NUCFDC ਦੀ ਸ਼ੁਰੂਆਤ ਕੀਤੀ ਅਮਿਤ ਸ਼ਾਹ ਨੇ ; ਹਰ ਸ਼ਹਿਰ ’ਚ ਇਕ ਸਹਿਕਾਰੀ ਬੈਂਕ ਸਥਾਪਤ ਕਰਨ ਦਾ ਟੀਚਾ

  NUCFDC ਦੀ ਸ਼ੁਰੂਆਤ ਕੀਤੀ ਅਮਿਤ ਸ਼ਾਹ ਨੇ ; ਹਰ ਸ਼ਹਿਰ ’ਚ ਇਕ ਸਹਿਕਾਰੀ ਬੈਂਕ ਸਥਾਪਤ ਕਰਨ ਦਾ ਟੀਚਾ

ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਸ਼ਨਿਚਰਵਾਰ ਨੂੰ ਰਾਸ਼ਟਰੀ ਸ਼ਹਿਰੀ ਸਹਿਕਾਰੀ ਵਿੱਤ ਅਤੇ ਵਿਕਾਸ ਨਿਗਮ (NUCFDC) ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਸੰਸਥਾ ਨੂੰ ਹਰ ਸ਼ਹਿਰ ਵਿਚ ਇਕ ਅਰਬਨ ਕੋ-ਆਪਰੇਟਿਵ ਬੈਂਕ ਸਥਾਪਤ ਕਰਨ ਲਈ ਵੀ ਕਿਹਾ। ਆਰਬੀਆਈ ਨੇ NUCFDC ਨੂੰ ਗੈਰ-ਬੈਂਕਿੰਗ ਵਿੱਤ ਕੰਪਨੀ ਅਤੇ ਸ਼ਹਿਰੀ ਸਹਿਕਾਰੀ ਬੈਂਕਿੰਗ ਸੈਕਟਰ ਲਈ ਇਕ ਸਵੈ-ਨਿਯੰਤ੍ਰਕ ਸੰਸਥਾ ਵਜੋਂ ਕੰਮ ਕਰਨ ਲਈ ਮਨਜ਼ੂਰੀ ਦੇ ਦਿਤੀ ਹੈ।

ਇਸ ਮੌਕੇ ਸ਼ਾਹ ਨੇ ਕਿਹਾ, 'ਐਨਯੂਸੀਐਫਡੀਸੀ ਦੀ ਸਥਾਪਨਾ 20 ਸਾਲਾਂ ਬਾਅਦ ਹੋਈ ਹੈ। ਇਹ ਸਮੇਂ ਦੀ ਲੋੜ ਹੈ। ਮੈਨੂੰ ਖੁਸ਼ੀ ਹੈ ਕਿ ਆਰਬੀਆਈ ਨੇ ਇਸ ਲਈ ਮਨਜ਼ੂਰੀ ਦੇ ਦਿਤੀ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿਚ ਸ਼ਹਿਰੀ ਸਹਿਕਾਰੀ ਬੈਂਕ ਲੰਬੇ ਸਮੇਂ ਤੋਂ ਕੰਮ ਕਰ ਰਹੇ ਹਨ, ਪਰ ਉਹ ਤੇਜ਼ੀ ਨਾਲ ਵਿਕਾਸ ਨਹੀਂ ਕਰ ਸਕੇ।

ਸ਼ਾਹ ਨੇ ਅੱਗੇ ਕਿਹਾ ਕਿ ਇਹ ਬੈਂਕ ਦੇਸ਼ ਦੇ ਆਰਥਿਕ ਵਿਕਾਸ ਵਿਚ ਅਹਿਮ ਭੂਮਿਕਾ ਨਿਭਾ ਸਕਦੇ ਹਨ। NUCFDC ਦਾ ਮੁੱਖ ਉਦੇਸ਼ ਸ਼ਹਿਰੀ ਸਹਿਕਾਰੀ ਬੈਂਕਾਂ ਨੂੰ ਬੈਂਕਿੰਗ ਰੈਗੂਲੇਸ਼ਨ ਐਕਟ ਦੀ ਪਾਲਣਾ ਕਰਨ ਵਿਚ ਮਦਦ ਕਰਨਾ ਅਤੇ ਉਨ੍ਹਾਂ ਨੂੰ ਪੇਸ਼ੇਵਰ ਬਣਾਉਣਾ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿਚ 1,500 ਤੋਂ ਵੱਧ ਸ਼ਹਿਰੀ ਸਹਿਕਾਰੀ ਬੈਂਕ ਹਨ ਜਿਨ੍ਹਾਂ ਦੀਆਂ ਕੁੱਲ 11,000 ਸ਼ਾਖਾਵਾਂ ਹਨ ਅਤੇ 5 ਲੱਖ ਕਰੋੜ ਰੁਪਏ ਦੇ ਜਮ੍ਹਾਂ ਹਨ। ਇਸ ਪ੍ਰੋਗਰਾਮ ਵਿਚ ਸਹਿਕਾਰਤਾ ਰਾਜ ਮੰਤਰੀ ਬੀਐਲ ਵਰਮਾ, ਵਿੱਤ ਰਾਜ ਮੰਤਰੀ ਭਗਵਤ ਕਿਸ਼ਨ ਰਾਓ ਕਰਾੜ, ਸਹਿਕਾਰਤਾ ਸਕੱਤਰ ਆਸ਼ੀਸ਼ ਭੂਟਾਨੀ ਅਤੇ ਐਨਯੂਸੀਐਫਡੀਸੀ ਦੇ ਚੇਅਰਮੈਨ ਜਯੋਤਿੰਦਰ ਮਹਿਤਾ ਮੌਜੂਦ ਸਨ।