ਨਿਤਿਨ ਨਬੀਨ 18 ਨਵੰਬਰ ਨੂੰ ਪੰਜਾਬ ਆਉਣਗੇ , ਜਲੰਧਰ ਤੋਂ ਇਹ ਵੱਡੀ ਯਾਤਰਾ ਨਿਕਲ ਵਾਰਾਣਸੀ ਜਾਵੇਗੀ

ਨਿਤਿਨ ਨਬੀਨ 18 ਨਵੰਬਰ ਨੂੰ ਪੰਜਾਬ ਆਉਣਗੇ , ਜਲੰਧਰ ਤੋਂ ਇਹ ਵੱਡੀ ਯਾਤਰਾ ਨਿਕਲ ਵਾਰਾਣਸੀ ਜਾਵੇਗੀ

ਪੰਜਾਬ 'ਚ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ ਅਤੇ ਭਾਜਪਾ ਨੇ ਸੂਬੇ ਵਿੱਚ ਆਪਣੀ ਗਤੀਵਿਧੀ ਵਧਾ ਦਿੱਤੀ ਹੈ। ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ 18 ਨਵੰਬਰ ਨੂੰ ਪੰਜਾਬ ਦੌਰੇ 'ਤੇ ਆ ਰਹੇ ਹਨ। ਆਪਣੇ ਇਸ ਦੌਰੇ ਦੌਰਾਨ ਉਹ ਜਲੰਧਰ ਤੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ 650ਵੀਂ ਜਯੰਤੀ ਦੇ ਸਬੰਧ 'ਚ ਆਯੋਜਿਤ ਹੋਣ ਵਾਲੀ ‘ਸਮਰਸਤਾ ਸੰਕਲਪ ਯਾਤਰਾ’ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕਰਨਗੇ। ਇਹ ਯਾਤਰਾ ਜਲੰਧਰ ਦੇ ਪ੍ਰਸਿੱਧ ਧਾਰਮਿਕ ਕੇਂਦਰ ਡੇਰਾ ਸੱਚਖੰਡ ਬੱਲਾਂ ਤੋਂ ਸ਼ੁਰੂ ਹੋਵੇਗੀ ਅਤੇ ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿਖੇ 3 ਦਸੰਬਰ ਨੂੰ ਇਸ ਦਾ ਵਿਸ਼ਾਲ ਸਮਾਪਨ ਹੋਵੇਗਾ। ਲਗਭਗ 2,558 ਕਿਲੋਮੀਟਰ ਲੰਬੀ ਇਹ ਯਾਤਰਾ 7 ਸੂਬੇ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚੋਂ ਲੰਘੇਗੀ। ਇਸ ਯਾਤਰਾ ਦਾ ਉਦੇਸ਼ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਸਮਾਜਿਕ ਬਰਾਬਰੀ, ਆਪਸੀ ਭਾਈਚਾਰੇ, ਮਾਨਵ ਕਲਿਆਣ ਅਤੇ ਸਦਭਾਵਨਾ ਦੇ ਸੰਦੇਸ਼ ਨੂੰ ਆਮ ਲੋਕਾਂ ਤੱਕ ਪਹੁੰਚਾਉਣਾ ਹੈ।

ਭਾਜਪਾ ਪੰਜਾਬ ਵਿੱਚ ਕੇਵਲ ਸਿਆਸੀ ਰੈਲੀਆਂ ਤੱਕ ਸੀਮਤ ਨਾ ਰਹਿ ਕੇ ਸਮਾਜਿਕ ਅਤੇ ਸੱਭਿਆਚਾਰਕ ਸਾਂਝ ਬਣਾਉਣ ਦੀ ਰਣਨੀਤੀ ਅਪਣਾ ਰਹੀ ਹੈ। ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਦੇ ਦੌਰੇ ਨਾਲ ਪਾਰਟੀ ਇਹ ਸੁਨੇਹਾ ਦੇਣਾ ਚਾਹੁੰਦੀ ਹੈ ਕਿ ਉਹ 2027 ਦੀਆਂ ਚੋਣਾਂ ਪੂਰੀ ਗੰਭੀਰਤਾ ਨਾਲ ਲੜੇਗੀ।

ਪੰਜਾਬ 'ਚ ਅਨੁਸੂਚਿਤ ਜਾਤੀ ਵਰਗ ਦੀ ਵੱਡੀ ਆਬਾਦੀ ਨੂੰ ਧਿਆਨ 'ਚ ਰੱਖਦੇ ਭਾਜਪਾ ਸ੍ਰੀ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਰਾਹੀਂ ਦਲਿਤ ਭਾਈਚਾਰੇ 'ਚ ਆਪਣਾ ਸਮਾਜਿਕ ਆਧਾਰ ਮਜ਼ਬੂਤ ਕਰਨਾ ਚਾਹੁੰਦੀ ਹੈ। ਉਥੇ ਹੀ ਪਿਛਲੀਆਂ ਚੋਣਾਂ 'ਚ ਅਨੁਸੂਚਿਤ ਜਾਤੀ ਦੇ ਵੋਟਰਾਂ ਦਾ ਵੱਡਾ ਸਮਰਥਨ ਹਾਸਲ ਕਰਨ ਵਾਲੀ ਆਮ ਆਦਮੀ ਪਾਰਟੀ ਦੇ ਵੋਟ ਬੈਂਕ 'ਚ ਸੇਂਧ ਲਗਾਉਣ ਲਈ ਭਾਜਪਾ ਨੇ ਸਮਾਜਿਕ ਸਮਰਸਤਾ ਦਾ ਦਾਅ ਖੇਡਿਆ ਹੈ।

ਪੰਜਾਬ ਅਤੇ ਵਾਰਾਣਸੀ (ਉੱਤਰ ਪ੍ਰਦੇਸ਼) ਦੋਵੇਂ ਹੀ ਸ੍ਰੀ ਗਰੂ ਰਵਿਦਾਸ ਮਹਾਰਾਜ ਜੀ ਦੇ ਸ਼ਰਧਾਲੂਆਂ ਲਈ ਆਸਥਾ ਦੇ ਸਭ ਤੋਂ ਵੱਡੇ ਕੇਂਦਰ ਹਨ। ਜਲੰਧਰ ਤੋਂ ਕੱਢੀ ਜਾਣ ਵਾਲੀ 'ਸਮਰਸਤਾ ਸੰਕਲਪ ਯਾਤਰਾ' ਰਾਹੀਂ ਭਾਜਪਾ ਦੋਵਾਂ ਸੂਬਿਆਂ ਦੇ ਦਲਿਤ ਭਾਈਚਾਰੇ ਨੂੰ ਇੱਕਜੁੱਟ ਕਰਨ ਦਾ ਯਤਨ ਕਰ ਰਹੀ ਹੈ।