ਬਲਵਿੰਦਰ ਸਿੰਘ ਢਿੱਲੋਂ ਨੇ ਸਲੋਹ ''ਚ ਕਰਾਈ ਬੱਲੇ-ਬੱਲੇ,ਰਚਿਆ ਇਤਿਹਾਸ,ਬਣੇ ਪਹਿਲੇ ਸਿੱਖ ਮੇਅਰ

ਬਲਵਿੰਦਰ ਸਿੰਘ ਢਿੱਲੋਂ ਨੇ ਸਲੋਹ ''ਚ ਕਰਾਈ ਬੱਲੇ-ਬੱਲੇ,ਰਚਿਆ ਇਤਿਹਾਸ,ਬਣੇ ਪਹਿਲੇ ਸਿੱਖ ਮੇਅਰ

ਸਥਾਨਕ ਸ਼ਹਿਰ ਸਲੋਹ ਵਿੱਚ ਕੰਜ਼ਰਵੇਟਿਵ ਪਾਰਟੀ ਦੇ ਕੌਂਸਲਰ ਬਲਵਿੰਦਰ ਸਿੰਘ ਢਿੱਲੋਂ ਨੇ ਪਹਿਲੇ ਸਿੱਖ ਮੇਅਰ ਬਣ ਕੇ ਇਤਿਹਾਸ ਰਚ ਦਿੱਤਾ ਹੈ। ਸਲੋਹ ਵਿੱਚ ਕੰਜ਼ਰਵੇਟਿਵ ਪਾਰਟੀ ਤੇ ਲਿਬਰਲ ਡੈਮੋਕਰੇਟਸ ਪਾਰਟੀਆਂ ਵਿੱਚ ਆਪਸੀ ਗਠਜੋੜ ਸਰਕਾਰ ਹੈ ਤੇ ਕੰਜ਼ਰਵੇਟਿਵ ਪਾਰਟੀ ਵੱਲੋਂ ਕੌਂਸਲਰ ਬਲਵਿੰਦਰ ਸਿੰਘ ਢਿੱਲੋਂ ਨੂੰ ਮੇਅਰ ਬਣਾਇਆ ਗਿਆ ਹੈ।

            Image

ਬਲਵਿੰਦਰ ਢਿੱਲੋਂ ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਕੋਟ ਜਸਪਤ ਦੇ ਰਹਿਣ ਵਾਲੇ ਹਨ ਜੋ ਕਰੀਬ 50 ਸਾਲ ਪਹਿਲਾਂ ਪੰਜਾਬ ਤੋਂ ਇੰਗਲੈਂਡ ਆਏ ਸਨ। ਸਲੋਹ ਦੇ ਮੇਅਰ ਦਫ਼ਤਰ ਵਿੱਚ ਹੋਈ ਮੇਅਰ ਚੋਣ ਦੌਰਾਨ ਕੌਂਸਲਰ ਢਿੱਲੋਂ ਨੇ ਲੇਬਰ ਦੇ ਕੌਂਸਲਰ ਡਾਰ ਨੂੰ ਸ਼ਿਕਸਤ ਦਿੱਤੀ ਸੀ। ਇਸ ਮੌਕੇ ਲੇਬਰ ਦੇ 18 ਕੌਂਸਲਰਾ ਵਿੱਚੋਂ 16 ਮੈਂਬਰ ਹੀ ਹਾਜ਼ਰ ਰਹੇ। 

ਇਸ ਉਪਰੰਤ ਸਾਦੇ ਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਮੇਅਰ ਕੌਂਸਲਰ ਬਲਵਿੰਦਰ ਸਿੰਘ ਢਿੱਲੋਂ ਤੇ ਲਿਬਰਲ ਡੈਮੋਕਰੇਟਸ ਦੇ ਡਿਪਟੀ ਮੇਅਰ ਕੌਂਸਲਰ ਅਸੀਮ ਨਵੀਦ ਵੱਲੋਂ ਸਰਕਾਰੀ ਭੇਦ ਗੁਪਤ ਰੱਖਣ ਦੀ ਰਸਮ ਅਦਾ ਕੀਤੀ ਗਈ। ਸਲੋਹ ਸ਼ਹਿਰ ਅੰਦਰ ਬੀਤੇ ਕਈ ਸਾਲਾਂ ਤੋਂ ਲੇਬਰ ਪਾਰਟੀ ਦਾ ਬਹੁਮਤ ਬਰਕਰਾਰ ਰਿਹਾ ਹੈ ਪਰ ਬੀਤੇ ਵਰ੍ਹੇ ਹੋਈਆ ਚੌਣਾਂ ਦੌਰਾਨ ਕੰਜ਼ਰਵੇਟਿਵ ਪਾਰਟੀ ਦੇ 21 ਕੌਂਸਲਰ, ਲੇਬਰ ਪਾਰਟੀ ਦੇ 18 ਕੌਂਸਲਰ ਤੇ 3 ਲਿਬਰਲ ਡੈਮੋਕਰੇਟਸ ਕੌਂਸਲਰ ਜਿੱਤੇ ਸਨ ਤੇ ਕੰਜ਼ਰਵੇਟਿਵ ਪਾਰਟੀ ਤੇ ਲਿਬਰਲ ਡੈਮੋਕਰੇਟਸ ਪਾਰਟੀਆਂ ਨੇ ਆਪਸੀ ਗਠਜੋੜ ਕਰ ਕੇ ਲੇਬਰ ਕਬਜ਼ੇ ਵਾਲੇ ਸ਼ਹਿਰ ਵਿੱਚ ਸਰਕਾਰ ਬਣਾ ਕੇ ਇਤਿਹਾਸ ਰਚਿਆ ਸੀ। 

                 Image

ਇਸ ਮੌਕੇ ਸਲੋਹ ਦੇ ਕੌਂਸਲਰਾਂ ਤੋਂ ਇਲਾਵਾ ਸਾਬਕਾ ਕੌਂਸਲਰ ਗੁਰਦੀਪ ਸਿੰਘ ਗਰੇਵਾਲ, ਜਸਵੰਤ ਸਿੰਘ ਢਿੱਲੋਂ, ਕੌਂਸਲਰ ਇਸਰਤ ਸ਼ਾਹ, ਸਾਬਕਾ ਮੇਅਰ ਮੇਵਾ ਸਿੰਘ ਮਾਨ ਤੇ ਰਵੀ ਬੌਲਾਨੀਆ ਸਮੇਤ ਵੱਡੀ ਗਿਣਤੀ ਵਿੱਚ ਰਿਸ਼ਤੇਦਾਰ ਤੇ ਦੋਸਤ ਹਾਜ਼ਰ ਸਨ। ਇਸ ਮੌਕੇ ਲੇਬਰ ਪਾਰਟੀ ਦੇ ਐੱਮ.ਪੀ. ਤਨਮਨਜੀਤ ਸਿੰਘ ਢੇਸੀ ਵੀ ਮੋਜੂਦ ਸਨ।