ਼ਮਾਨਤ ''ਤੇ ਚੱਲ ਰਿਹਾ ਹੈ। ਇਸ ਤੋਂ ਇਲਾਵਾ ਬਲਰਾਮ ਕੁਮਾਰ ਉਰਫ਼ ਵੀਰੂ ਖ਼ਿਲਾਫ਼ ਥਾਣਾ ਡਿਵੀਜ਼ਨ ਨੰਬਰ-2 ਵਿੱਚ ਕਤਲ ਦਾ ਕੇਸ ਦਰਜ ਹੈ ਅਤੇ ਇਸ ਤੋਂ ਇਲਾਵਾ ਥਾਣਾ ਡਿਵੀਜ਼ਨ ਨੰਬਰ-7 ਵਿੱਚ ਐਨ.ਡੀ.ਪੀ.ਐਸ. ਐਕਟ ਦੀ ਧਾਰਾ 21-ਬੀ ਤਹਿਤ ਵੀ ਕੇਸ ਦਰਜ ਹੈ।
ਪੁਲਸ ਜਾਂਚ ਵਿੱਚ ਸਾਹਮਣੇ ਆਇਆ ਕਿ ਮੁਲਜ਼ਮ ਟੋਨੀ ਚੌਹਾਨ ਦੇ ਇੰਸਟਾਗ੍ਰਾਮ ''ਤੇ ਕਰੀਬ 2 ਲੱਖ ਫਾਲੋਅਰਜ਼ ਹਨ। ਲੁਧਿਆਣਾ ਪੁਲਿਸ ਨੇ ਸ਼ਹਿਰ ਦੇ ਨੌਜਵਾਨਾਂ ਨੂੰ ਵਿਸ਼ੇਸ਼ ਅਪੀਲ ਕਰਦਿਆਂ ਕਿਹਾ ਹੈ ਕਿ ਉਹ ਕਿਸੇ ਵੀ ਵਿਅਕਤੀ ਦੀ ਸੋਸ਼ਲ ਮੀਡੀਆ ''ਤੇ ਮੌਜੂਦਗੀ, ਰੀਲ ਜਾਂ ਫਾਲੋਅਰਜ਼ ਦੀ ਭਾਰੀ ਗਿਣਤੀ ਤੋਂ ਪ੍ਰਭਾਵਿਤ ਹੋ ਕੇ ਉਸ ਦੀਆਂ ਗਤੀਵਿਧੀਆਂ ਦਾ ਸਮਰਥਨ ਨਾ ਕਰਨ—ਖ਼ਾਸ ਕਰਕੇ ਉਦੋਂ, ਜਦੋਂ ਉਹ ਵਿਅਕਤੀ ਨਸ਼ਾ ਤਸਕਰੀ ਜਾਂ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਹੋਵੇ।
ਪੁਲਸ ਅਧਿਕਾਰੀਆਂ ਅਨੁਸਾਰ, ਮੁਲਜ਼ਮਾਂ ਨੂੰ ਰਿਮਾਂਡ ''ਤੇ ਲੈ ਕੇ ਉਨ੍ਹਾਂ ਦੇ ਪੂਰੇ ਫਾਰਵਰਡ ਅਤੇ ਬੈਕਵਰਡ ਲਿੰਕਸ ਖੰਘਾਲੇ ਜਾ ਰਹੇ ਹਨ, ਤਾਂ ਜੋ ਮੁੱਖ ਸਪਲਾਇਰਾਂ ਅਤੇ ਸਥਾਨਕ ਖ਼ਰੀਦਦਾਰਾਂ ਨੂੰ ਬੇਨਕਾਬ ਕੀਤਾ ਜਾ ਸਕੇ। ਇਸ ਦੇ ਨਾਲ ਹੀ ਮੁਲਜ਼ਮਾਂ ਦੇ ਵਿੱਤੀ ਲੈਣ-ਦੇਣ ਅਤੇ ਨਸ਼ੇ ਦੀ ਕਾਲੀ ਕਮਾਈ ਨਾਲ ਬਣਾਈਆਂ ਗਈਆਂ ਚੱਲ-ਅਚੱਲ ਜਾਇਦਾਦਾਂ ਦੀ ਵੀ ਬਾਰੀਕੀ ਨਾਲ ਜਾਂਚ ਕੀਤੀ ਜਾਵੇਗੀ, ਜਿਨ੍ਹਾਂ ਨੂੰ ਕਾਨੂੰਨ ਤਹਿਤ ਫ੍ਰੀਜ਼ ਜਾਂ ਜ਼ਬਤ ਕਰਨ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਪੁਲਸ ਅਧਿਕਾਰੀਆਂ ਅਨੁਸਾਰ, ਮੁਲਜ਼ਮਾਂ ਨੂੰ ਰਿਮਾਂਡ ''ਤੇ ਲੈ ਕੇ ਉਨ੍ਹਾਂ ਦੇ ਪੂਰੇ ਫਾਰਵਰਡ ਅਤੇ ਬੈਕਵਰਡ ਲਿੰਕਸ ਖੰਘਾਲੇ ਜਾ ਰਹੇ ਹਨ, ਤਾਂ ਜੋ ਮੁੱਖ ਸਪਲਾਇਰਾਂ ਅਤੇ ਸਥਾਨਕ ਖ਼ਰੀਦਦਾਰਾਂ ਨੂੰ ਬੇਨਕਾਬ ਕੀਤਾ ਜਾ ਸਕੇ। ਇਸ ਦੇ ਨਾਲ ਹੀ ਮੁਲਜ਼ਮਾਂ ਦੇ ਵਿੱਤੀ ਲੈਣ-ਦੇਣ ਅਤੇ ਨਸ਼ੇ ਦੀ ਕਾਲੀ ਕਮਾਈ ਨਾਲ ਬਣਾਈਆਂ ਗਈਆਂ ਚੱਲ-ਅਚੱਲ ਜਾਇਦਾਦਾਂ ਦੀ ਵੀ ਬਾਰੀਕੀ ਨਾਲ ਜਾਂਚ ਕੀਤੀ ਜਾਵੇਗੀ, ਜਿਨ੍ਹਾਂ ਨੂੰ ਕਾਨੂੰਨ ਤਹਿਤ ਫ੍ਰੀਜ਼ ਜਾਂ ਜ਼ਬਤ ਕਰਨ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।