ਸਿੱਖ ਨੌਜਵਾਨ ਉਤੇ ਕੈਨੇਡਾ ’ਚ ਨਸਲੀ ਹਮਲਾ, ਉਤਾਰੀ ਦਸਤਾਰ, ਸਿਰ ’ਤੇ ਡੋਲ੍ਹੀ ਬੀਅਰ

ਸਿੱਖ ਨੌਜਵਾਨ ਉਤੇ ਕੈਨੇਡਾ ’ਚ ਨਸਲੀ ਹਮਲਾ, ਉਤਾਰੀ ਦਸਤਾਰ, ਸਿਰ ’ਤੇ ਡੋਲ੍ਹੀ ਬੀਅਰ

ਕੈਨੇਡਾ ਦੇ ਸੂਬੇ ਓਨਟਾਰੀਓ ਦੇ ਸ਼ਹਿਰ ਬੈਰੀ ਵਿਖੇ ਜਨਤਕ ਬੱਸ ਵਿਚ ਸਫ਼ਰ ਕਰ ਰਹੇ ਇਕ 22 ਸਾਲਾ ਸਿੱਖ ਨੌਜਵਾਨ ਨਾਲ ਨਸਲੀ ਬਦਸਲੂਕੀ ਕਰਨ, ਉਸ ਦੀ ਦਸਤਾਰ ਉਤਾਰਨ, ਸਿਰ ’ਤੇ ਬੀਅਰ ਡੋਲ੍ਹਣ ਅਤੇ ਕੁੱਟਮਾਰ ਕਰਨ ਦੇ ਮਾਮਲੇ ਵਿਚ ਸਥਾਨਕ ਪੁਲਿਸ ਨੇ ਇਕ ਨਾਬਾਲਗ਼ ਸਣੇ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਉਮਰ 16, 18 ਅਤੇ 19 ਸਾਲ ਦਸੀ ਗਈ ਹੈ, ਜਿਨ੍ਹਾਂ ਵਿਰੁਧ ਕੈਨੇਡੀਅਨ ਕਾਨੂੰਨ ਤਹਿਤ ‘ਨਫ਼ਰਤੀ ਅਪਰਾਧ’ ਦੀਆਂ ਸਖ਼ਤ ਧਾਰਾਵਾਂ ਲਗਾਈਆਂ ਗਈਆਂ ਹਨ।

ਬੈਰੀ ਪੁਲਿਸ ਸਰਵਿਸ ਵਲੋਂ ਜਾਰੀ ਜਾਣਕਾਰੀ ਮੁਤਾਬਕ ਇਹ ਮੰਦਭਾਗੀ ਘਟਨਾ 8 ਨਵੰਬਰ ਦੀ ਰਾਤ ਨੂੰ ਕਰੀਬ 8:30 ਵਜੇ ਯੋਂਗ ਸਟਰੀਟ ’ਤੇ ਚਲ ਰਹੀ ਬੈਰੀ ਟਰਾਂਜ਼ਿਟ ਬੱਸ ਵਿਚ ਵਾਪਰੀ। ਪੁਲਿਸ ਅਨੁਸਾਰ ਬੱਸ ਵਿਚ ਸਵਾਰ ਤਿੰਨ ਨੌਜਵਾਨਾਂ ਨੇ ਪਹਿਲਾਂ 22 ਸਾਲਾ ਸਿੱਖ ਨੌਜਵਾਨ ਨੂੰ ਤੰਗ-ਪ੍ਰੇਸ਼ਾਨ ਕਰਨਾ ਸ਼ੁਰੂ ਕੀਤਾ। ਇਸ ਤੋਂ ਬਾਅਦ ਇਕ ਮੁਲਜ਼ਮ ਨੇ ਜ਼ਬਰਦਸਤੀ ਨੌਜਵਾਨ ਦੀ ਦਸਤਾਰ ਉਤਾਰ ਦਿਤੀ ਅਤੇ ਉਸ ਦੇ ਸਿਰ ਉਤੇ ਬੀਅਰ ਡੋਲ੍ਹ ਦਿਤੀ। ਜਦੋਂ ਪੀੜਤ ਨੇ ਪੁਲਿਸ ਨੂੰ ਸੂਚਿਤ ਕਰਨ ਲਈ ਅਪਣਾ ਮੋਬਾਈਲ ਫ਼ੋਨ ਕਢਿਆ ਤਾਂ ਮੁਲਜ਼ਮਾਂ ਨੇ ਫ਼ੋਨ ਖੋਹ ਕੇ ਜ਼ਮੀਨ ’ਤੇ ਸੁੱਟ ਦਿਤਾ। ਮਦਦ ਲਈ ਬੱਸ ਡਰਾਈਵਰ ਵੱਲ ਵਧਣ ’ਤੇ ਦੋ ਮੁਲਜ਼ਮਾਂ ਨੇ ਨੌਜਵਾਨ ਨੂੰ ਫੜ ਲਿਆ ਅਤੇ ਤੀਜੇ ਨੇ ਉਸ ਦੇ ਚਿਹਰੇ ਅਤੇ ਸਰੀਰ ’ਤੇ ਮੁੱਕੇ ਮਾਰੇ।

ਪੁਲਿਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਇਸ ਵਾਰਦਾਤ ਤੋਂ ਕਰੀਬ ਇਕ ਘੰਟਾ ਪਹਿਲਾਂ (ਸ਼ਾਮ 7:15 ਵਜੇ) ਇਨ੍ਹਾਂ ਹੀ ਤਿੰਨਾਂ ਮੁਲਜ਼ਮਾਂ ਨੇ ਐਸਾ ਰੋਡ ਨੇੜੇ ਇਕ ਹੋਰ ਸਿਟੀ ਬੱਸ ਵਿਚ ਸਵਾਰ 26 ਸਾਲਾ ਨੌਜਵਾਨ ਨਾਲ ਵੀ ਨਸਲੀ ਟਿਪਣੀਆਂ ਕਰਦਿਆਂ ਥੱਪੜ ਮਾਰੇ ਸਨ ਅਤੇ ਉਸ ਨੂੰ ਧੱਕਾ ਦੇ ਕੇ ਬੱਸ ਤੋਂ ਹੇਠਾਂ ਸੁੱਟ ਦਿਤਾ ਸੀ। ਦੂਜੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਬੱਸ ’ਚੋਂ ਉਤਰ ਕੇ ਇਕ ਟੈਕਸੀ ਰਾਹੀਂ ਫ਼ਰਾਰ ਹੋ ਗਏ ਸਨ, ਪਰ ਪੁਲਿਸ ਨੇ ਤੁਰਤ ਕਾਰਵਾਈ ਕਰਦਿਆਂ ਰਾਤ 9 ਵਜੇ ਦੇ ਕਰੀਬ ਸਿਮਕੋ ਅਤੇ ਮੁਲਕਾਸਟਰ ਸਟਰੀਟ ਇਲਾਕੇ ’ਚੋਂ ਟੈਕਸੀ ਨੂੰ ਘੇਰ ਕੇ ਤਿੰਨਾਂ ਨੂੰ ਕਾਬੂ ਕਰ ਲਿਆ।

ਪੁਲਿਸ ਮੁਤਾਬਕ ਦੋਵਾਂ ਪੀੜਤਾਂ ਨੂੰ ਕੋਈ ਗੰਭੀਰ ਸਰੀਰਕ ਸੱਟ ਨਹੀਂ ਲੱਗੀ ਹੈ ਅਤੇ ਨਾਬਾਲਗ ਮੁਲਜ਼ਮ ਦੀ ਪਛਾਣ ਕਾਨੂੰਨੀ ਨਿਯਮਾਂ ਤਹਿਤ ਗੁਪਤ ਰੱਖੀ ਗਈ ਹੈ। ਦੂਜੇ ਪਾਸੇ, ਇਸ ਘਟਨਾ ਨੂੰ ਲੈ ਕੇ ਸਿੱਖ ਭਾਈਚਾਰੇ ਅਤੇ ਕੈਨੇਡੀਅਨ ਆਗੂਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਓਨਟਾਰੀਓ ਦੇ ਸਿਟੀਜ਼ਨਸ਼ਿਪ ਅਤੇ ਮਲਟੀਕਲਚਰਲਿਜ਼ਮ ਮੰਤਰੀ ਗ੍ਰਾਹਮ ਮੈਕਗ੍ਰੈਗਰ ਨੇ ਇਸ ਹਮਲੇ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਦਸਤਾਰ ਸਿੱਖ ਧਰਮ ਦਾ ਪਵਿੱਤਰ ਚਿੰਨ੍ਹ ਹੈ ਅਤੇ ਅਜਿਹੀਆਂ ਹਰਕਤਾਂ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਇਸੇ ਤਰ੍ਹਾਂ ਵਰਲਡ ਸਿੱਖ ਆਰਗੇਨਾਈਜ਼ੇਸ਼ਨ ਅਤੇ ਹਿੰਦੂ-ਸਿੱਖ ਯੂਨਿਟੀ ਫ਼ੋਰਮ ਨੇ ਵੀ ਘਟਨਾ ’ਤੇ ਡੂੰਘੀ ਚਿੰਤਾ ਪ੍ਰਗਟਾਉਂਦਿਆਂ ਪ੍ਰਸ਼ਾਸਨ ਤੋਂ ਘੱਟ-ਗਿਣਤੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਅਤੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਹੈ।